ਪਉੜੀ ॥
Pauree:
ਪਉੜੀ।
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥
In hope, there is very great pain; the self-willed manmukh focuses his consciousness on it.
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ (ਭਾਵ, ਆਸਾਂ ਬਣਾਂਦਾ ਰਹਿੰਦਾ ਹੈ, ਪਰ) ਆਸਾਂ (ਚਿਤਵਨ) ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ। ਅਤਿ ਘਣਾ = ਬਹੁਤ ਵਧੀਕ। ਮਨਮੁਖਿ = ਮਨ ਦਾ ਮੁਰੀਦ ਮਨੁੱਖ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ।
ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥
The Gurmukhs become desireless, and attain supreme peace.
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ; ਨਿਰਾਸ = (ਨਿਰ-ਆਸ) ਆਸਾਂ ਤੋਂ ਨਿਰਾਲੇ। ਪਰਮ = ਸਭ ਤੋਂ ਉੱਚਾ।
ਵਿਚੇ ਗਿਰਹ ਉਦਾਸ ਅਲਿਪਤ ਲਿਵ ਲਾਇਆ ॥
In the midst of their household, they remain detached; they are lovingly attuned to the Detached Lord.
ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ, ਗਿਰਹ = ਘਰ, ਗ੍ਰਿਹਸਤ। ਵਿਚੇ = ਵਿਚ ਹੀ। ਅਲਿਪਤ = (ਅ-ਲਿਪਤ) ਜੋ ਲਿਪੇ ਨਹੀਂ ਜਾਂਦੇ, ਜਿਨ੍ਹਾਂ ਉਤੇ ਅਸਰ ਨਹੀਂ ਹੁੰਦਾ, ਨਿਰਾਲੇ, ਅਛੋਹ।
ਓਨਾ ਸੋਗੁ ਵਿਜੋਗੁ ਨ ਵਿਆਪਈ ਹਰਿ ਭਾਣਾ ਭਾਇਆ ॥
Sorrow and separation do not cling to them at all. They are pleased with the Lord's Will.
ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੋ, ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ; ਓਨ੍ਹ੍ਹਾ = (ਅੱਖਰ 'ਨ' ਦੇ ਹੇਠ ਅੱਧਾ 'ਹ' ਹੈ)। ਸੋਗੁ = ਅਫ਼ਸੋਸ, ਚਿੰਤਾ। ਵਿਜੋਗੁ = ਵਿਛੋੜਾ। ਨ ਵਿਆਪਈ = ਨਾਹ ਵਿਆਪੇ, ਦਬਾਅ ਨਹੀਂ ਪਾਂਦਾ। ਭਾਣਾ = ਰਜ਼ਾ। ਭਾਇਆ = ਚੰਗਾ ਲੱਗਦਾ ਹੈ।
ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥੩੧॥
O Nanak, they remain forever immersed in the Primal Lord, who blends them with Himself. ||31||
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ॥੩੧॥ ਰਵਿ ਰਹੇ = ਰਲੇ-ਮਿਲੇ ਰਹਿੰਦੇ ਹਨ। ਧੁਰਿ = ਧੁਰੋਂ, ਹਜ਼ੂਰੀ ਤੋਂ। ਸੇਤੀ = ਨਾਲ ॥੩੧॥