ਬਿਲਾਵਲੁ ਬਾਣੀ ਰਵਿਦਾਸ ਭਗਤ ਕੀ ॥
Bilaaval, The Word Of Devotee Ravi Daas:
ਰਾਗ ਬਿਲਾਵਲੁ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦਾਰਿਦੁ ਦੇਖਿ ਸਭ ਕੋ ਹਸੈ ਐਸੀ ਦਸਾ ਹਮਾਰੀ ॥
Seeing my poverty, everyone laughed. Such was my condition.
ਹਰੇਕ ਬੰਦਾ (ਕਿਸੇ ਦੀ) ਗ਼ਰੀਬੀ ਵੇਖ ਕੇ ਮਖ਼ੌਲ ਕਰਦਾ ਹੈ, (ਤੇ) ਇਹੋ ਜਿਹੀ ਹਾਲਤ ਹੀ ਮੇਰੀ ਭੀ ਸੀ (ਕਿ ਲੋਕ ਮੇਰੀ ਗ਼ਰੀਬੀ ਤੇ ਠੱਠੇ ਕਰਿਆ ਕਰਦੇ ਸਨ), ਦਾਰਿਦੁ = ਗ਼ਰੀਬੀ। ਸਭ ਕੋ = ਹਰੇਕ ਬੰਦਾ। ਹਸੈ = ਮਖ਼ੌਲ ਕਰਦਾ ਹੈ।
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥੧॥
Now, I hold the eighteen miraculous spiritual powers in the palm of my hand; everything is by Your Grace. ||1||
ਪਰ ਹੁਣ ਅਠਾਰਾਂ ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ (ਨੱਚਦੀਆਂ) ਹਨ; ਹੇ ਪ੍ਰਭੂ! ਇਹ ਸਾਰੀ ਤੇਰੀ ਹੀ ਮਿਹਰ ਹੈ ॥੧॥ ਦਸਾ = ਦਸ਼ਾ, ਹਾਲਤ। ਅਸਟ ਦਸਾ = ਅਠਾਰਾਂ {ਅੱਠ ਤੇ ਦਸ}। ਕਰ ਤਲੈ = ਹੱਥ ਦੀ ਤਲੀ ਉਤੇ, ਇਖ਼ਤਿਆਰ ਵਿਚ ॥੧॥
ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥
You know, and I am nothing, O Lord, Destroyer of fear.
ਹੇ ਜੀਵਾਂ ਦੇ ਜਨਮ-ਮਰਨ ਦਾ ਗੇੜ ਨਾਸ ਕਰਨ ਵਾਲੇ ਰਾਮ! ਤੂੰ ਜਾਣਦਾ ਹੈਂ ਕਿ ਮੇਰੀ ਆਪਣੀ ਕੋਈ ਪਾਂਇਆਂ ਨਹੀਂ ਹੈ। ਮੈ ਕਿਛੁ ਨਹੀ = ਮੇਰੀ ਕੋਈ ਪਾਂਇਆਂ ਨਹੀਂ। ਭਵਖੰਡਨ = ਹੇ ਜਨਮ ਮਰਨ ਨਾਸ ਕਰਨ ਵਾਲੇ!
ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥੧॥ ਰਹਾਉ ॥
All beings seek Your Sanctuary, O God, Fulfiller, Resolver of our affairs. ||1||Pause||
ਹੇ ਸਭ ਦੀ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ! ਸਾਰੇ ਜੀਆ ਜੰਤ ਤੇਰੀ ਹੀ ਸਰਨ ਆਉਂਦੇ ਹਨ (ਮੈਂ ਗ਼ਰੀਬ ਭੀ ਤੇਰੀ ਹੀ ਸ਼ਰਨ ਹਾਂ) ॥੧॥ ਰਹਾਉ ॥ ਜੀਅ = ਜੀਵ। ਪੂਰਨ ਕਾਮ = ਹੇ ਸਭ ਦੀ ਕਾਮਨਾ ਪੂਰਨ ਕਰਨ ਵਾਲੇ! ॥੧॥ ਰਹਾਉ ॥
ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥
Whoever enters Your Sanctuary, is relieved of his burden of sin.
ਜੋ ਜੋ ਭੀ ਤੇਰੀ ਸ਼ਰਨ ਆਉਂਦੇ ਹਨ, ਉਹਨਾਂ (ਦੀ ਆਤਮਾ) ਉੱਤੋਂ (ਵਿਕਾਰਾਂ ਦਾ) ਭਾਰ ਨਹੀਂ ਰਹਿ ਜਾਂਦਾ। ਸਰਨਾਗਤਾ = ਸਰਨ ਆਏ ਹਨ। ਭਾਰੁ = ਬੋਝ (ਵਿਕਾਰਾਂ ਦਾ)।
ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥੨॥
You have saved the high and the low from the shameless world. ||2||
ਚਾਹੇ ਉੱਚੀ ਜਾਤਿ ਵਾਲੇ ਹੋਣ, ਚਾਹੇ ਨੀਵੀਂ ਜਾਤਿ ਦੇ, ਉਹ ਤੇਰੀ ਮਿਹਰ ਨਾਲ ਇਸ ਬਖੇੜਿਆਂ-ਭਰੇ ਸੰਸਾਰ (-ਸਮੁੰਦਰ) ਵਿਚੋਂ (ਸੌਖੇ ਹੀ) ਲੰਘ ਜਾਂਦੇ ਹਨ ॥੨॥ ਤੁਮ ਤੇ = ਤੇਰੀ ਮਿਹਰ ਨਾਲ। ਤੇ = ਤੋਂ। ਆਲਜੁ = {ਨੋਟ: ਇਸ ਲਫ਼ਜ਼ ਦੇ ਦੋ ਹਿੱਸੇ 'ਆਲ' ਅਤੇ 'ਜੁ' ਕਰਨੇ ਠੀਕ ਨਹੀਂ, ਵਖੋ ਵਖ ਕਰ ਕੇ ਪਾਠ ਕਰਨਾ ਹੀ ਅਸੰਭਵ ਹੋ ਜਾਂਦਾ ਹੈ। 'ਆਲਜੁ' ਦਾ ਅਰਥ 'ਅਲਜੁ' ਕਰਨਾ ਭੀ ਠੀਕ ਨਹੀਂ; 'ਆ' ਅਤੇ 'ਅ' ਵਿਚ ਬੜਾ ਫ਼ਰਕ ਹੈ। ਬਾਣੀ ਵਿਚ 'ਅਲਜੁ' ਲਫ਼ਜ਼ ਨਹੀਂ, 'ਨਿਰਲਜ' ਲਫ਼ਜ਼ ਹੀ ਆਇਆ ਹੈ। ਆਮ ਬੋਲੀ ਵਿਚ ਅਸੀਂ ਆਖਦੇ ਭੀ 'ਨਿਰਲਜ' ਹੀ ਹਾਂ} ਆਲ-ਜੁ। ਆਲ = ਆਲਯ, ਆਲਾ, ਘਰ, ਗ੍ਰਿਹਸਤ ਦਾ ਜੰਜਾਲਾ। ਆਲਜੁ = ਗ੍ਰਿਹਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਜੰਜਾਲਾਂ ਨਾਲ ਭਰਿਆ ਹੋਇਆ ॥੨॥
ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥
Says Ravi Daas, what more can be said about the Unspoken Speech?
ਰਵਿਦਾਸ ਆਖਦਾ ਹੈ-ਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ (ਤੂੰ ਕੰਗਾਲਾਂ ਨੂੰ ਭੀ ਸ਼ਹਨਸ਼ਾਹ ਬਣਾਉਣ ਵਾਲਾ ਹੈਂ), ਭਾਵੇਂ ਕਿਤਨਾ ਜਤਨ ਕਰੀਏ, ਤੇਰੇ ਗੁਣ ਕਹੇ ਨਹੀਂ ਜਾ ਸਕਦੇ; ਅਕਥ = ਅ-ਕਥ, ਬਿਆਨ ਤੋਂ ਪਰੇ। ਬਹੁ = ਬਹੁਤ ਗੱਲ। ਕਾਇ = ਕਾਹਦੇ ਲਈ?
ਜੈਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ ॥੩॥੧॥
Whatever You are, You are, O Lord; how can anything compare with Your Praises? ||3||1||
ਆਪਣੇ ਵਰਗਾ ਤੂੰ ਆਪ ਹੀ ਹੈਂ; (ਜਗਤ) ਵਿਚ ਕੋਈ ਐਸਾ ਨਹੀਂ ਜਿਸ ਨੂੰ ਤੇਰੇ ਵਰਗਾ ਕਿਹਾ ਜਾ ਸਕੇ ॥੩॥੧॥ ਉਪਮਾ = ਤਸ਼ਬੀਹ, ਬਰਾਬਰੀ, ਤੁਲਨਾ ॥੩॥੧॥