ਭੈਰਉ ਮਹਲਾ

Bhairao, Fifth Mehl:

ਭੈਰਉ ਪੰਜਵੀਂ ਪਾਤਿਸ਼ਾਹੀ।

ਚੀਤਿ ਆਵੈ ਤਾਂ ਮਹਾ ਅਨੰਦ

When He comes to mind, then I am in supreme bliss.

(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ, ਚੀਤਿ = ਚਿੱਤ ਵਿਚ। ਆਵੈ = (ਪਰਮਾਤਮਾ) ਆ ਵੱਸਦਾ ਹੈ।

ਚੀਤਿ ਆਵੈ ਤਾਂ ਸਭਿ ਦੁਖ ਭੰਜ

When He comes to mind, then all my pains are shattered.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਸਭਿ = ਸਾਰੇ। ਭੰਜ = ਨਾਸ।

ਚੀਤਿ ਆਵੈ ਤਾਂ ਸਰਧਾ ਪੂਰੀ

When He comes to mind, my hopes are fulfilled.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,

ਚੀਤਿ ਆਵੈ ਤਾਂ ਕਬਹਿ ਝੂਰੀ ॥੧॥

When He comes to mind, I never feel sadness. ||1||

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ॥੧॥ ਨ ਝੂਰੀ = ਚਿੰਤਾ ਫ਼ਿਕਰ ਨਹੀਂ ਕਰਦਾ ॥੧॥

ਅੰਤਰਿ ਰਾਮ ਰਾਇ ਪ੍ਰਗਟੇ ਆਇ

Deep within my being, my Sovereign Lord King has revealed Himself to me.

ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ, ਅੰਤਰਿ = (ਜਿਸ ਮਨੁੱਖ ਦੇ) ਹਿਰਦੇ ਵਿਚ। ਰਾਮਰਾਇ = ਪ੍ਰਭੂ-ਪਾਤਿਸ਼ਾਹ। ਆਇ = ਆ ਕੇ।

ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ

The Perfect Guru has inspired me to love Him. ||1||Pause||

ਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ॥੧॥ ਰਹਾਉ ॥ ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਰੰਗੁ = ਆਤਮਕ ਆਨੰਦ ॥੧॥ ਰਹਾਉ ॥

ਚੀਤਿ ਆਵੈ ਤਾਂ ਸਰਬ ਕੋ ਰਾਜਾ

When He comes to mind, I am the king of all.

(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ, ਕੋ = ਦਾ।

ਚੀਤਿ ਆਵੈ ਤਾਂ ਪੂਰੇ ਕਾਜਾ

When He comes to mind, all my affairs are completed.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਪੂਰੇ = ਸਿਰੇ ਚੜ੍ਹ ਜਾਂਦੇ ਹਨ।

ਚੀਤਿ ਆਵੈ ਤਾਂ ਰੰਗਿ ਗੁਲਾਲ

When He comes to mind, I am dyed in the deep crimson of His Love.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ, ਰੰਗਿ = ਰੰਗ ਵਿਚ।

ਚੀਤਿ ਆਵੈ ਤਾਂ ਸਦਾ ਨਿਹਾਲ ॥੨॥

When He comes to mind, I am ecstatic forever. ||2||

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ॥੨॥ ਨਿਹਾਲ = ਪ੍ਰਸੰਨ, ਖਿੜੇ-ਮੱਥੇ ॥੨॥

ਚੀਤਿ ਆਵੈ ਤਾਂ ਸਦ ਧਨਵੰਤਾ

When He comes to mind, I am wealthy forever.

(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ, ਸਦ = ਸਦਾ।

ਚੀਤਿ ਆਵੈ ਤਾਂ ਸਦ ਨਿਭਰੰਤਾ

When He comes to mind, I am free of doubt forever.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ, ਨਿਭਰੰਤਾ = ਭ੍ਰਾਂਤੀ ਤੋਂ ਬਿਨਾ, ਭਟਕਣਾ ਤੋਂ ਬਚ ਜਾਂਦਾ ਹੈ।

ਚੀਤਿ ਆਵੈ ਤਾਂ ਸਭਿ ਰੰਗ ਮਾਣੇ

When He comes to mind, then I enjoy all pleasures.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ,

ਚੀਤਿ ਆਵੈ ਤਾਂ ਚੂਕੀ ਕਾਣੇ ॥੩॥

When He comes to mind, I am rid of fear. ||3||

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥ ਚੂਕੀ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ ॥੩॥

ਚੀਤਿ ਆਵੈ ਤਾਂ ਸਹਜ ਘਰੁ ਪਾਇਆ

When He comes to mind, I find the home of peace and poise.

(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ, ਸਹਜ ਘਰੁ = ਆਤਮਕ ਅਡੋਲਤਾ ਦਾ ਟਿਕਾਣਾ।

ਚੀਤਿ ਆਵੈ ਤਾਂ ਸੁੰਨਿ ਸਮਾਇਆ

When He comes to mind, I am absorbed in the Primal Void of God.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ, ਸੁੰਨਿ = ਸੁੰਨ ਵਿਚ, ਉਸ ਅਵਸਥਾ ਵਿਚ ਜਿੱਥੇ ਮਾਇਕ ਫੁਰਨਿਆਂ ਵਲੋਂ ਸੁੰਞ ਹੀ ਸੁੰਞ ਹੈ, ਅਫੁਰ ਅਵਸਥਾ ਵਿਚ।

ਚੀਤਿ ਆਵੈ ਸਦ ਕੀਰਤਨੁ ਕਰਤਾ

When He comes to mind, I continually sing the Kirtan of His Praises.

ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ, ਕੀਰਤਨੁ = ਸਿਫ਼ਤ-ਸਾਲਾਹ।

ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥

Nanak's mind is pleased and satisfied with the Lord God. ||4||8||21||

ਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੪॥੮॥੨੧॥ ਮਾਨਿਆ = ਪਤੀਜ ਜਾਂਦਾ ਹੈ, ਗਿੱਝ ਜਾਂਦਾ ਹੈ ॥੪॥੮॥੨੧॥