ਨਟ ਮਹਲਾ ੪ ॥
Nat, Fourth Mehl:
ਨਟ ਚੌਥੀ ਪਾਤਸ਼ਾਹੀ।
ਰਾਮ ਕਰਿ ਕਿਰਪਾ ਲੇਹੁ ਉਬਾਰੇ ॥
Grant Your Grace, Lord, and save me,
ਹੇ ਮੇਰੇ ਰਾਮ! ਮਿਹਰ ਕਰ, (ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ (ਉਸੇ ਤਰ੍ਹਾਂ ਬਚਾ ਲੈ), ਰਾਮ = ਹੇ ਮੇਰੇ ਰਾਮ! ਲੇਹੁ ਉਬਾਰੇ = ਉਬਾਰਿ ਲੇਹੁ, ਮੈਨੂੰ ਬਚਾ ਲੈ।
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥੧॥ ਰਹਾਉ ॥
as You saved Dropadi from shame when she was seized and brought before the court by the evil villians. ||1||Pause||
ਜਿਵੇਂ (ਜਦੋਂ) ਦੁਸ਼ਟਾਂ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ (ਤਦੋਂ) ਹੇ ਹਰੀ! ਤੂੰ ਉਸ ਨੂੰ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ॥੧॥ ਰਹਾਉ ॥ ਪਕਰਿ = ਫੜ ਕੇ। ਆਨੀ = ਲਿਆਂਦੀ। ਲਾਜ = ਸ਼ਰਮ। ਲਾਜ ਨਿਵਾਰੇ = ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ॥੧॥ ਰਹਾਉ ॥
ਕਰਿ ਕਿਰਪਾ ਜਾਚਿਕ ਜਨ ਤੇਰੇ ਇਕੁ ਮਾਗਉ ਦਾਨੁ ਪਿਆਰੇ ॥
Bless me with Your Grace - I am just a humble beggar of Yours; I beg for a single blessing, O my Beloved.
ਹੇ ਪਿਆਰੇ ਹਰੀ! ਮਿਹਰ ਕਰ, ਅਸੀਂ (ਤੇਰੇ ਦਰ ਦੇ) ਮੰਗਤੇ ਹਾਂ, ਮੈਂ (ਤੇਰੇ ਦਰ ਤੋਂ) ਇਕ ਦਾਨ ਮੰਗਦਾ ਹਾਂ। ਜਾਚਕ = ਮੰਗਤੇ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!
ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥੧॥
I long constantly for the True Guru. Lead me to meet the Guru, O Lord, that I may be exalted and embellished. ||1||
(ਮੇਰੇ ਮਨ ਵਿਚ) ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ, ਹੇ ਹਰੀ! ਮੈਨੂੰ ਗੁਰੂ ਮਿਲਾ (ਤੇ ਮੇਰਾ ਜੀਵਨ) ਸਵਾਰ ॥੧॥ ਨਿਤ = ਸਦਾ। ਸਰਧਾ = ਤਾਂਘ। ਸਤਿਗੁਰੂ ਕੀ ਸਰਧਾ = ਗੁਰੂ ਨੂੰ ਮਿਲਣ ਦੀ ਤਾਂਘ। ਮੋ ਕਉ = ਮੈਨੂੰ। ਹਰਿ = ਹੇ ਹਰੀ! ਗੁਰੁ ਮੇਲਿ = ਗੁਰੂ ਮਿਲਾ। ਸਵਾਰੇ = (ਮੇਰਾ ਜੀਵਨ) ਸਵਾਰ ॥੧॥
ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥
The actions of the faithless cynic are like the churning of water; he churns, constantly churning only water.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ (ਇਉਂ ਵਿਅਰਥ) ਹਨ ਜਿਵੇਂ ਪਾਣੀ ਰਿੜਕੀਦਾ ਹੈ। ਸਾਕਤ ਮਨੁੱਖ (ਮਾਨੋ) ਸਦਾ ਪਾਣੀ ਹੀ ਰਿੜਕਦਾ ਰਹਿੰਦਾ ਹੈ। ਸਾਕਤ ਕਰਮ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਕੰਮ। ਮਥੀਐ = ਰਿੜਕੀਦਾ ਹੈ। ਝੋਲ ਝੁਲਾਰੇ = ਮੁੜ ਮੁੜ ਰਿੜਕਦਾ ਹੈ।
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥੨॥
Joining the Sat Sangat, the True Congregation, the supreme status is obtained; the butter is produced, and eaten with delight. ||2||
ਪਰ ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ, ਉਹ (ਮਾਨੋ, ਦੁੱਧ ਵਿਚੋਂ) ਮੱਖਣ ਕੱਢ ਕੇ ਮੱਖਣ ਦੇ ਸੁਆਦ ਲਾਂਦਾ ਹੈ ॥੨॥ ਮਿਲਿ = ਮਿਲ ਕੇ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਕਢਿ = (ਦੁੱਧ ਵਿਚੋਂ) ਕੱਢ ਕੇ। ਗਟਕਾਰੇ = ਗਟਕਾਰੇ ਮਾਰਦਾ ਹੈ; ਸੁਆਦ ਲਾ ਲਾ ਕੇ ਖਾਂਦਾ ਹੈ ॥੨॥
ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥
He may constantly and continually wash his body; he may constantly rub, clean and polish his body.
ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ, ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼-ਸੁਥਰਾ ਬਣਾਂਦਾ ਰਹਿੰਦਾ ਹੈ, ਨਿਤ = ਸਦਾ। ਕਾਇਆ = ਸਰੀਰ। ਮਜਨੁ = ਇਸ਼ਨਾਨ। ਮਲਿ = ਮਲ ਕੇ। ਦੇਹ = ਸਰੀਰ। ਸਵਾਰੇ = ਸਵਾਰਦਾ ਹੈ, ਸਾਫ਼-ਸੁਥਰਾ ਬਣਾਂਦਾ ਹੈ।
ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
But if the Word of my True Guru is not pleasing to his mind, then all his preparations and beautiful decorations are useless. ||3||
ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥ ਮਨਿ = ਮਨ ਵਿਚ। ਭਾਏ = ਚੰਗੇ ਲੱਗੇ। ਚਾਰ = ਸੁੰਦਰ। ਫੋਕਟ = ਫੋਕੇ, ਵਿਅਰਥ ॥੩॥
ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
Walk playfully and carefree, O my friends and companions; cherish the Glorious Virtues of my Lord and Master.
ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ। ਮਟਕਿ = ਮਟਕ ਕੇ, ਮੌਜ ਨਾਲ, ਆਤਮਕ ਅਡੋਲਤਾ ਵਿਚ। ਚਲੁ = ਤੁਰ, ਜੀਵਨ-ਸਫ਼ਰ ਵਿਚ ਤੁਰ। ਸਖੀ = ਹੇ ਸਖੀ! ਸਾਰੇ = ਸਾਰਿ, ਸੰਭਾਲ, ਹਿਰਦੇ ਵਿਚ ਵਸਾਈ ਰੱਖ।
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
To serve, as Gurmukh, is pleasing to my God. Through the True Guru, the unknown is known. ||4||
ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸੇਵਾ = ਭਗਤੀ। ਪ੍ਰਭ ਭਾਈ = ਪ੍ਰਭੂ ਨੂੰ ਚੰਗੀ ਲੱਗਦੀ ਹੈ। ਮੈ = ਮੈਨੂੰ (ਭੀ)। ਸਤਿਗੁਰ = ਹੇ ਗੁਰੂ! ਲਖਾਰੇ = ਲਖਾਰਿ, ਵਿਖਾ ਦੇ, ਸੂਝ ਬਖ਼ਸ਼। ਅਲਖੁ = ਉਹ ਪ੍ਰਭੂ ਜਿਸ ਦਾ ਸਹੀ ਸਰੂਪ ਬਿਆਨ ਨਾਹ ਹੋ ਸਕੇ ॥੪॥
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
Women and men, all the men and women, all came from the One Primal Lord God.
ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ; ਨਾਰੀ = ਇਸਤ੍ਰੀ। ਪੁਰਖੁ = ਮਰਦ। ਸਭ = ਸਭਨਾਂ ਵਿਚ। ਸਭੁ = ਹਰ ਥਾਂ। ਪੁਰਖੁ ਮੁਰਾਰੇ = ਸਰਬ-ਵਿਆਪਕ ਹਰੀ {ਮੁਰ-ਅਰਿ}।
ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
My mind loves the dust of the feet of the humble; the Lord emancipates those who meet with the Lord's humble servants. ||5||
ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥ ਰੇਨੁ = ਚਰਨ-ਧੂੜ। ਮਨਿ = ਮਨ ਵਿਚ। ਭਾਈ = ਚੰਗੀ ਲੱਗੀ। ਮਿਲਿ = ਮਿਲ ਕੇ। ਮਿਲਿ ਹਰਿ ਜਨ = ਸੰਤ ਜਨਾਂ ਨੂੰ ਮਿਲ ਕੇ, ਸੰਤ ਜਨਾਂ ਨੂੰ ਮਿਲਿਆਂ ਹੀ। ਨਿਸਤਾਰੇ = ਪਾਰ ਲੰਘਾਂਦਾ ਹੈ ॥੫॥
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
From village to village, throughout all the cities I wandered; and then, inspired by the Lord's humble servants, I found Him deep within the nucleus of my heart.
ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ। ਗ੍ਰਾਮ = ਪਿੰਡ। ਨਗਰ = ਸ਼ਹਿਰ। ਸਭ = ਸਭਨੀਂ ਥਾਈਂ। ਰਿਦ ਅੰਤਰਿ = ਹਿਰਦੇ ਦੇ ਅੰਦਰ ਹੀ। ਭਾਰੇ = ਭਾਲੇ, ਭਾਲਿਆ, ਲੱਭ ਲਿਆ।
ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
Faith and longing have welled up within me, and I have been blended with the Lord; the Guru, the Guru, has saved me. ||6||
ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥ ਉਪਾਇ = ਪੈਦਾ ਕਰ ਕੇ। ਮੋ ਕੁੳ = ਮੈਨੂੰ। ਮਿਲਾਏ = ਮਿਲਾਇ, ਜੋੜ। ਗੁਰਿ = ਗੁਰੂ ਦੀ ਰਾਹੀਂ। ਨਿਸਤਾਰੇ = ਨਿਸਤਾਰਿ, ਪਾਰ ਲੰਘਾ ਲੈ ॥੬॥
ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
The thread of my breath has been made totally sublime and pure; I contemplate the Shabad, the Word of the True Guru.
ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ। ਪਵਨ = ਸੁਆਸ। ਪਵਨ ਸੂਤੁ = ਸੁਆਸਾਂ ਦਾ ਧਾਗਾ, ਸੁਆਸਾਂ ਦੀ ਡੋਰ, ਸਾਰੇ ਸੁਆਸ। ਨੀਕਾ = ਸੋਹਣਾ, ਚੰਗਾ। ਸਤਿਗੁਰਿ = ਗੁਰੂ ਵਿਚ (ਜੁੜ ਕੇ)। ਵੀਚਾਰੇ = ਵੀਚਾਰਿ, ਵੀਚਾਰ ਕੇ, ਸੁਰਤ ਵਿਚ ਟਿਕਾ ਕੇ।
ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
I came back to the home of my own inner self; drinking in the ambrosial essence, I see the world, without my eyes. ||7||
ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥ ਨਿਜ ਘਰਿ = ਆਪਣੇ ਘਰ ਵਿਚ, ਅੰਤਰ-ਆਤਮੇ। ਜਾਇ = ਜਾ ਕੇ, ਟਿਕ ਕੇ। ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਬਿਨੁ ਨੈਨਾ = ਅੱਖਾਂ ਤੋਂ ਬਿਨਾ, ਮਾਇਕ ਅੱਖਾਂ ਤੋਂ ਬਿਨਾ, ਮਾਇਆ ਦਾ ਮੋਹ ਦੂਰ ਕਰ ਕੇ। ਨਿਹਾਰੇ = ਨਿਹਾਰਿ, ਵੇਖ ਕੇ ॥੭॥
ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
I cannot describe Your Glorious Virtues, Lord; You are the temple, and I am just a tiny worm.
ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ। ਤਉ = ਤੇਰੇ। ਈਸ = ਹੇ ਈਸ਼! ਹੇ ਈਸ਼੍ਵਰ! ਸਾਕਉ = ਸਾਕਉਂ। ਹਮ = ਅਸੀਂ ਸੰਸਾਰੀ ਜੀਵ। ਨਿਕ = ਨਿੱਕੇ ਨਿੱਕੇ। ਕੀਰੇ = ਕੀੜੇ।
ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
Bless Nanak with Your Mercy, and unite him with the Guru; meditating on my Lord, my mind is comforted and consoled. ||8||5||
ਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥ ਗੁਰ ਮੇਲਹੁ = ਗੁਰੂ (ਨਾਲ) ਮਿਲਾਪ ਕਰੋ। ਮੈ ਮਨੁ = ਮੇਰਾ ਮਨ। ਧੀਰੇ = ਟਿਕ ਜਾਏ ॥੮॥੫॥