ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥
Beholding Maya with her three dispositions, he goes astray; he is like the moth, which sees the flame, and is consumed.
ਸਾਰੇ ਜੀਵ ਤ੍ਰੈਗੁਣੀ ਮਾਇਆ ਨੂੰ ਵੇਖ ਕੇ (ਜੀਵਨ ਦੇ ਸਹੀ ਰਸਤੇ ਤੋਂ) ਖੁੰਝ ਰਹੇ ਹਨ ਜਿਵੇਂ ਭੰਬਟ (ਦੀਵੇ ਨੂੰ) ਵੇਖ ਕੇ ਦੀਵੇ ਉਤੇ ਸੜਦੇ ਹਨ; ਦੀਪਕ = ਦੀਵੇ ਉਤੇ। ਪਤੰਗ = ਭੰਬਟ।
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥
The mistaken, deluded Pandits gaze upon Maya, and watch to see whether anyone has offered them something.
ਪੰਡਤ (ਕਥਾ ਸੁਣਾਂਦੇ) ਮੁੜ ਮੁੜ ਖੁੰਝ ਕੇ ਮਾਇਆ ਵਲ ਹੀ ਤੱਕਦੇ ਹਨ ਕਿ ਵੇਖੀਏ ਕਿਸੇ ਨੇ ਕੁਝ ਲਿਆ ਕੇ ਭੇਟਾ ਰੱਖੀ ਹੈ (ਜਾਂ ਨਹੀਂ), ਦਿਖਾ = ਦੇਖੀਏ। ਕਿਹੁ = ਕੁਝ। ਆਣਿ = ਲਿਆ ਕੇ।
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥
In the love of duality, they read continually about sin, while the Lord has withheld His Name from them.
ਸੋ ਮਾਇਆ ਦੇ ਪਿਆਰ ਵਿਚ ਉਹ (ਅਸਲ ਵਿਚ) ਸਦਾ ਮਾਇਆ (ਦੀ ਸੰਥਾ ਹੀ) ਪੜ੍ਹਦੇ ਹਨ, ਪਰਮਾਤਮਾ ਨੇ ਉਹਨਾਂ ਨੂੰ (ਆਪਣੇ) ਨਾਮ ਵਲੋਂ ਖੁੰਝਾ ਦਿੱਤਾ ਹੈ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਬਿਖਿਆ = ਮਾਇਆ। ਦਯਿ = ਪਰਮਾਤਮਾ ਨੇ ('ਦਯ' ਨੇ)।
ਜੋਗੀ ਜੰਗਮ ਸੰਨਿਆਸੀ ਭੁਲੇ ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥
The Yogis, the wandering hermits and the Sannyaasees have gone astray; their egotism and arrogance have increased greatly.
ਜੋਗੀ ਜੰਗਮ ਤੇ ਸੰਨਿਆਸੀ (ਭੀ ਜੀਵਨ ਦੇ ਰਾਹ ਤੋਂ) ਖੁੰਝੇ ਹੋਏ ਹਨ, (ਕਿਉਂਕਿ 'ਤਿਆਗ' ਕਾਰਨ) ਇਹਨਾਂ ਨੇ ਮਾਣ ਤੇ ਅਹੰਕਾਰ ਨੂੰ ਵਧਾਇਆ ਹੋਇਆ ਹੈ, ਜੰਗਮ = ਸ਼ਿਵ ਦੇ ਉਪਾਸ਼ਕ ਜੋ ਸਿਰ ਤੇ ਮੋਰਾਂ ਦੇ ਖੰਭ ਰੱਖਦੇ ਹਨ ਤੇ ਟੱਲੀਆਂ ਵਜਾਂਦੇ ਮੰਗਦੇ ਫਿਰਦੇ ਹਨ। ਗਰਬੁ = ਅਹੰਕਾਰ।
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥
They do not accept the true donations of clothes and food, and their lives are ruined by their stubborn minds.
(ਗ੍ਰਿਹਸਤੀਆਂ ਪਾਸੋਂ) ਆਦਰ ਸਰਧਾ ਨਾਲ ਮਿਲਿਆ ਕੱਪੜਾ ਤੇ ਭੋਜਨ-ਰੂਪ ਭਿੱਛਿਆ ਨਹੀਂ ਲੈਂਦੇ (ਭਾਵ, ਥੋੜੀ ਚੀਜ਼ ਮਿਲਣ ਤੇ ਉਹਨਾਂ ਨੂੰ ਘੂਰਦੇ ਹਨ) ਤੇ ਇਸ ਤਰ੍ਹਾਂ ਮਨ ਦੇ ਹਠ ਨਾਲ ਆਪਣੀ ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ। ਛਾਦਨੁ = ਕੱਪੜਾ। ਨ ਲੈਹੀ = ਨਹੀਂ ਲੈਂਦੇ। ਸਤ ਭਿਖਿਆ = ਸਰਧਾ ਨਾਲ ਦਿੱਤੀ ਭਿੱਛਿਆ।
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥
Among these, he alone is a man of poise, who, as Gurmukh, meditates on the Naam, the Name of the Lord.
ਇਹਨਾਂ ਸਾਰਿਆਂ ਵਿਚੋਂ ਉਹ ਮਨੁੱਖ ਪੂਰਨ ਅਵਸਥਾ ਵਾਲਾ ਹੈ ਜਿਸ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ ਸਿਮਰਿਆ ਹੈ। ਸਮਧਾ = ਸਮਾਧੀ ਵਾਲਾ, ਟਿਕੇ ਹੋਏ ਮਨ ਵਾਲਾ, ਪੂਰਨ ਅਵਸਥਾ ਵਾਲਾ।
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥
Unto whom should servant Nanak speak and complain? All act as the Lord causes them to act. ||2||
ਪਰ, ਹੇ ਦਾਸ ਨਾਨਕ! ਹੋਰ ਕਿਸ ਅੱਗੇ ਪੁਕਾਰ ਕਰੀਏ? ਸਾਰੇ ਪ੍ਰਭੂ ਦੇ ਪ੍ਰੇਰੇ ਹੋਏ ਹੀ ਕਾਰ ਕਰ ਰਹੇ ਹਨ, (ਭਾਵ, ਇਸ ਮਾਇਆ ਤੋਂ ਬਚਣ ਲਈ ਪ੍ਰਭੂ ਅੱਗੇ ਹੀ ਕੀਤੀ ਅਰਦਾਸ ਸਹੈਤਾ ਕਰਦੀ ਹੈ) ॥੨॥