ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਪੰਚ ਸਿੰਘ ਰਾਖੇ ਪ੍ਰਭਿ ਮਾਰਿ ॥
God killed the five tigers.
(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ, ਪੰਚ ਸਿੰਘ = ਪੰਜ (ਕਾਮਾਦਿਕ) ਸ਼ੇਰ। ਪ੍ਰਭਿ = ਪ੍ਰਭੂ ਨੇ। ਮਾਰਿ ਰਾਖੇ = ਮਾਰ ਮੁਕਾਏ।
ਦਸ ਬਿਘਿਆੜੀ ਲਈ ਨਿਵਾਰਿ ॥
He has driven out the ten wolves.
ਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ। ਬਿਘਿਆੜੀ = ਇੰਦ੍ਰੀਆਂ। ਨਿਵਾਰਿ ਲਈ = ਦੂਰ ਕਰ ਦਿੱਤੀ।
ਤੀਨਿ ਆਵਰਤ ਕੀ ਚੂਕੀ ਘੇਰ ॥
The three whirl-pools have stopped spinning.
ਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ। ਤੀਨਿ = ਮਾਇਆ ਦੇ ਤਿੰਨ ਗੁਣ। ਆਵਰਤ = ਘੁੰਮਣ-ਘੇਰੀ। ਚੂਕੀ = ਮੁੱਕ ਗਈ। ਘੇਰ = ਭਵਾਂਟੀ।
ਸਾਧਸੰਗਿ ਚੂਕੇ ਭੈ ਫੇਰ ॥੧॥
In the Saadh Sangat, the Company of the Holy, the fear of reincarnation is gone. ||1||
ਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ ॥੧॥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਫੇਰ = (ਜਨਮ ਮਰਨ ਦੇ) ਗੇੜ ॥੧॥
ਸਿਮਰਿ ਸਿਮਰਿ ਜੀਵਾ ਗੋਵਿੰਦ ॥
Meditating, meditating in remembrance on the Lord of the Universe, I live.
ਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ। ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥
In His Mercy, He protects His slave; the True Lord is forever and ever the forgiver. ||1||Pause||
ਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ ਰਹਾਉ ॥ ਕਰਿ = ਕਰ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਬਖਸਿੰਦ = ਬਖ਼ਸ਼ਸ਼ ਕਰਨ ਵਾਲਾ, ਬਖ਼ਸ਼ਿੰਦ ॥੧॥ ਰਹਾਉ ॥
ਦਾਝਿ ਗਏ ਤ੍ਰਿਣ ਪਾਪ ਸੁਮੇਰ ॥
The mountain of sin is burnt down, like straw,
ਹੇ ਭਾਈ! ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ, ਦਾਝਿ ਗਏ = ਸੜ ਗਏ। ਤ੍ਰਿਣ = ਘਾਹ ਦੇ ਤੀਲੇ। ਪਾਪ ਸੁਮੇਰ = ਸੁਮੇਰ ਪਰਬਤ ਜੇਡੇ ਵੱਡੇ ਪਾਪ।
ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥
by chanting and meditating on the Name, and worshipping God's feet.
ਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ। ਪ੍ਰਭ ਪੈਰ = ਪ੍ਰਭ ਦੇ ਪੈਰ।
ਅਨਦ ਰੂਪ ਪ੍ਰਗਟਿਓ ਸਭ ਥਾਨਿ ॥
God, the embodiment of bliss, becomes manifest everywhere.
ਉਸ ਮਨੁੱਖ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ, ਅਨਦ ਰੂਪ = ਆਨੰਦ-ਸਰੂਪ ਪ੍ਰਭੂ। ਸਭ ਥਾਨਿ = ਹਰੇਕ ਥਾਂ ਵਿਚ (ਵੱਸਦਾ)।
ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥੨॥
Linked to His loving devotional worship, I enjoy peace. ||2||
ਜਿਸ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤ ਜੋੜੀ ॥੨॥ ਸੁਖ ਮਾਨਿ = ਸੁਖ ਮਾਣਿ। ਪ੍ਰੇਮ ਭਗਤਿ ਸੁਖ ਮਾਨਿ = ਸੁਖਾਂ ਦੀ ਮਣੀ ਪ੍ਰੇਮਾ ਭਗਤੀ ਵਿਚ। ਜੋਰਿ = (ਸੁਰਤਿ) ਜੋੜੀ ॥੨॥
ਸਾਗਰੁ ਤਰਿਓ ਬਾਛਰ ਖੋਜ ॥
I have crossed over the world-ocean, as if it were no bigger than a calf's footprint on the ground.
(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ; ਸਾਗਰੁ = {ਸੰਸਾਰ-) ਸਮੁੰਦਰ। ਬਾਛਰ = ਵੱਛਾ। ਖੋਜ = ਖੁਰ ਦਾ ਨਿਸ਼ਾਨ।
ਖੇਦੁ ਨ ਪਾਇਓ ਨਹ ਫੁਨਿ ਰੋਜ ॥
I shall never again have to endure suffering or grief.
ਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ। ਖੇਦੁ = ਦੁੱਖ। ਫੁਨਿ = ਮੁੜ। ਰੋਜ = ਰੁਜ਼ਤਾਪ, ਗ਼ਮ।
ਸਿੰਧੁ ਸਮਾਇਓ ਘਟੁਕੇ ਮਾਹਿ ॥
The ocean is contained in the pitcher.
ਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ। ਸਿੰਧੁ = ਸਮੁੰਦਰ। ਘਟੁਕਾ = ਨਿੱਕਾ ਜਿਹਾ ਘੜਾ। ਘਟੁਕੇ ਮਾਹਿ = ਨਿੱਕੇ ਜਿਹੇ ਘੜੇ ਵਿਚ {ਨੋਟ: 'ਘਟੁ ਕੇ ਮਾਹਿ' ਪਦ-ਛੇਦ ਗ਼ਲਤ ਹੈ। ਜੇ ਇਹ ਹੁੰਦਾ, ਤਾਂ ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਘਟੁ' ਦਾ (ੁ) ਉੱਡਜਾਂਦਾ}।
ਕਰਣਹਾਰ ਕਉ ਕਿਛੁ ਅਚਰਜੁ ਨਾਹਿ ॥੩॥
This is not such an amazing thing for the Creator to do. ||3||
ਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ॥੩॥ ਅਚਰਜੁ = ਅਨੋਖੀ ਗੱਲ ॥੩॥
ਜਉ ਛੂਟਉ ਤਉ ਜਾਇ ਪਇਆਲ ॥
When I am separated from Him, then I am consigned to the nether regions.
(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ। ਜਉ = ਜਦੋਂ। ਛੂਟਉ = ਪੱਲਾ ਛੁੱਟ ਜਾਂਦਾ ਹੈ। ਤਉ = ਤਦੋਂ। ਜਾਇ = (ਜੀਵ) ਜਾ ਪੈਂਦਾ ਹੈ। ਪਇਆਲ = ਪਾਤਾਲ (ਵਿਚ)।
ਜਉ ਕਾਢਿਓ ਤਉ ਨਦਰਿ ਨਿਹਾਲ ॥
When He lifts me up and pulls me out, then I am enraptured by His Glance of Grace.
ਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ। ਕਾਢਿਓ = (ਪਾਤਾਲ ਵਿਚੋਂ) ਕੱਢ ਲਿਆ। ਨਿਹਾਲ = ਪ੍ਰਸੰਨ, ਪੂਰਨ ਤੌਰ ਤੇ ਖ਼ੁਸ਼।
ਪਾਪ ਪੁੰਨ ਹਮਰੈ ਵਸਿ ਨਾਹਿ ॥
Vice and virtue are not under my control.
(ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ। ਹਮਰੈ ਵਸਿ = ਸਾਡੇ ਵੱਸ ਵਿਚ।
ਰਸਕਿ ਰਸਕਿ ਨਾਨਕ ਗੁਣ ਗਾਹਿ ॥੪॥੪੦॥੫੧॥
With love and affection, Nanak sings His Glorious Praises. ||4||40||51||
ਹੇ ਨਾਨਕ! (ਆਖ-ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ ॥੪॥੪੦॥੫੧॥ ਰਸਕਿ = ਰਸ ਨਾਲ, ਰਸ ਲੈ ਲੈ ਕੇ। ਗਾਹਿ = {ਬਹੁ-ਵਚਨ} ਗਾਂਦੇ ਹਨ (ਜੀਵ) ॥੪॥੪੦॥੫੧॥