ਰਾਮਕਲੀ ਮਹਲਾ

Raamkalee, First Mehl:

ਰਾਮਕਲੀ ਪਹਿਲੀ ਪਾਤਿਸ਼ਾਹੀ।

ਛਾਦਨੁ ਭੋਜਨੁ ਮਾਗਤੁ ਭਾਗੈ

He runs around, begging for clothes and food.

(ਪਰ ਜੇਹੜਾ ਜੋਗੀ) ਅੰਨ ਬਸਤ੍ਰ (ਹੀ) ਮੰਗਦਾ ਫਿਰਦਾ ਹੈ, ਛਾਦਨੁ = ਕੱਪੜਾ। ਮਾਗਤੁ ਭਾਗੈ = ਮੰਗਦਾ ਫਿਰਦਾ ਹੈ।

ਖੁਧਿਆ ਦੁਸਟ ਜਲੈ ਦੁਖੁ ਆਗੈ

He burns with hunger and corruption, and will suffer in the world hereafter.

ਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ। ਖੁਧਿਆ = ਭੁੱਖ। ਦੁਸਟ = ਭੈੜੀ, ਚੰਦਰੀ। ਆਗੈ = ਪਰਲੋਕ ਵਿਚ।

ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ

He does not follow the Guru's Teachings; through his evil-mindedness, he loses his honor.

ਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ। ਪਤਿ = ਇੱਜ਼ਤ। ਖੋਈ = ਗਵਾ ਲਈ।

ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥

Only through the Guru's Teachings will such a person become devoted. ||1||

ਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ ॥੧॥ ਜਨੁ ਕੋਈ = ਕੋਈ ਵਿਰਲਾ ਮਨੁੱਖ ॥੧॥

ਜੋਗੀ ਜੁਗਤਿ ਸਹਜ ਘਰਿ ਵਾਸੈ

The way of the Yogi is to dwell in the celestial home of bliss.

ਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ)। ਜੋਗੀ ਜੁਗਤਿ = ਅਸਲ ਜੋਗੀ ਦੀ ਰਹਿਤ-ਬਹਿਤ। ਸਹਜ = ਅਡੋਲਤਾ, ਸ਼ਾਂਤੀ। ਸਹਜ ਘਰਿ = ਸ਼ਾਂਤੀ ਦੇ ਘਰ ਵਿਚ।

ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ

He looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||

ਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰੇਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤ੍ਰਿਸ਼ਨਾ ਵਲੋਂ ਬਚਾਈ ਰੱਖਦਾ ਹੈ) ॥੧॥ ਰਹਾਉ ॥ ਦ੍ਰਿਸਟਿ = ਨਜ਼ਰ, ਨਿਗਾਹ। ਏਕੋ ਕਰਿ = ਇਕ ਪਰਮਾਤਮਾ ਨੂੰ ਹੀ ਵਿਆਪਕ ਮੰਨ ਕੇ। ਭੀਖਿਆ = ਭਿੱਛਿਆ (ਨਾਲ)। ਭਾਇ = ਪ੍ਰੇਮ ਨਾਲ। ਭੀਖਿਆ ਭਾਇ = ਪ੍ਰਭੂ-ਪਿਆਰ ਦੀ ਭਿੱਛਿਆ ਨਾਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਤ੍ਰਿਪਤਾਸੈ = (ਆਤਮਕ) ਭੁੱਖ ਮਿਟਾਂਦਾ ਹੈ, ਰੱਜਦਾ ਹੈ ॥੧॥ ਰਹਾਉ ॥

ਪੰਚ ਬੈਲ ਗਡੀਆ ਦੇਹ ਧਾਰੀ

The five bulls, the senses, pull the wagon of the body around.

ਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ੍ਰੇ) ਬੈਲ ਚਲਾ ਰਹੇ ਹਨ। ਪੰਚ ਬੈਲ = (ਪੰਜ ਗਿਆਨ ਇੰਦ੍ਰੇ, ਮਾਨੋ,) ਪੰਜ ਬੈਲ ਹਨ। ਗਡੀਆ ਦੇਹ = ਸਰੀਰ-ਗੱਡਾ। ਧਾਰੀ = ਆਸਰਾ ਦਿੱਤਾ ਹੋਇਆ ਹੈ, ਚਲਾ ਰਹੇ ਹਨ।

ਰਾਮ ਕਲਾ ਨਿਬਹੈ ਪਤਿ ਸਾਰੀ

By the Lord's power, one's honor is preserved.

ਜਿਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ। ਰਾਮ ਕਲਾ = (ਸਰਬ-ਵਿਆਪਕ) ਪ੍ਰਭੂ ਦੀ ਸੱਤਿਆ ਨਾਲ, ਜਦ ਤਕ ਸਰਬ-ਵਿਆਪਕ ਪ੍ਰਭੂ ਦੀ ਜੋਤਿ ਮੌਜੂਦ ਹੈ। ਨਿਬਹੈ = ਕਾਇਮ ਰਹਿੰਦੀ ਹੈ, ਬਣੀ ਰਹਿੰਦੀ ਹੈ। ਪਤਿ = ਇੱਜ਼ਤ, ਆਦਰ।

ਧਰ ਤੂਟੀ ਗਾਡੋ ਸਿਰ ਭਾਰਿ

But when the axle breaks, the wagon falls and crashes.

(ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ), ਧਰ = ਧੁਰਾ, ਆਸਰਾ। ਸਿਰ ਭਾਰਿ = ਸਿਰ ਪਰਨੇ (ਹੋ ਜਾਂਦਾ ਹੈ), ਡਿੱਗ ਪੈਂਦਾ ਹੈ, ਨਕਾਰਾ ਹੋ ਜਾਂਦਾ ਹੈ।

ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥

It falls apart, like a pile of logs. ||2||

ਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ), ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ੍ਰੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰੂਪ ਧੁਰਾ ਟੁੱਟ ਜਾਂਦਾ ਹੈ, ਆਤਮਕ ਜੀਵਨ ਢਹਿ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕੁਕਰਮਾਂ ਦੇ ਭਾਰ ਹੇਠ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ। ਜੋਗੀ ਇਸ ਭੇਤ ਨੂੰ ਸਮਝਣ ਦੇ ਥਾਂ ਜੋਗ-ਮਤ ਦੇ ਜਗੋਟਾ ਮੁੰਦ੍ਰਾਂ ਆਦਿਕ ਬਾਹਰਲੇ ਚਿੰਨ੍ਹਾਂ ਵਿਚ ਹੀ ਟਿਕਿਆ ਰਹਿੰਦਾ ਹੈ) ॥੨॥ ਬਿਖਰਿ = ਖਿੱਲਰ ਕੇ, ਸੱਤਿਆ ਹੀਨ ਹੋ ਕੇ। ਜਰੀ = (ਗੱਡੀ) ਸੜ ਜਾਂਦੀ ਹੈ। ਮੰਝ = ਵਿਚਲੇ, ਗੱਡੇ ਵਿਚਲੇ, ਗੱਡੇ ਵਿਚ ਲੱਦੇ ਹੋਏ। ਭਾਰਿ = ਭਾਰ ਹੇਠ ॥੨॥

ਗੁਰ ਕਾ ਸਬਦੁ ਵੀਚਾਰਿ ਜੋਗੀ

Contemplate the Word of the Guru's Shabad, Yogi.

ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ। ਜੋਗੀ = ਹੇ ਜੋਗੀ!

ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ

Look upon pain and pleasure as one and the same, sorrow and separation.

(ਉਸ ਸ਼ਬਦ ਦੀ ਅਗਵਾਈ ਵਿਚ) ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ)। ਸਮ = ਬਰਾਬਰ, ਇਕੋ ਜਿਹਾ। ਸੋਗ = ਕਿਸੇ ਦੀ ਮੌਤ ਆਦਿਕ ਦਾ ਗ਼ਮ, ਨਿਰਾਸਤਾ = ਭਰਿਆ ਗ਼ਮ। ਬਿਓਗ = ਵਿਛੋੜੇ ਵਿਚ ਬਿਰਹੋਂ, ਮਿਲਣ ਦੀ ਤਾਂਘ, ਆਸ ਨਾਲ ਮਿਲਿਆ ਹੋਇਆ ਦੁੱਖ।

ਭੁਗਤਿ ਨਾਮੁ ਗੁਰ ਸਬਦਿ ਬੀਚਾਰੀ

Let your food be contemplative meditation upon the Naam, the Name of the Lord, and the Word of the Guru's Shabad.

ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ-ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ)। ਭੁਗਤਿ = ਚੂਰਮਾ, ਜੋਗੀਆਂ ਦਾ ਭੰਡਾਰਾ, ਭੋਜਨ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।

ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥

Your wall shall be permanent, by meditating on the Formless Lord. ||3||

ਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ ॥੩॥ ਅਸਥਿਰੁ = ਥਿਰ, ਟਿਕਵਾਂ। ਕੰਧੁ = ਸਰੀਰ, (ਇੰਦ੍ਰੇ) ॥੩॥

ਸਹਜ ਜਗੋਟਾ ਬੰਧਨ ਤੇ ਛੂਟਾ

Wear the loin-cloth of poise, and be free of entanglements.

ਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ। ਜਗੋਟਾ = ਲੱਕ ਦੁਆਲੇ ਬੰਨ੍ਹਣ ਲਈ ਉੱਨ ਦਾ ਰੱਸਾ, ਉੱਨ ਦੀਆਂ ਰੱਸੀਆਂ ਦਾ ਗੁੰਦ ਕੇ ਬਣਾਇਆ ਹੋਇਆ ਰੱਸਾ ਜੋ ਫ਼ਕੀਰ ਲੱਕ ਦੁਆਲੇ ਬੰਨ੍ਹਦੇ ਹਨ।

ਕਾਮੁ ਕ੍ਰੋਧੁ ਗੁਰਸਬਦੀ ਲੂਟਾ

The Guru's Word shall release you from sexual desire and anger.

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕ੍ਰੋਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ।

ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ

In your mind, let your ear-rings be the Sanctuary of the Guru, the Lord.

ਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ)।

ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥

O Nanak, worshipping the Lord in deep devotion, the humble are carried across. ||4||11||

ਹੇ ਨਾਨਕ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ॥੪॥੧੧॥