ਰਾਗੁ ਮਲਾਰ ਮਹਲਾ ੫ ਚਉਪਦੇ ਘਰੁ ੧ ॥
Raag Malaar, Fifth Mehl, Chau-Padhay, First House:
ਰਾਗ ਮਲਾਰ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਿਆ ਤੂ ਸੋਚਹਿ ਕਿਆ ਤੂ ਚਿਤਵਹਿ ਕਿਆ ਤੂੰ ਕਰਹਿ ਉਪਾਏ ॥
What are you so worried about? What are you thinking? What have you tried?
(ਪਰਮਾਤਮਾ ਦੀ ਸਰਨ ਛੱਡ ਕੇ) ਤੂੰ ਹੋਰ ਕੀਹ ਸੋਚਾਂ ਸੋਚਦਾਂ ਹੈਂ? ਤੂੰ ਹੋਰ ਕੀਹ ਉਪਾਵ ਚਿਤਵਦਾ ਹੈਂ? ਤੂੰ ਹੋਰ ਕਿਹੜੇ ਹੀਲੇ ਕਰਦਾ ਹੈਂ? ਉਪਾਏ = ਅਨੇਕਾਂ ਉਪਾਵ (ਬਹੁ-ਵਚਨ)।
ਤਾ ਕਉ ਕਹਹੁ ਪਰਵਾਹ ਕਾਹੂ ਕੀ ਜਿਹ ਗੋਪਾਲ ਸਹਾਏ ॥੧॥
Tell me - the Lord of the Universe - who controls Him? ||1||
(ਵੇਖ) ਜਿਸ (ਮਨੁੱਖ) ਦਾ ਸਹਾਈ ਪਰਮਾਤਮਾ ਆਪ ਬਣਦਾ ਹੈ ਉਸ ਨੂੰ, ਦੱਸ, ਕਿਸ ਦੀ ਪਰਵਾਹ ਰਹਿ ਜਾਂਦੀ ਹੈ? ॥੧॥ ਕਉ = ਨੂੰ। ਤਾ ਕਉ = ਉਸ (ਮਨੁੱਖ) ਨੂੰ। ਸਹਾਏ = ਸਹਾਈ ॥੧॥
ਬਰਸੈ ਮੇਘੁ ਸਖੀ ਘਰਿ ਪਾਹੁਨ ਆਏ ॥
The rain showers down from the clouds, O companion. The Guest has come into my home.
ਹੇ ਸਹੇਲੀ! (ਮੇਰੇ ਹਿਰਦੇ-) ਘਰ ਵਿਚ ਪ੍ਰਭੂ-ਪਤੀ ਜੀ ਟਿਕੇ ਹਨ (ਮੇਰੇ ਅੰਦਰੋਂ ਤਪਸ਼ ਮਿੱਟ ਗਈ ਹੈ, ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਉਸ ਦੀ ਮਿਹਰ ਦਾ) ਬੱਦਲ ਵੱਸ ਰਿਹਾ ਹੈ। ਮੇਘੁ = ਬੱਦਲ। ਸਖੀ = ਹੇ ਸਖੀ! ਹੇ ਸਹੇਲੀ! ਘਰਿ = (ਮੇਰੇ ਹਿਰਦੇ-) ਘਰ ਵਿਚ। ਪਾਹੁਨ = (ਆਦਰ ਵਾਸਤੇ ਬਹੁ-ਵਚਨ) ਪ੍ਰਾਹੁਣਾ, ਨੀਂਗਰ, ਲਾੜਾ, ਪ੍ਰਭੂ-ਪਤੀ।
ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ ॥੧॥ ਰਹਾਉ ॥
I am meek; my Lord and Master is the Ocean of Mercy. I am absorbed in the nine treasures of the Naam, the Name of the Lord. ||1||Pause||
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਮਾਲਕ-ਪ੍ਰਭੂ! ਮੈਨੂੰ ਕੰਗਾਲ ਨੂੰ ਆਪਣੇ ਨਾਮ ਵਿਚ ਲੀਨ ਕਰੀ ਰੱਖ (ਇਹ ਨਾਮ ਹੀ ਮੇਰੇ ਵਾਸਤੇ) ਨੌ ਖ਼ਜ਼ਾਨੇ ਹੈ ॥੧॥ ਰਹਾਉ ॥ ਮੋਹਿ ਦੀਨ = ਮੈਨੂੰ ਗਰੀਬ ਨੂੰ। ਕ੍ਰਿਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਠਾਕੁਰ = ਹੇ ਮਾਲਕ! ਨਵਨਿਧਿ ਨਾਮਿ = ਨਾਮ ਵਿਚ ਜੋ (ਮਾਨੋ) ਨੌ ਹੀ ਖ਼ਜ਼ਾਨੇ ਹੈ। ਸਮਾਏ = ਸਮਾਇ, ਲੀਨ ਕਰ ॥੧॥ ਰਹਾਉ ॥
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥
I have prepared all sorts of foods in various ways, and all sorts of sweet deserts.
ਜਿਵੇਂ ਕੋਈ ਇਸਤ੍ਰੀ ਆਪਣੇ ਪਤੀ ਵਾਸਤੇ ਅਨੇਕਾਂ ਕਿਸਮਾਂ ਦੇ ਮਿੱਠੇ ਸੁਆਦਲੇ ਖਾਣੇ ਤਿਆਰ ਕਰਦੀ ਹੈ, ਬੜੀ ਸੁੱਚ ਨਾਲ ਰਸੋਈ ਸੁਥਰੀ ਬਣਾਂਦੀ ਹੈ, ਅਨਿਕ ਪ੍ਰਕਾਰ = ਕਈ ਕਿਸਮਾਂ ਦੇ। ਕੀਏ = ਤਿਆਰ ਕੀਤੇ। ਮਿਸਟ = ਮਿੱਠੇ। ਬਿੰਜਨ ਮਿਸਟਾਏ = ਮਿੱਠੇ ਸੁਆਦਲੇ ਭੋਜਨ। ਕੀਏ = (ਇਸਤ੍ਰੀ ਨੇ) ਤਿਆਰ ਕੀਤੇ।
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥੨॥
I have made my kitchen pure and sacred. Now, O my Sovereign Lord King, please sample my food. ||2||
ਹੇ ਮੇਰੇ ਪ੍ਰਭੂ-ਪਾਤਿਸ਼ਾਹ! (ਤੇਰੇ ਪਿਆਰ ਵਿਚ ਮੈਂ ਆਪਣੇ ਹਿਰਦੇ ਦੀ ਰਸੋਈ ਨੂੰ ਤਿਆਰ ਕੀਤਾ ਹੈ, ਮਿਹਰ ਕਰ, ਤੇ ਇਸ ਨੂੰ) ਹੁਣ ਪਰਵਾਨ ਕਰ ॥੨॥ ਕਰੀ = ਤਿਆਰ ਕੀਤੀ। ਪਾਕਸਾਲ = ਰਸੋਈ, (ਹਿਰਦਾ-) ਰਸੋਈ। ਸੋਚ = ਸੁੱਚ (ਨਾਲ)। ਲਾਵਹੁ ਭੋਗ = ਖਾਵੋ, ਪਹਿਲਾਂ ਤੁਸੀਂ ਖਾਵੋ, ਪਰਵਾਨ ਕਰੋ। ਹਰਿ ਰਾਇ = ਹੇ ਪ੍ਰਭੂ-ਪਾਤਿਸ਼ਾਹ! ॥੨॥
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥
The villains have been destroyed, and my friends are delighted. This is Your Own Mansion and Temple, O Lord.
ਹੇ ਸਖੀ! ਇਹਨਾਂ (ਸਰੀਰ) ਘਰਾਂ-ਮੰਦਰਾਂ ਨੂੰ (ਜਦੋਂ ਪ੍ਰਭੂ-ਪਤੀ) ਅਪਣਾਂਦਾ ਹੈ (ਇਹਨਾਂ ਵਿਚ ਆਪਣਾ ਪਰਕਾਸ਼ ਕਰਦਾ ਹੈ, ਤਦੋਂ ਇਹਨਾਂ ਵਿਚੋਂ ਕਾਮਾਦਿਕ) ਦੁਸ਼ਟ ਨਾਸ ਹੋ ਜਾਂਦੇ ਹਨ (ਅਤੇ ਦੈਵੀ ਗੁਣ) ਸੱਜਣ ਪ੍ਰਫੁਲਤ ਹੋ ਜਾਂਦੇ ਹਨ। ਬਿਦਾਰੇ = ਨਾਸ ਕਰ ਦਿੱਤੇ। ਰਹਸੇ = ਖ਼ੁਸ਼ ਹੋਏ। ਅਪਨਾਏ = ਆਪਣੇ ਬਣਾ ਲਏ, ਅਪਣੱਪ ਵਿਖਾਈ।
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥੩॥
When my Playful Beloved came into my household, then I found total peace. ||3||
ਹੇ ਸਖੀ! ਜਦੋਂ ਤੋਂ ਮੇਰੇ ਹਿਰਦੇ-ਘਰ ਵਿਚ ਸੋਹਣਾ ਲਾਲ (ਪ੍ਰਭੂ) ਆ ਵੱਸਿਆ ਹੈ, ਤਦੋਂ ਤੋਂ ਮੈਂ ਸਾਰੇ ਸੁਖ ਹਾਸਲ ਕਰ ਲਏ ਹਨ ॥੩॥ ਗ੍ਰਿਹਿ = (ਹਿਰਦੇ-) ਘਰ ਵਿਚ। ਰੰਗੀਓ = ਰੰਗੀਲਾ, ਸੁਹਣਾ। ਸਭਿ = ਸਾਰੇ। ਇਹਿ = (ਲਫ਼ਜ਼ 'ਇਹ' ਤੋਂ ਬਹੁ-ਵਚਨ) ॥੩॥
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥
In the Society of the Saints, I have the Support and Protection of the Perfect Guru; this is the pre-ordained destiny inscribed upon my forehead.
ਧੁਰ ਦਰਗਾਹ ਤੋਂ ਜਿਸ ਜੀਵ ਦੇ ਮੱਥੇ ਉੱਤੇ ਸਾਧ ਸੰਗਤ ਵਿਚ ਪੂਰੇ ਗੁਰੂ ਦੀ ਓਟ ਦਾ ਲੇਖ ਲਿਖਿਆ ਹੁੰਦਾ ਹੈ,
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥੪॥੧॥
Servant Nanak has found his Playful Husband Lord. He shall never suffer in sorrow again. ||4||1||
ਹੇ ਦਾਸ ਨਾਨਕ! ਉਸ ਨੂੰ ਸੋਹਣਾ ਪ੍ਰਭੂ-ਪਤੀ ਮਿਲ ਪੈਂਦਾ ਹੈ, ਉਸ ਨੂੰ ਫਿਰ ਕੋਈ ਦੁੱਖ ਪੋਹ ਨਹੀਂ ਸਕਦਾ ॥੪॥੧॥