ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਅਕਥਾ ਹਰਿ ਅਕਥ ਕਥਾ ਕਿਛੁ ਜਾਇ ਜਾਣੀ ਰਾਮ

Inexpressible is the sermon of the inexpressible Lord; it cannot be known at all.

ਹੇ ਭਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੀ ਹਉਮੈ ਚਤੁਰਾਈ ਦੇ ਆਧਾਰ ਤੇ) ਨਹੀਂ ਕੀਤੀ ਜਾ ਸਕਦੀ, (ਸਿਆਣਪ-ਚਤੁਰਾਈ ਦੇ ਆਸਰੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਜਾਣ-ਪਛਾਣ ਨਹੀਂ ਪਾਈ ਜਾ ਸਕਦੀ। ਅਕਥਾ = ਜੋ ਬਿਆਨ ਨਾਹ ਕੀਤਾ ਜਾ ਸਕੇ। ਕਥਾ = ਸਿਫ਼ਤਿ-ਸਾਲਾਹ।

ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ

The demi-gods, mortal beings, angels and silent sages express it in their peaceful poise.

ਦੈਵੀ ਸੁਭਾਵ ਵਾਲੇ ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹੀ ਸਿਫ਼ਤਿ-ਸਾਲਾਹ ਕਰਦੇ ਹਨ। ਸੁਰਿਨਰ = ਦੈਵੀ ਗੁਣ ਵਾਲੇ ਬੰਦੇ। ਮੁਨਿਜਨ = ਸ਼ਾਂਤ-ਚਿੱਤ ਰਹਿਣ ਵਾਲੇ ਮਨੁੱਖ। ਸਹਜਿ = ਆਤਮਕ ਅਡੋਲਤਾ ਵਿਚ।

ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ

In their poise, they recite the Ambrosial Bani of the Lord's Word; they embrace love for the Lord's Lotus Feet.

ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਬਰਕਤਿ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਉਹਨਾਂ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾ ਲਿਆ, ਅਮਿਉ ਬਾਣੀ = ਅੰਮ੍ਰਿਤ ਬਾਣੀ, ਆਤਮਕ ਜੀਵਨ ਦੇਣ ਵਾਲੀ ਗੁਰਬਾਣੀ ਦੀ ਰਾਹੀਂ। ਰੰਗੁ = ਪਿਆਰ।

ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ

Meditating on the One incomprehensible and immaculate Lord, they obtain the fruits of their heart's desires.

ਉਸ ਇੱਕ ਅਦ੍ਰਿਸ਼ਟ ਤੇ ਨਿਰਲੇਪ ਪ੍ਰਭੂ ਨੂੰ ਸਿਮਰ ਕੇ ਉਹਨਾਂ ਨੇ ਮਨ-ਚਿਤਵਿਆ ਫਲ ਪ੍ਰਾਪਤ ਕਰ ਲਿਆ। ਜਪਿ = ਜਪ ਕੇ। ਅਲਖੁ = ਅਦ੍ਰਿਸ਼ਟ। ਨਿਰੰਜਨੁ = ਨਿਰਲੇਪ। ਚਿੰਦਿਆ = ਚਿਤਵਿਆ।

ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ

Renouncing self-conceit, emotional attachment, corruption and duality, their light merges into the Light.

(ਜਿਨ੍ਹਾਂ ਮਨੁੱਖਾਂ ਨੇ ਆਪਣੇ ਅੰਦਰੋਂ) ਅਹੰਕਾਰ ਮੋਹ ਵਿਕਾਰ ਮਾਇਆ ਦਾ ਪਿਆਰ ਦੂਰ ਕਰ ਕੇ ਆਪਣੀ ਸੁਰਤਿ ਰੱਬੀ ਨੂਰ ਵਿਚ ਜੋੜ ਲਈ, ਤਜਿ = ਤਜ ਕੇ। ਦੂਜਾ = ਮਾਇਆ ਦਾ ਪਿਆਰ।

ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥

Prays Nanak, by Guru's Grace, one enjoys the Lord's Love forever. ||1||

ਨਾਨਕ ਬੇਨਤੀ ਕਰਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਸਦਾ ਪ੍ਰਭੂ-ਮਿਲਾਪ ਦਾ ਆਨੰਦ ਮਾਣਦੇ ਹਨ ॥੧॥ ਗੁਰ ਪ੍ਰਸਾਦੀ = ਗੁਰੂ ਦੀ ਕਿਰਪਾ ਨਾਲ। ਰੰਗੁ = ਆਨੰਦ ॥੧॥

ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ

The Lord's Saints - the Lord's Saints are my friends, my best friends and helpers.

ਪਰਮਾਤਮਾ ਦੇ ਸੰਤ ਜਨ ਮੇਰੇ ਮਿੱਤਰ ਹਨ ਮੇਰੇ ਸੱਜਣ ਹਨ ਮੇਰੇ ਸਾਥੀ ਹਨ। ਸਹਾਈ = ਸਾਥੀ, ਸਹਾਇਤਾ ਕਰਨ ਵਾਲੇ।

ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ

By great good fortune, by great good fortune, I have obtained the Sat Sangat, the True Congregation.

ਉਹਨਾਂ ਦੀ ਸੰਗਤਿ ਮੈਂ ਵੱਡੇ ਭਾਗਾਂ ਨਾਲ ਬੜੀ ਉੱਚੀ ਕਿਸਮਤ ਨਾਲ ਪ੍ਰਾਪਤ ਕੀਤੀ ਹੈ।

ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ

By great good fortune, I obtained it, and I meditate on the Naam, the Name of the Lord; my pains and sufferings have been taken away.

ਜੇਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਖ਼ੁਸ਼-ਕਿਸਮਤੀ ਨਾਲ ਹਾਸਲ ਕਰ ਲੈਂਦਾ ਹੈ ਉਹ (ਸਦਾ) ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਸਾਰੇ ਦੁੱਖ ਉਸ ਦੇ ਸਾਰੇ ਕਲੇਸ਼ ਮੁੱਕ ਜਾਂਦੇ ਹਨ। ਸੰਤਾਪ = ਦੁੱਖ-ਕਲੇਸ਼, ਮਾਨਸਕ ਦੁੱਖ।

ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ

I have grasped the Guru's Feet, and my doubts and fears are gone. He Himself has erased my self-conceit.

ਜੇਹੜਾ ਬੰਦਾ ਸਤਿਗੁਰੂ ਦੀ ਚਰਨੀਂ ਲੱਗਦਾ ਹੈ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਹਰੇਕ ਡਰ-ਸਹਮ ਖ਼ਤਮ ਹੋ ਜਾਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਅਹੰਕਾਰ) ਦੂਰ ਕਰ ਲੈਂਦਾ ਹੈ। ਭ੍ਰਮ = ਭਟਕਣਾ। ਭਉ = ਡਰ-ਸਹਮ। ਆਪੁ = ਆਪਾ-ਭਾਵ।

ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਜਾਈ

Granting His Grace, God has united me with Himself; no longer do I suffer the pains of separation, and I shall not have to go anywhere.

ਜਿਸ ਮਨੁੱਖ ਨੂੰ ਪਿਆਰੇ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਚਰਨਾਂ ਵਿਚ ਜੋੜ ਲਿਆ, ਉਹ ਪ੍ਰਭੂ ਤੋਂ ਵਿਛੁੜ ਕੇ ਹੋਰ ਕਿਧਰੇ ਭੀ ਨਹੀਂ ਜਾਂਦਾ। ਪ੍ਰਭਿ = ਪ੍ਰਭੂ ਨੇ। ਕਤਹਿ = ਕਿਤੇ ਭੀ।

ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥

Prays Nanak, I am forever Your slave, Lord; I seek Your Sanctuary. ||2||

ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਮੈਂ ਤੇਰਾ ਦਾਸ ਹਾਂ, ਮੈਨੂੰ ਭੀ ਆਪਣੀ ਸਰਨ ਵਿਚ ਰੱਖ ॥੨॥

ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ

The Lord's Gate - at the Lord's Gate, Your beloved devotees look beautiful.

ਹੇ ਹਰੀ! ਤੇਰੇ ਦਰ ਤੇ, ਤੇਰੇ ਬੂਹੇ ਤੇ (ਖਲੋਤੇ) ਤੇਰੇ ਪਿਆਰੇ ਭਗਤ ਸੋਹਣੇ ਲੱਗ ਰਹੇ ਹਨ। ਦਰੇ = ਦਰਿ, ਦਰ ਤੇ।

ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ

I am a sacrifice, a sacrifice, again and again a sacrifice to them.

ਮੈਂ (ਤੇਰੇ) ਉਹਨਾਂ (ਭਗਤਾਂ) ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਵਾਰੀ = ਕੁਰਬਾਨ। ਜਾਵਾ = ਜਾਵਾਂ, ਮੈਂ ਜਾਂਦਾ ਹਾਂ।

ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ

I am forever a sacrifice, and I humbly bow to them; meeting them, I know God.

ਮੈਂ ਉਹਨਾਂ ਭਗਤਾਂ ਅੱਗੇ ਸਿਰ ਨਿਵਾ ਕੇ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੂੰ ਮਿਲਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ, ਸਦ = ਸਦਾ। ਕਰਿ = ਕਰ ਕੇ। ਭੇਟਤ = ਮਿਲਿਆਂ। ਜਾਤਾ = ਜਾਣ ਲਿਆ, ਡੂੰਘੀ ਸਾਂਝ ਪਾ ਲਈ।

ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ

The Perfect and All-powerful Lord, the Architect of Destiny, is contained in each and every heart, everywhere.

(ਤੇ ਇਹ ਸਮਝ ਆ ਜਾਂਦੀ ਹੈ ਕਿ) ਸਰਬ-ਵਿਆਪਕ ਸਿਰਜਣਹਾਰ ਹਰੇਕ ਸਰੀਰ ਵਿਚ ਹਰ ਥਾਂ ਮੌਜੂਦ ਹੈ। ਘਟਿ ਘਟਿ = ਹਰੇਕ ਸਰੀਰ ਵਿਚ। ਬਿਧਾਤਾ = ਸਿਰਜਣਹਾਰ।

ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਹਾਰੇ

Meeting the Perfect Guru, we meditate on the Naam, and do not lose this life in the gamble.

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹ (ਜੁਆਰੀਏ ਵਾਂਗ) ਜੂਏ ਵਿਚ (ਮਨੁੱਖਾ) ਜਨਮ (ਦੀ ਬਾਜ਼ੀ) ਨਹੀਂ ਹਾਰਦਾ। ਜੂਐ = ਜੂਏ ਵਿਚ।

ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥

Prays Nanak, I seek Your Sanctuary; please, shower Your Mercy upon me, and protect me. ||3||

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਕਿਰਪਾ ਕਰ ਕੇ (ਮੈਨੂੰ ਭੀ ਜੂਏ ਵਿਚ ਜੀਵਨ-ਬਾਜ਼ੀ ਹਾਰਨ ਤੋਂ) ਬਚਾ ਲੈ ॥੩॥

ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ

Innumerable - innumerable are Your Glorious Virtues; how many of them can I sing?

ਹੇ ਪ੍ਰਭੂ! ਤੇਰੇ ਬੇਅੰਤ ਗੁਣ ਹਨ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੈਂ ਤੇਰੇ ਕਿਤਨੇ ਕੁ ਗੁਣ ਗਾ ਸਕਦਾ ਹਾਂ? ਕੇਤਕ = ਕਿਤਨੇ ਕੁ? ਗਾਵਾ = ਗਾਵਾਂ, ਮੈਂ ਗਾ ਸਦਕਾ ਹਾਂ।

ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ

The dust of Your feet, of Your feet, I have obtained, by great good fortune.

ਹੇ ਪ੍ਰਭੂ! ਜੇ ਮੇਰੇ ਵੱਡੇ ਭਾਗ ਹੋਣ ਤਾਂ ਹੀ ਤੇਰੇ ਚਰਨਾਂ ਦੀ ਤੇਰੇ (ਸੋਹਣੇ) ਚਰਨਾਂ ਦੀ ਧੂੜ ਮੈਨੂੰ ਮਿਲ ਸਕਦੀ ਹੈ। ਪਾਵਾ = ਪਾਵਾਂ, ਹਾਸਲ ਕਰਾਂ।

ਹਰਿ ਧੂੜੀ ਨੑਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ

Bathing in the Lord's dust, my filth has been washed away, and the pains of birth and death have departed.

ਪ੍ਰਭੂ ਦੇ ਚਰਨਾਂ ਦੀ ਧੂੜ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ (ਇਸ ਤਰ੍ਹਾਂ ਮਨ ਵਿਚੋਂ ਵਿਕਾਰਾਂ) ਦੀ ਮੈਲ ਦੂਰ ਹੋ ਜਾਂਦੀ ਹੈ, ਤੇ, ਜਨਮ ਮਰਨ ਦੇ (ਸਾਰੀ ਉਮਰ ਦੇ) ਦੁੱਖ ਲਹਿ ਜਾਂਦੇ ਹਨ। ਨ੍ਹ੍ਹਾਈਐ = ਇਸ਼ਨਾਨ ਕਰਨਾ ਚਾਹੀਦਾ ਹੈ। ਗਵਾਈਐ = ਦੂਰ ਕਰ ਲਈਦੀ ਹੈ।

ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ

Inwardly and outwardly, the Transcendent Lord God is ever-present, always with us.

(ਇਹ ਨਿਸ਼ਚਾ ਭੀ ਆ ਜਾਂਦਾ ਹੈ ਕਿ) ਪਰਮੇਸਰ ਪ੍ਰਭੂ ਸਾਡੇ ਅੰਦਰ ਅਤੇ ਬਾਹਰ ਸਾਰੇ ਸੰਸਾਰ ਵਿਚ ਸਦਾ ਸਾਡੇ ਅੰਗ-ਸੰਗ ਵੱਸਦਾ ਹੈ ਸਾਡੇ ਨਾਲ ਵੱਸਦਾ ਹੈ। ਹਦੂਰੇ = ਅੰਗ-ਸੰਗ। ਸਾਥੇ = ਸਾਥਿ, ਨਾਲ।

ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਪਾਵਾ

Suffering departs, and there is peace; singing the Kirtan of the Lord's Praises, one is not consigned to reincarnation again.

(ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦੇ ਅੰਦਰ ਸੁਖ-ਆਨੰਦ ਬਣ ਜਾਂਦੇ ਹਨ ਉਸ ਦੇ ਦੁੱਖ ਮਿਟ ਜਾਂਦੇ ਹਨ, ਉਹ ਮੁੜ ਜੂਨਾਂ ਵਿਚ ਨਹੀਂ ਪੈਂਦਾ। ਕਲਿਆਣ = ਸੁਖ ਆਨੰਦ। ਬਹੁੜਿ = ਮੁੜ, ਫਿਰ।

ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥

Prays Nanak, in the Guru's Sanctuary, one swims across, and is pleasing to God. ||4||2||

ਨਾਨਕ ਬੇਨਤੀ ਕਰਦਾ ਹੈ-ਗੁਰੂ ਦੀ ਸਰਨ ਪਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। (ਜੇ ਮੈਨੂੰ ਭੀ ਗੁਰੂ ਮਿਲ ਪਏ ਤਾਂ ਮੈਂ ਭੀ) ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਵਾਂ ॥੪॥੨॥ ਤਰੀਐ = ਤਰ ਜਾਈਦਾ ਹੈ। ਪ੍ਰਭ ਭਾਵਾ = ਪ੍ਰਭ ਭਾਵਾਂ, ਪ੍ਰਭੂ ਨੂੰ ਚੰਗਾ ਲੱਗ ਪਵਾਂ ॥੪॥੨॥