ਆਸਾ ਮਹਲਾ

Aasaa, Fourth Mehl:

ਆਸਾ ਚੌਥੀ ਪਾਤਸ਼ਾਹੀ।

ਨਾਮੁ ਸੁਣੀ ਨਾਮੋ ਮਨਿ ਭਾਵੈ

I listen to the Naam, the Name of the Lord; the Naam is pleasing to my mind.

(ਹੇ ਭਾਈ!) ਮੈਂ (ਸਦਾ ਪਰਮਾਤਮਾ ਦਾ) ਨਾਮ ਸੁਣਦਾ ਰਹਿੰਦਾ ਹਾਂ, ਨਾਮ ਹੀ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹੈ। ਸੁਣੀ = ਸੁਣੀਂ, ਮੈਂ ਸੁਣਦਾ ਹਾਂ। ਨਾਮੋ = ਨਾਮ ਹੀ। ਮਨਿ = ਮਨ ਵਿਚ।

ਵਡੈ ਭਾਗਿ ਗੁਰਮੁਖਿ ਹਰਿ ਪਾਵੈ ॥੧॥

By great good fortune, the Gurmukh obtains the Lord. ||1||

ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਵੱਡੀ ਕਿਸਮਤਿ ਨਾਲ ਇਹ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ॥੧॥

ਨਾਮੁ ਜਪਹੁ ਗੁਰਮੁਖਿ ਪਰਗਾਸਾ

Chant the Naam, as Gurmukh, and be exalted.

(ਹੇ ਭਾਈ!) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ (ਨਾਮ ਸਿਮਰਨ ਦੀ ਬਰਕਤਿ ਨਾਲ ਅੰਦਰ ਉਚੇ ਆਤਮਕ ਜੀਵਨ ਦਾ) ਚਾਨਣ ਹੋ ਜਾਇਗਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸਾ = ਚਾਨਣ।

ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥੧॥ ਰਹਾਉ

Without the Naam, I have no other support; the Naam is woven into all my breaths and morsels of food. ||1||Pause||

ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਆਤਮਕ ਜੀਵਨ ਵਾਸਤੇ) ਹੋਰ ਕੋਈ ਆਸਰਾ ਨਹੀਂ ਦਿੱਸਦਾ (ਇਸ ਵਾਸਤੇ) ਮੈਂ ਹਰੇਕ ਸਾਹ ਨਾਲ, ਹਰੇਕ ਗਿਰਾਹੀ ਨਾਲ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥ ਧਰ = ਆਸਰਾ। ਮੈ = ਮੈਨੂੰ। ਰਵਿਆ = ਸਿਮਰਿਆ। ਸਾਸ ਗਿਰਾਸਾ = ਸਾਹ ਤੇ ਗਿਰਾਹੀ ਨਾਲ ॥੧॥ ਰਹਾਉ ॥

ਨਾਮੈ ਸੁਰਤਿ ਸੁਨੀ ਮਨਿ ਭਾਈ

The Naam illuminates my mind; listening to it, my mind is pleased.

(ਹੇ ਭਾਈ!) ਜਦੋਂ ਤੋਂ ਮੈਂ ਹਰਿ-ਨਾਮ ਦੀ ਸ੍ਰੋਤ ਸੁਣੀ ਹੈ (ਤਦੋਂ ਤੋਂ ਮੇਰੇ) ਮਨ ਵਿਚ ਪਿਆਰੀ ਲੱਗ ਰਹੀ ਹੈ। ਨਾਮੈ ਸੁਰਤਿ = ਨਾਮ ਦੀ ਹੀ ਸ੍ਰੋਤ। ਭਾਈ = ਪਿਆਰੀ ਲੱਗੀ।

ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥੨॥

One who speaks the Naam - he alone is my friend and companion. ||2||

ਉਹੀ ਮਨੁੱਖ ਮੇਰਾ ਮਿੱਤਰ ਹੈ, ਮੇਰਾ ਸਾਥੀ ਹੈ ਜੇਹੜਾ ਮੈਨੂੰ ਪਰਮਾਤਮਾ ਦਾ ਨਾਮ ਸੁਣਾਂਦਾ ਹੈ ॥੨॥ ਸਖਾਈ = ਸਾਥੀ ॥੨॥

ਨਾਮਹੀਣ ਗਏ ਮੂੜ ਨੰਗਾ

Without the Naam, the fools depart naked.

(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਹੋਏ ਮੂਰਖ ਮਨੁੱਖ (ਇਥੋਂ) ਖ਼ਾਲੀ ਹੱਥ ਚਲੇ ਜਾਂਦੇ ਹਨ, ਮੂੜ = ਮੂਰਖ। ਨੰਗਾ = ਨੰਗੇ, ਕੰਗਾਲ।

ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥੩॥

They burn away to death, chasing the poison of Maya, like the moth chasing the flame. ||3||

(ਜਿਵੇਂ) ਪਤੰਗ (ਬਲਦੇ ਦੀਵੇ ਨੂੰ) ਵੇਖ ਕੇ (ਸੜ ਮਰਦਾ ਹੈ, ਤਿਵੇਂ ਨਾਮ-ਹੀਨ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ) ਜ਼ਹਰ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰਦੇ ਹਨ ॥੩॥ ਪਚਿ ਪਚਿ = ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੁਏ = ਆਤਮਕ ਮੌਤੇ ਮਰੇ। ਬਿਖ = ਜ਼ਹਰ। ਦੇਖਿ = ਵੇਖ ਕੇ ॥੩॥

ਆਪੇ ਥਾਪੇ ਥਾਪਿ ਉਥਾਪੇ

He Himself establishes, and, having established, disestablishes.

(ਜੀਵਾਂ ਦੇ ਭੀ ਕੀਹ ਵੱਸ?) ਜੇਹੜਾ ਪਰਮਾਤਮਾ ਆਪ ਹੀ ਜਗਤ-ਰਚਨਾ ਰਚਦਾ ਹੈ ਜੇਹੜਾ ਆਪ ਹੀ ਰਚ ਕੇ ਨਾਸ ਭੀ ਕਰਦਾ ਹੈ, ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।

ਨਾਨਕ ਨਾਮੁ ਦੇਵੈ ਹਰਿ ਆਪੇ ॥੪॥੬॥੫੮॥

O Nanak, the Lord Himself bestows the Naam. ||4||6||58||

ਹੇ ਨਾਨਕ! ਉਹ ਪਰਮਾਤਮਾ ਆਪ ਹੀ ਹਰਿ-ਨਾਮ ਦੀ ਦਾਤਿ ਦੇਂਦਾ ਹੈ ॥੪॥੬॥੫੮॥ ਆਪੇ = ਆਪ ਹੀ ॥੪॥੬॥੫੮॥