ਆਸਾ ॥
Aasaa:
ਆਸਾ।
ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥
The body is a bag with seventy-two chambers, and one opening, the Tenth Gate.
ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ। ਬਟੂਆ = {Skt. वर्तुल Pkt. ब-ल Plural ਬਟੂਆ} ਉਹ ਥੈਲਾ ਜਿਸ ਵਿਚ ਜੋਗੀ ਬਿਭੂਤ ਪਾ ਕੇ ਰੱਖਦਾ ਹੈ। ਏਕੁ = ਇੱਕ ਪ੍ਰਭੂ-ਨਾਮੁ। ਬਹਤਰਿ = ਬਹੱਤਰ ਵੱਡੀਆਂ ਨਾੜੀਆਂ ਵਾਲਾ ਸਰੀਰ। ਆਧਾਰੀ = ਝੋਲੀ। ਜਿਸਹਿ = ਜਿਸ ਸਰੀਰ-ਰੂਪ ਝੋਲੀ ਨੂੰ। ਏਕੋ ਦੁਆਰਾ = (ਪ੍ਰਭੂ ਨਾਲ ਮਿਲਣ ਲਈ) ਇੱਕੋ (ਦਸਮ-ਦੁਆਰ ਰੂਪ) ਬੂਹਾ ਹੈ।
ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥
He alone is a real Yogi on this earth, who asks for the primal world of the nine regions. ||1||
ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥ ਨਵੈ ਖੰਡ ਕੀ = ਨੌ ਖੰਡਾਂ ਵਾਲੀ, ਨੌ ਗੋਲਕਾਂ ਵਾਲੀ (ਦੇਹੀ)। ਪ੍ਰਿਥਮੀ = ਸਰੀਰ-ਰੂਪ ਧਰਤੀ। ਜਗਿ = ਜਗਤ ਵਿਚ। ਸਾਰਾ = ਸ੍ਰੇਸ਼ਟ ॥੧॥
ਐਸਾ ਜੋਗੀ ਨਉ ਨਿਧਿ ਪਾਵੈ ॥
Such a Yogi obtains the nine treasures.
ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ, ਨਉ ਨਿਧਿ = ਨੌ ਖ਼ਜ਼ਾਨੇ। ਬ੍ਰਹਮੁ = ਪਰਮਾਤਮਾ।
ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥
He lifts his soul up from below, to the skies of the Tenth Gate. ||1||Pause||
ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥ ਤਲ ਕਾ ਬ੍ਰਹਮੁ = ਪਰਮਾਤਮਾ ਦੀ ਉਹ ਅੰਸ ਜੋ ਹੇਠਾਂ ਹੀ ਟਿਕੀ ਰਹਿੰਦੀ ਹੈ, ਮਾਇਆ ਵਿਚ ਫਸਿਆ ਆਤਮਾ। {ਨੋਟ: 'ਬ੍ਰਹਮ' ਸੰਸਕ੍ਰਿਤ ਦਾ ਲਫ਼ਜ਼ ਹੈ, ਇਸ ਦਾ ਅਰਥ 'ਪ੍ਰਾਣ' ਨਹੀਂ ਹੈ; ਜੋਗ-ਮਤ ਦੇ ਸਾਰੇ ਲਫ਼ਜ਼ ਵੇਖ ਕੇ ਹਰੇਕ ਲਫ਼ਜ਼ ਦੇ ਅਰਥ ਬਦੋ-ਬਦੀ ਜੋਗ-ਮਤ ਨਾਲ ਮੇਲ ਖਾਣ ਵਾਲੇ ਕਰੀ ਜਾਣਾ ਠੀਕ ਨਹੀਂ ਹੈ। ਕਬੀਰ ਜੀ ਤਾਂ ਹਠ-ਜੋਗ ਦੇ ਥਾਂ ਇੱਥੇ ਨਾਮ ਸਿਮਰਨ ਦੀ ਵਡਿਆਈ ਦੱਸ ਰਹੇ ਹਨ। ਚੌਥੇ ਬੰਦ ਵਿਚ ਸਾਫ਼ ਦੱਸਦੇ ਹਨ ਕਿ ਨਾਮ ਦਾ ਸਿਮਰਨ ਸਭ ਤੋਂ ਸ੍ਰੇਸ਼ਟ 'ਜੋਗ' ਹੈ। ਪਹਿਲੇ ਬੰਦ ਵਿਚ ਭੀ ਇਹੀ ਦੱਸਦੇ ਹਨ ਕਿ ਸਾਡੀਆਂ ਨਜ਼ਰਾਂ ਵਿਚ ਉਹ ਜੋਗੀ ਸ੍ਰੇਸ਼ਟ ਹੈ, ਜਿਸ ਨੇ 'ਨਾਮ' ਨੂੰ ਬਟੂਆ ਬਣਾਇਆ ਹੈ}। ਗਗਨਿ = ਅਕਾਸ਼ ਵਿਚ, ਉਤਾਂਹ ਮਾਇਆ ਦੇ ਪ੍ਰਭਾਵ ਤੋਂ ਉੱਚਾ ॥੧॥ ਰਹਾਉ ॥
ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥
He makes spiritual wisdom his patched coat, and meditation his needle. He twists the thread of the Word of the Shabad.
ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ; ਖਿੰਥਾ = ਗੋਦੜੀ। ਮਥਿ = ਵੱਟ ਕੇ। ਘਾਲੈ = ਪਾਂਦਾ ਹੈ।
ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥
Making the five elements his deer skin to sit on, he walks on the Guru's Path. ||2||
ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥ ਪੰਚ ਤਤੁ = ਸਰੀਰ ਜੋ ਪੰਜ ਤੱਤਾਂ ਦਾ ਬਣਿਆ ਹੈ। ਮਿਰਗਾਣੀ = ਮ੍ਰਿਗਛਾਲਾ, ਆਸਣ। ਪੰਜ...ਮਿਰਗਾਣੀ = ਸਰੀਰ ਨੂੰ ਆਸਣ ਬਣਾ ਕੇ, ਸਰੀਰ ਦੇ ਮੋਹ ਨੂੰ ਪੈਰਾਂ ਹੇਠ ਰੱਖ ਕੇ, ਦੇਹ-ਅੱਧਿਆਸ ਨੂੰ ਮੁਕਾ ਕੇ। ਮਾਰਗਿ = ਰਸਤੇ ਉੱਤੇ। ਚਾਲੈ = ਤੁਰਦਾ ਹੈ ॥੨॥
ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥
He makes compassion his shovel, his body the firewood, and he kindles the fire of divine vision.
ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ, ਫਾਹੁਰੀ = ਧੂਏਂ ਦੀ ਸੁਆਹ ਇਕੱਠੀ ਕਰਨ ਵਾਲੀ ਪਹੌੜੀ। ਧੂਈ = ਧੂਆਂ, ਧੂਣੀ। ਦ੍ਰਿਸਟਿ = (ਹਰ ਥਾਂ ਪ੍ਰਭੂ ਨੂੰਵੇਖਣ ਵਾਲੀ) ਨਜ਼ਰ।
ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥
He places love within his heart, and he remains in deep meditation throughout the four ages. ||3||
ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥ ਤਿਸ ਕਾ = ਉਸ ਪ੍ਰਭੂ ਦਾ। ਭਾਉ = ਪਿਆਰ। ਚਹੁ ਜੁਗ = ਸਦਾ ਹੀ, ਅਟੱਲ। ਤਾੜੀ ਲਾਵੈ = ਸੁਰਤ ਜੋੜੀ ਰੱਖਦਾ ਹੈ ॥੩॥
ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥
All Yoga is in the Name of the Lord; the body and the breath of life belong to Him.
ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ। ਜੋਗਤਣ = ਜੋਗ ਕਮਾਉਣ ਦਾ ਉੱਦਮ। ਪਿੰਡੁ = ਸਰੀਰ।
ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥
Says Kabeer, if God grants His Grace, He bestows the insignia of Truth. ||4||7||
ਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥ ਦੇਇ = ਦੇਂਦਾ ਹੈ। ਸਚਾ = ਸਦਾ ਟਿਕਿਆ ਰਹਿਣ ਵਾਲਾ। ਨੀਸਾਨਾ = ਨਿਸ਼ਾਨ, ਮੱਥੇ ਉੱਤੇ ਨੂਰ ॥੪॥੭॥