ਗਉੜੀ ਮਹਲਾ ੯ ॥
Gauree, Ninth Mehl:
ਗਊੜੀ ਪਾਤਸ਼ਾਹੀ ਨੌਵੀਂ।
ਸਾਧੋ ਰਾਮ ਸਰਨਿ ਬਿਸਰਾਮਾ ॥
Holy Saadhus: rest and peace are in the Sanctuary of the Lord.
ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਾਧੋ = ਹੇ ਸੰਤ ਜਨੋ! ਬਿਸਰਾਮਾ = ਸ਼ਾਂਤੀ, ਸੁਖ।
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥
This is the blessing of studying the Vedas and the Puraanas, that you may meditate on the Name of the Lord. ||1||Pause||
ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ ॥੧॥ ਰਹਾਉ ॥ ਕੋ = ਦਾ। ਗੁਨ = ਲਾਭ ॥੧॥ ਰਹਾਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
Greed, emotional attachment to Maya, possessiveness, the service of evil, pleasure and pain,
(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਮਮਤਾ = ਅਪਣੱਤ। ਫੁਨਿ = ਭੀ, ਅਤੇ। ਅਉ = ਅਉਰ, ਅਤੇ। ਬਿਖਿਅਨ ਕੀ ਸੇਵਾ = ਵਿਸ਼ਿਆਂ ਦਾ ਸੇਵਨ।
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥
- those who are not touched by these, are the very embodiment of the Divine Lord. ||1||
ਖ਼ੁਸ਼ੀ, ਗ਼ਮੀ-(ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ॥੧॥ ਹਰਖੁ = ਖ਼ੁਸ਼ੀ। ਸੋਗੁ = ਗ਼ਮੀ। ਜਿਹ = ਜਿਸ ਨੂੰ। ਨਾਹਨਿ = ਨਹੀਂ। ਦੇਵ = ਭਗਵਾਨ ॥੧॥
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
Heaven and hell, ambrosial nectar and poison, gold and copper - these are all alike to them.
(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ, ਬਿਖੁ = ਜ਼ਹਰ। ਸਮ = ਇਕੋ ਜਿਹਾ। ਤਿਉ = ਉਸੇ ਤਰ੍ਹਾਂ। ਅਰੁ = ਅਤੇ। ਪੈਸਾ = ਤਾਂਬਾ।
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥
Praise and slander are all the same to them, as are greed and attachment. ||2||
ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ-ਉਸ ਨੂੰ ਇਕ ਸਮਾਨ ਹਨ), ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ ॥੨॥ ਕੰਚਨ = ਸੋਨਾ। ਜਾ ਕੈ = ਜਿਸ ਦੇ ਹਿਰਦੇ ਵਿਚ ॥੨॥
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
They are not bound by pleasure and pain - know that they are truly wise.
(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ। ਏ = ਇਹ (ਦੁਖ ਤੇ ਸੁਖ)। ਬਾਧੇ = ਬੰਨ੍ਹਦੇ। ਤਿਹ = ਉਸ ਨੂੰ। ਗਿਆਨੀ = ਪਰਮਾਤਮਾ ਨਾਲ ਜਾਣ-ਪਛਾਣ ਪਾ ਰੱਖਣ ਵਾਲਾ।
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
O Nanak, recognize those mortal beings as liberated, who live this way of life. ||3||7||
ਹੇ ਨਾਨਕ! (ਆਖ-ਹੇ ਸੰਤ ਜਨੋ! ਲੋਭ, ਮੋਹ, ਦੁਖ ਸੁਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ ॥੩॥੭॥ ਮਾਨਹੁ = ਸਮਝੋ। ਇਹ ਬਿਧਿ ਕੋ = ਇਸ ਕਿਸਮ ਦਾ, ਇਸ ਕਿਸਮ ਦੇ ਜੀਵਨ ਵਾਲਾ। ਜੋ = ਜੇਹੜਾ ॥੩॥