ਜੈਤਸਰੀ ਮਃ ੫ ॥
Jaitsree, Fifth Mehl:
ਜੈਤਸਰੀ ਪੰਜਵੀਂ ਪਾਤਿਸ਼ਾਹੀ।
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥
I am calmed, calmed and soothed, hearing of God. ||1||Pause||
ਹੇ ਭਾਈ! ਮੈਂ ਪ੍ਰਭੂ (ਦੀਆਂ ਗੱਲਾਂ) ਨੂੰ ਸੁਣ ਸੁਣ ਕੇ (ਆਪਣੇ ਮਨ ਵਿਚ) ਸਦਾ ਧੀਰਜ ਹਾਸਲ ਕਰਦਾ ਰਹਿੰਦਾ ਹਾਂ ॥੧॥ ਰਹਾਉ ॥ ਧੀਰਉ = ਧੀਰਉਂ, ਮੈਂ ਧੀਰਜ ਹਾਸਲ ਕਰਦਾ ਹਾਂ। ਕਉ = ਨੂੰ। ਸੁਨਿ = ਸੁਣ ਕੇ ॥੧॥ ਰਹਾਉ ॥
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥
I dedicate my soul, my breath of life, my mind, body and everything to Him: I behold God near, very near. ||1||
ਹੇ ਭਾਈ! ਪ੍ਰਭੂ ਨੂੰ ਹਰ ਵੇਲੇ (ਆਪਣੇ) ਨੇੜੇ ਵੇਖ ਵੇਖ ਕੇ ਮੈਂ ਆਪਣੀ ਜਿੰਦ-ਪ੍ਰਾਣ, ਆਪਣਾ ਮਨ ਤਨ ਸਭ ਕੁਝ ਉਸ ਦੀ ਭੇਟ ਕਰਦਾ ਰਹਿੰਦਾ ਹਾਂ ॥੧॥ ਜੀਅ = ਜਿੰਦ। ਸਭੁ = ਹਰੇਕ ਚੀਜ਼, ਸਭ ਕੁਝ। ਅਰਪਉ = ਅਪਰਉਂ, ਮੈਂ ਅਰਪਨ ਕਰਦਾ ਹਾਂ। ਨੀਰਉ = ਨੇੜੇ। ਪੇਖਿ = ਵੇਖ ਕੇ ॥੧॥
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥
Beholding God, the inestimable, infinite and Great Giver, I cherish Him in my mind. ||2||
ਹੇ ਭਾਈ! ਉਹ ਪ੍ਰਭੂ ਵੱਡਾ ਦਾਤਾ ਹੈ, ਬੇਅੰਤ ਹੈ, ਉਸ ਦੇ ਗੁਣਾਂ ਦਾ ਲੇਖਾ ਨਹੀਂ ਹੋ ਸਕਦਾ। ਉਸ ਪ੍ਰਭੂ ਨੂੰ (ਹਰ ਥਾਂ) ਵੇਖ ਕੇ ਮੈਂ ਉਸ ਨੂੰ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ ॥੨॥ ਬਡ = ਵੱਡਾ। ਮਨਹਿ = ਮਨ ਵਿਚ। ਗਹੀਰਉ = ਮੈਂ ਗਹਿ ਰੱਖਦਾ ਹਾਂ, ਮੈਂ ਫੜੀ ਰੱਖਦਾ ਹਾਂ ॥੨॥
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥
Whatever I wish for, I receive; my hopes and desires are fulfilled, meditating on God. ||3||
ਹੇ ਭਾਈ! ਮੈਂ (ਜੇਹੜੀ ਜੇਹੜੀ ਚੀਜ਼) ਚਾਹੁੰਦਾ ਹਾਂ, ਉਹੀ ਉਹੀ (ਉਸ ਪ੍ਰਭੂ ਪਾਸੋਂ) ਪ੍ਰਾਪਤ ਕਰ ਲੈਂਦਾ ਹਾਂ। ਪ੍ਰਭੂ (ਦੇ ਨਾਮ) ਨੂੰ ਜਪ ਜਪ ਕੇ ਮੈਂ ਆਪਣੀ ਹਰੇਕ ਆਸ ਹਰੇਕ ਮੁਰਾਦ (ਉਸ ਦੇ ਦਰ ਤੋਂ) ਪੂਰੀ ਕਰ ਲੈਂਦਾ ਹਾਂ ॥੩॥ ਚਾਹਉ = ਚਾਹਉਂ, ਮੈਂ ਚਾਹੁੰਦਾ ਹਾਂ। ਸੋਈ ਸੋਈ = ਉਹੀ ਉਹੀ ਚੀਜ਼। ਪਾਵਉ = ਪਾਵਉਂ, ਮੈਂ ਹਾਸਲ ਕਰ ਲੈਂਦਾ ਹਾਂ। ਮਨਸਾ = {मनीषा} ਮਨ ਦੀ ਮੁਰਾਦ। ਪੂਰਉ = ਪੂਰਉਂ, ਮੈਂ ਪੂਰੀ ਕਰ ਲੈਂਦਾ ਹਾਂ ॥੩॥
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥
By Guru's Grace, God dwells in Nanak's mind; he never suffers or grieves, having realized God. ||4||2||3||
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਹ ਪ੍ਰਭੂ ਮੇਰੇ) ਮਨ ਵਿਚ ਆ ਵੱਸਿਆ ਹੈ, ਹੁਣ ਮੈਂ ਪ੍ਰਭੂ (ਦੀ ਉਦਾਰਤਾ) ਨੂੰ ਸਮਝ ਕੇ ਕਿਸੇ ਭੀ ਦੁੱਖ ਵਿਚ ਚਿੰਤਾਤੁਰ ਨਹੀਂ ਹੁੰਦਾ ॥੪॥੨॥੩॥ ਪ੍ਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ। ਦੂਖਿ = (ਕਿਸੇ) ਦੁੱਖ ਵਿਚ। ਝੂਰਉ = ਝੂਰਉਂ, ਮੈਂ ਝੂਰਦਾ ਹਾਂ। ਬੁਝਿ = ਸਮਝ ਕੇ ॥੪॥੨॥੩॥