ਗਉੜੀ ਮਹਲਾ

Gauree, First Mehl:

ਗਉੜੀ ਪਾਤਸ਼ਾਹੀ ਪਹਿਲੀ।

ਹਉਮੈ ਕਰਤ ਭੇਖੀ ਨਹੀ ਜਾਨਿਆ

Acting in egotism, the Lord is not known, even by wearing religious robes.

("ਮੈਂ ਧਰਮੀ ਹਾਂ ਮੈਂ ਧਰਮੀ ਹਾਂ" ਇਹ) "ਮੈਂ ਮੈਂ" ਕਰਦਿਆਂ (ਨਿਰੇ) ਧਾਰਮਿਕ ਭੇਖਾਂ ਦੀ ਰਾਹੀਂ ਕਦੇ ਕਿਸੇ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪਾਈ। ਹਉਮੈ = "ਹਉ ਹਉ, ਮੈਂ ਮੈਂ", "ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ।" ਕਰਤ = ਕਰਦਿਆਂ। ਭੇਖੀ = ਧਾਰਮਿਕ ਭੇਖਾਂ ਨਾਲ। ਜਾਨਿਆ = ਪਰਮਾਤਮਾ ਨਾਲ ਸਾਂਝ ਪਾਈ।

ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥

How rare is that Gurmukh, who surrenders his mind in devotional worship. ||1||

ਗੁਰੂ ਦੀ ਸਰਨ ਪੈ ਕੇ ਹੀ (ਭਾਵ, ਗੁਰੂ ਅੱਗੇ ਆਪਾ-ਭਾਵ ਤਿਆਗਿਆਂ ਹੀ) ਪਰਮਾਤਮਾ ਦੀ ਭਗਤੀ ਵਿਚ ਮਨ ਗਿੱਝਦਾ ਹੈ, ਪਰ ਅਜੇਹਾ ਆਪਾ-ਭਾਵ ਤਿਆਗਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ॥੧॥ ਮਾਨਿਆ = ਗਿੱਝਿਆ, ਮੰਨਿਆ, ਪਤੀਜਿਆ ॥੧॥

ਹਉ ਹਉ ਕਰਤ ਨਹੀ ਸਚੁ ਪਾਈਐ

By actions done in egotism, selfishness and conceit, the True Lord is not obtained.

(ਮੈਂ ਵੱਡਾ ਧਰਮੀ ਹਾਂ, ਮੈਂ ਵੱਡਾ ਰਾਜਾ ਹਾਂ, ਇਹੋ ਜਿਹੀ) ਮੈਂ, ਮੈਂ ਕਰਦਿਆਂ (ਕਦੇ) ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਮਿਲ ਨਹੀਂ ਸਕਦਾ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ

But when egotism departs, then the state of supreme dignity is obtained. ||1||Pause||

ਜਦੋਂ ਇਹ ਹਉਮੇ ਦੂਰ ਹੋਵੇ, ਤਦੋਂ ਹੀ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਸਕੀਦਾ ਹੈ ॥੧॥ ਰਹਾਉ ॥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੧॥ ਰਹਾਉ ॥

ਹਉਮੈ ਕਰਿ ਰਾਜੇ ਬਹੁ ਧਾਵਹਿ

The kings act in egotism, and undertake all sorts of expeditions.

("ਅਸੀਂ ਵੱਡੇ ਰਾਜੇ ਹਾਂ," ਇਸੇ) ਹਉਮੈ ਦੇ ਕਾਰਨ ਹੀ ਰਾਜੇ ਇਕ ਦੂਜੇ ਦੇ ਦੇਸਾਂ ਉਤੇ, ਕਈ ਵਾਰੀ ਹੱਲੇ ਕਰਦੇ ਰਹਿੰਦੇ ਹਨ, ਕਰਿ = ਕਰ ਕੇ, ਦੇ ਕਾਰਨ। ਧਾਵਹਿ = (ਇਕ ਦੂਜੇ ਉਤੇ) ਹੱਲੇ ਕਰਦੇ ਹਨ।

ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥

But through their egotism, they are ruined; they die, only to be reborn over and over again. ||2||

ਆਪਣੇ ਵਡੱਪਣ ਦੇ ਮਾਣ ਵਿਚ ਦੁਖੀ ਹੁੰਦੇ ਹਨ (ਸਿੱਟਾ ਇਹ ਨਿਕਲਦਾ ਹੈ ਕਿ ਪ੍ਰਭੂ ਦੀ ਯਾਦ ਭੁਲਾ ਕੇ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੨॥ ਖਪਹਿ = ਖ਼ੁਆਰ ਹੁੰਦੇ ਹਨ ॥੨॥

ਹਉਮੈ ਨਿਵਰੈ ਗੁਰਸਬਦੁ ਵੀਚਾਰੈ

Egotism is overcome only by contemplating the Word of the Guru's Shabad.

ਜੇਹੜਾ (ਵਡ-ਭਾਗੀ) ਮਨੁੱਖ ਗੁਰੂ ਦਾ ਸ਼ਬਦ ਵਿਚਾਰਦਾ ਹੈ (ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਨਿਵਰੈ = ਦੂਰ ਹੁੰਦੀ ਹੈ।

ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥

One who restrains his fickle mind subdues the five passions. ||3||

ਉਹ (ਭਟਕਣਾ ਵਿਚ ਪਾਣ ਵਾਲੀ ਆਪਣੀ) ਹੋਛੀ ਮਤਿ ਤਿਆਗਦਾ ਹੈ, ਤੇ ਕਾਮਾਦਿਕ ਪੰਜਾਂ ਵੈਰੀਆਂ ਦਾ ਨਾਸ ਕਰਦਾ ਹੈ ॥੩॥ ਪੰਚ = ਕਾਮਾਦਿਕ ਪੰਜਾਂ ਨੂੰ। ਸੰਘਾਰੈ = ਨਾਸ ਕਰਦਾ ਹੈ, ਮਾਰਦਾ ਹੈ ॥੩॥

ਅੰਤਰਿ ਸਾਚੁ ਸਹਜ ਘਰਿ ਆਵਹਿ

With the True Lord deep within the self, the Celestial Mansion is intuitively found.

ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ (ਵੱਸਦਾ) ਹੈ, ਉਹ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਸਾਚੁ = ਸਦਾ-ਥਿਰ ਪ੍ਰਭੂ। ਸਹਜ ਘਰਿ = ਸਹਜ ਦੇ ਘਰ ਵਿਚ, ਸ਼ਾਂਤ ਅਵਸਥਾ ਵਿਚ।

ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥

Understanding the Sovereign Lord, the state of supreme dignity is obtained. ||4||

ਸਾਰੀ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦੇ ਹਨ ॥੪॥ ਰਾਜਨੁ = ਸਾਰੀ ਸ੍ਰਿਸ਼ਟੀ ਦਾ ਰਾਜਾ ਪ੍ਰਭੂ। ਜਾਣਿ = ਸਾਂਝ ਪਾ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੪॥

ਸਚੁ ਕਰਣੀ ਗੁਰੁ ਭਰਮੁ ਚੁਕਾਵੈ

The Guru dispels the doubts of those whose actions are true.

ਜਿਸ ਮਨੁੱਖ ਦੇ ਮਨ ਦੀ ਭਟਕਣਾ ਗੁਰੂ ਦੂਰ ਕਰਦਾ ਹੈ, ਸਦਾ-ਥਿਰ ਪ੍ਰਭੂ ਦਾ ਸਿਮਰਨ ਉਸ ਦਾ ਨਿੱਤ-ਕਰਮ ਬਣ ਜਾਂਦਾ ਹੈ,

ਨਿਰਭਉ ਕੈ ਘਰਿ ਤਾੜੀ ਲਾਵੈ ॥੫॥

They focus their attention on the Home of the Fearless Lord. ||5||

ਉਹ ਨਿਰਭਉ ਪ੍ਰਭੂ ਦੇ ਚਰਨਾਂ ਵਿਚ ਸਦਾ ਆਪਣੀ ਸੁਰਤ ਜੋੜੀ ਰੱਖਦਾ ਹੈ ॥੫॥ ਨਿਰਭਉ ਕੈ ਘਰਿ = ਨਿਰਭਉ ਪ੍ਰਭੂ ਦੇ ਸਰੂਪ ਵਿਚ। ਤਾੜੀ ਲਾਵੈ = ਸੁਰਤਿ ਜੋੜਦਾ ਹੈ ॥੫॥

ਹਉ ਹਉ ਕਰਿ ਮਰਣਾ ਕਿਆ ਪਾਵੈ

Those who act in egotism, selfishness and conceit die; what do they gain?

ਹਉਂ, ਹਉਂ; ਮੈਂ, ਮੈਂ ਦੇ ਕਾਰਨ ਆਤਮਕ ਮੌਤ ਹੀ ਸਹੇੜੀਦੀ ਹੈ, ਇਸ ਤੋਂ ਛੁਟ ਹੋਰ ਕੋਈ ਆਤਮਕ ਗੁਣ ਨਹੀਂ ਲੱਭਦਾ। ਮਰਣਾ = ਆਤਮਕ ਮੌਤ ਸਹੇੜਨੀ। ਕਿਆ ਪਾਵੈ = ਕੋਈ ਆਤਮਕ ਗੁਣ ਪ੍ਰਾਪਤ ਨਹੀਂ ਹੁੰਦਾ।

ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥

Those who meet the Perfect Guru are rid of all conflicts. ||6||

ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਉਮੈ ਦੇ ਇਸ ਟੰਟੇ ਨੂੰ ਆਪਣੇ ਅੰਦਰੋਂ ਮੁਕਾ ਲੈਂਦਾ ਹੈ ॥੬॥ ਭੇਟੇ = ਮਿਲੇ। ਝਗਰੁ = ਹਉਮੈ ਦਾ ਟੰਟਾ ॥੬॥

ਜੇਤੀ ਹੈ ਤੇਤੀ ਕਿਹੁ ਨਾਹੀ

Whatever exists, is in reality nothing.

ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ ਇਹ ਸਾਰੀ ਦੌੜ-ਭੱਜ ਕੋਈ ਆਤਮਿਕ ਲਾਭ ਨਹੀਂ ਪੁਚਾਂਦੀ। ਜੇਤੀ ਹੈ = ਹਉਮੈ ਦੇ ਆਸਰੇ ਜਿਤਨੀ ਭੀ ਦੌੜ-ਭੱਜ ਹੈ। ਤੇਤੀ = ਇਹ ਸਾਰੀ ਦੌੜ-ਭੱਜ। ਕਿਹੁ ਨਾਹੀ = ਕੁਝ ਭੀ ਨਹੀਂ, ਕੋਈ ਆਤਮਕ ਲਾਭ ਨਹੀਂ ਪੁਚਾਂਦੀ, ਵਿਅਰਥ ਜਾਂਦੀ ਹੈ।

ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥

Obtaining spiritual wisdom from the Guru, I sing the Glories of God. ||7||

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ (ਗੁਰੂ ਤੋਂ) ਗਿਆਨ ਪ੍ਰਾਪਤ ਕਰ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ ॥੭॥ ਗਿਆਨ ਭੇਟਿ = ਗਿਆਨ ਨੂੰ ਭੇਟ ਕੇ, ਗਿਆਨ ਪ੍ਰਾਪਤ ਕਰ ਕੇ ॥੭॥

ਹਉਮੈ ਬੰਧਨ ਬੰਧਿ ਭਵਾਵੈ

Egotism binds people in bondage, and causes them to wander around lost.

ਹਉਮੈ (ਜੀਵਾਂ ਨੂੰ ਮੋਹ ਦੇ) ਬੰਧਨਾਂ ਵਿਚ ਬੰਨ੍ਹ ਕੇ ਜਨਮ ਮਰਨ ਦੇ ਗੇੜ ਵਿਚ ਪਾਂਦੀ ਹੈ। ਬੰਧਨ ਬੰਧਿ = ਬੰਧਨਾਂ ਵਿਚ ਬੰਨ੍ਹ ਕੇ।

ਨਾਨਕ ਰਾਮ ਭਗਤਿ ਸੁਖੁ ਪਾਵੈ ॥੮॥੧੩॥

O Nanak, peace is obtained through devotional worship of the Lord. ||8||13||

ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ (ਉਹ ਹਉਮੈ ਤੋਂ ਬਚਿਆ ਰਹਿੰਦਾ ਹੈ, ਤੇ) ਸੁਖ ਪਾਂਦਾ ਹੈ ॥੮॥੧੩॥