ਸੋਰਠਿ ਮਹਲਾ ਪੰਚਪਦਾ

Sorat'h, Fourth Mehl, Panch-Padhay:

ਸੋਰਠਿ ਚੌਥੀ ਪਾਤਿਸ਼ਾਹੀ। ਪੰਚਪਦਾ। ਪੰਚਪਦਾ = ਪੰਜ 'ਬੰਦਾਂ' ਵਾਲਾ ਸ਼ਬਦ।

ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ

If one eats the uneatable, then he becomes a Siddha, a being of perfect spirituality; through this perfection, he obtains wisdom.

(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਦੋਂ) ਮਨੁੱਖ ਇਸ ਅਜਿੱਤ ਮਨ ਨੂੰ ਜਿੱਤ ਲੈਂਦਾ ਹੈ, ਤਦੋਂ (ਜੀਵਨ-ਸੰਗ੍ਰਾਮ ਵਿਚ ਇਸ ਨੂੰ) ਕਾਮਯਾਬੀ ਹੋ ਜਾਂਦੀ ਹੈ, (ਇਸ) ਕਾਮਯਾਬੀ ਤੋਂ (ਮਨੁੱਖ ਨੂੰ ਇਹ) ਅਕਲ ਹਾਸਲ ਹੋ ਜਾਂਦੀ ਹੈ, ਅਚਰੁ = {ਅ-ਚਰੁ} ਨਾਹ ਜਿੱਤਿਆ ਜਾ ਸਕਣ (ਮਨ) ਵਾਲਾ। ਚਰੈ = ਜਿੱਤ ਲੈਂਦਾ ਹੈ। ਸਿਧਿ = (ਜੀਵਨ-ਸੰਗ੍ਰਾਮ ਵਿਚ) ਕਾਮਯਾਬੀ। ਤੇ = ਤੋਂ। ਬੁਧਿ = ਅਕਲ।

ਪ੍ਰੇਮ ਕੇ ਸਰ ਲਾਗੇ ਤਨ ਭੀਤਰਿ ਤਾ ਭ੍ਰਮੁ ਕਾਟਿਆ ਜਾਈ ॥੧॥

When the arrow of the Lord's Love pierces his body, then his doubt is eradicated. ||1||

(ਕਿ) ਪਰਮਾਤਮਾ ਦੇ ਪਿਆਰ ਦੇ ਤੀਰ (ਇਸ ਦੇ) ਹਿਰਦੇ ਵਿਚ ਵਿੱਝ ਜਾਂਦੇ ਹਨ, ਤਦੋਂ (ਇਸ ਦੇ ਮਨ ਦੀ) ਭਟਕਣਾ (ਸਦਾ ਲਈ) ਕੱਟੀ ਜਾਂਦੀ ਹੈ ॥੧॥ ਸਰ = ਤੀਰ। ਤਨ = ਸਰੀਰ, ਹਿਰਦਾ। ਭ੍ਰਮੁ = ਮਨ ਦੀ ਭਟਕਣਾ ॥੧॥

ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ

O my Lord of the Universe, please bless Your humble servant with glory.

ਹੇ ਮੇਰੇ ਗੋਬਿੰਦ! (ਮੈਨੂੰ) ਆਪਣੇ ਦਾਸ ਨੂੰ (ਇਹ) ਇੱਜ਼ਤ ਬਖ਼ਸ਼, ਗੋਬਿਦ = ਹੇ ਗੋਬਿੰਦ! ਕਉ = ਨੂੰ।

ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ਰਹਾਉ

Under Guru's Instructions, enlighten me with the Lord's Name, that I may dwell forever in Your Sanctuary. ||Pause||

(ਕਿ) ਗੁਰੂ ਦੀ ਮਤਿ ਦੀ ਰਾਹੀਂ (ਮੇਰੇ ਅੰਦਰ) ਆਪਣਾ ਨਾਮ ਪਰਗਟ ਕਰ ਦੇਹ, (ਮੈਨੂੰ) ਸਦਾ ਆਪਣੀ ਸ਼ਰਨ ਵਿਚ ਰੱਖ ਰਹਾਉ॥ ਪਰਗਾਸਹੁ = ਪਰਗਟ ਕਰੋ, ਉਜਾਗਰ ਕਰ ਦਿਉ। ਰਹਹੁ = ਰੱਖੋ ॥ਰਹਾਉ॥

ਇਹੁ ਸੰਸਾਰੁ ਸਭੁ ਆਵਣ ਜਾਣਾ ਮਨ ਮੂਰਖ ਚੇਤਿ ਅਜਾਣਾ

This whole world is engrossed in coming and going; O my foolish and ignorant mind, be mindful of the Lord.

ਹੇ ਮੂਰਖ ਅੰਞਾਣ ਮਨ! ਇਹ ਜਗਤ (ਦਾ ਮੋਹ) ਜਨਮ ਮਰਨ (ਦਾ ਕਾਰਨ ਬਣਿਆ ਰਹਿੰਦਾ) ਹੈ (ਇਸ ਤੋਂ ਬਚਣ ਲਈ ਪਰਮਾਤਮਾ ਦਾ ਨਾਮ) ਸਿਮਰਦਾ ਰਹੁ। ਸੰਸਾਰੁ = ਜਗਤ (ਦਾ ਮੋਹ)। ਆਵਣ ਜਾਣਾ = ਜਨਮ ਮਰਨ (ਦਾ ਮੂਲ)। ਮਨ = ਹੇ ਮਨ!

ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥੨॥

O Dear Lord, please, take pity upon me, and unite me with the Guru, that I may merge in the Lord's Name. ||2||

ਹੇ ਹਰੀ! (ਮੇਰੇ ਉੱਤੇ) ਮੇਹਰ ਕਰ, ਮੈਨੂੰ ਗੁਰੂ ਮਿਲਾ, ਤਦੋਂ ਹੀ ਤੇਰੇ ਨਾਮ ਵਿਚ ਲੀਨਤਾ ਹੋ ਸਕਦੀ ਹੈ ॥੨॥ ਨਾਮਿ = ਨਾਮ ਵਿਚ ॥੨॥

ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ

Only one who has it knows God; he alone has it, to whom God has given it

ਹੇ ਭਾਈ! ਇਹ ਨਾਮ-ਵਸਤੁ ਜਿਸ (ਪਰਮਾਤਮਾ) ਦੀ (ਮਲਕੀਅਤ) ਹੈ, ਉਹੀ ਜਾਣਦਾ ਹੈ (ਕਿ ਇਹ ਵਸਤੁ ਕਿਸ ਨੂੰ ਦੇਣੀ ਹੈ), ਜਿਸ ਜੀਵ ਨੂੰ ਪ੍ਰਭੂ ਇਹ ਦਾਤਿ ਦੇਂਦਾ ਹੈ ਉਹੀ ਲੈ ਸਕਦਾ ਹੈ। ਜਿਸ ਕੀ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ}। ਵਥੁ = ਵਸਤੁ, ਨਾਮ-ਵਸਤੁ। ਸੋਈ = ਉਹੀ (ਪ੍ਰਭੂ)। ਜਿਸ ਨੋ = (ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ)। ਸੁ = ਉਹ ਮਨੁੱਖ।

ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥੩॥

- so very beautiful, unapproachable and unfathomable. Through the Perfect Guru, the unknowable is known. ||3||

ਇਹ ਵਸਤ ਐਸੀ ਸੁੰਦਰ ਹੈ ਕਿ ਜਗਤ ਵਿਚ ਇਸ ਵਰਗੀ ਹੋਰ ਕੋਈ ਨਹੀਂ, (ਕਿਸੇ ਚਤੁਰਾਈ-ਸਿਆਣਪ ਦੀ ਰਾਹੀਂ) ਇਸ ਤਕ ਪਹੁੰਚ ਨਹੀਂ ਹੋ ਸਕਦੀ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਭੀ ਇਸ ਤਕ ਪਹੁੰਚ ਨਹੀਂ। (ਜੇ) ਪੂਰਾ ਗੁਰੂ (ਮਿਲ ਪਏ, ਤਾਂ ਉਹੀ) ਅਦ੍ਰਿਸ਼ਟ ਪ੍ਰਭੂ ਦਾ ਦੀਦਾਰ ਕਰਾ ਸਕਦਾ ਹੈ ॥੩॥ ਅਨੂਪ = ਸੁੰਦਰ, ਬੇ-ਮਿਸਾਲ (ਅਨ-ਊਪ = ਉਪਮਾ ਰਹਿਤ)। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਲਖੁ = ਅਦ੍ਰਿਸ਼ਟ ਪ੍ਰਭੂ। ਲਖਾਏ = ਵਿਖਾ ਦੇਂਦਾ ਹੈ ॥੩॥

ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ

Only one who tastes it knows it, like the mute, who tastes the sweet candy, but cannot speak of it.

ਹੇ ਭਾਈ! ਜਿਸ ਮਨੁੱਖ ਨੇ ਇਹ ਨਾਮ-ਵਸਤੁ ਚੱਖੀ ਹੈ (ਇਸ ਦਾ ਸੁਆਦ) ਉਹੀ ਜਾਣਦਾ ਹੈ, (ਉਹ ਬਿਆਨ ਨਹੀਂ ਕਰ ਸਕਦਾ, ਜਿਵੇਂ) ਗੁੰਗੇ ਦੀ (ਖਾਧੀ) ਮਿਠਿਆਈ (ਦਾ ਸੁਆਦ) ਗੁੰਗਾ ਦੱਸ ਨਹੀਂ ਸਕਦਾ। ਜਿਨਿ = ਜਿਸ (ਮਨੁੱਖ) ਨੇ। ਇਹ = ਇਹ ਵਸਤੁ {ਇਸਤ੍ਰੀ ਲਿੰਗ}।

ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥੪॥

The jewel is concealed, but it is not concealed, even though one may try to conceal it. ||4||

(ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ॥੪॥ ਕੋ = ਕੋਈ ਮਨੁੱਖ ॥੪॥

ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ

Everything is Yours, O Inner-knower, Searcher of hearts; You are the Lord God of all.

ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸੋਈ = ਸਾਰ ਰੱਖਣ ਵਾਲਾ।

ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਕੋਈ ॥੫॥੯॥

He alone receives the gift, unto whom You give it; O servant Nanak, there is no one else. ||5||9||

ਹੇ ਨਾਨਕ! (ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ॥੫॥੯॥