ਗਉੜੀ ਬੈਰਾਗਣਿ

Gauree Bairaagan:

ਰਾਗ ਗਉੜੀ-ਬੈਰਾਗਣਿ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ

In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.

(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ; ਸਤਜੁਗਿ = ਸਤਜੁਗ ਵਿਚ। ਸਤੁ = ਦਾਨ, ਸ਼ਾਸਤ੍ਰਾਂ ਦੀ ਵਿਧੀ ਅਨੁਸਾਰ ਕੀਤੇ ਹੋਏ ਦਾਨ ਆਦਿਕ ਕਰਮ। ਤੇਤਾ ਜਗੀ = ਤ੍ਰੇਤਾ ਜੁਗ ਜੁੱਗਾਂ ਵਿਚ (ਪ੍ਰਵਿਰਤ ਹੈ)। ਦੁਆਪਰਿ = ਦੁਆਪਰ ਵਿਚ। ਪੂਜਾਚਾਰ = ਪੂਜਾ ਆਚਾਰ, ਦੇਵਤਿਆਂ ਦੀ ਪੂਜਾ ਆਦਿਕ ਕਰਮ।

ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥

In those three ages, people held to these three ways. But in the Iron Age of Kali Yuga, the Name of the Lord is your only Support. ||1||

(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥ ਦਿੜੇ = ਦ੍ਰਿੜ੍ਹ ਕਰ ਰਹੇ ਹਨ, ਪਕਿਆਈ ਕਰ ਰਹੇ ਹਨ, ਜ਼ੋਰ ਦੇ ਰਹੇ ਹਨ। ਨਾਮ ਅਧਾਰ = (ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਅਵਤਾਰ ਦੇ) ਨਾਮ ਦਾ ਆਸਰਾ, ਸ੍ਰੀ ਰਾਮ ਚੰਦਰ ਅਤੇ ਕ੍ਰਿਸ਼ਨ ਜੀ ਦੀ ਮੂਰਤੀ ਵਿਚ ਸੁਰਤਿ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ ॥੧॥

ਪਾਰੁ ਕੈਸੇ ਪਾਇਬੋ ਰੇ

How can I swim across?

ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ? ਪਾਰੁ = ਸੰਸਾਰ-ਸਮੁੰਦਰ ਦਾ ਪਾਰਲਾ ਕੰਢਾ। ਪਾਇਬੋ = ਪਾਉਗੇ। ਰੇ = ਹੇ ਭਾਈ! ਹੇ ਪੰਡਿਤ!

ਮੋ ਸਉ ਕੋਊ ਕਹੈ ਸਮਝਾਇ

No one has explained to me,

(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ, ਮੋ ਸਉ = ਮੈਨੂੰ। ਕੋਊ = ਇਹਨਾਂ ਕਰਮ-ਕਾਂਡੀ ਪੰਡਿਤਾਂ ਵਿਚੋਂ ਕੋਈ ਭੀ।

ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ

so that I might understand how I can escape reincarnation. ||1||Pause||

ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥ ਆਵਾਗਵਨੁ = ਜੰਮਣਾ ਮਰਨਾ, ਜਨਮ ਮਰਨ ਦਾ ਗੇੜ। ਬਿਲਾਇ = ਦੂਰ ਹੋ ਜਾਏ ॥੧॥ ਰਹਾਉ ॥

ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ

So many forms of religion have been described; the whole world is practicing them.

(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ। ਬਿਧਿ = ਵਿਧੀ, ਤਰੀਕਾ। ਧਰਮ = ਸ਼ਾਸਤ੍ਰਾਂ ਅਨੁਸਾਰ ਦੱਸੇ ਹੋਏ ਹਰੇਕ ਵਰਨ ਆਸ਼ਰਮ ਦੇ ਵੱਖ ਵੱਖ ਕਰਤੱਬ। ਨਿਰੂਪੀਐ = ਮਿਥੇ ਗਏ ਹਨ, ਹੱਦ-ਬੰਦੀ ਕੀਤੀ ਗਈ ਹੈ। ਸਭ ਲੋਇ = ਸਾਰਾ ਜਗਤ। ਕਰਤਾ ਦੀਸੈ = ਉਹਨਾਂ ਧਾਰਮਿਕ ਰਸਮਾਂ ਨੂੰ ਕਰਦਾ ਦਿੱਸ ਰਿਹਾ ਹੈ।

ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥

What actions will bring emancipation, and total perfection? ||2||

ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥ ਜਿਹ ਸਾਧੇ = ਜਿਸ ਦੇ ਸਾਧਨ ਨਾਲ, ਜਿਸ ਧਾਰਮਿਕ ਰਸਮ ਦੇ ਕਰਨ ਨਾਲ। ਸਿਧਿ = ਕਾਮਯਾਬੀ, ਮਨੁੱਖਾ ਜਨਮ ਦੇ ਮਨੋਰਥ ਦੀ ਸਫਲਤਾ ॥੨॥

ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ

One may distinguish between good and evil actions, and listen to the Vedas and the Puraanas,

ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ। ਕਰਮ = ਉਹ ਧਾਰਮਿਕ ਰਸਮਾਂ ਜੋ ਸ਼ਾਸਤ੍ਰਾਂ ਨੇ ਨਿਯਮ ਕੀਤਿਆਂ ਹਨ। ਅਕਰਮ = ਅ-ਕਰਮ, ਉਹ ਕੰਮ ਜੋ ਸ਼ਾਸਤ੍ਰਾਂ ਨੇ ਵਰਜੇ ਹੋਏ ਹਨ। ਸੁਨਿ = ਸੁਣ ਕੇ।

ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥

but doubt still persists. Skepticism continually dwells in the heart, so who can eradicate egotistical pride? ||3||

(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥ ਸੰਸਾ = ਸੰਹਸਾ, ਸਹਿਮ, ਫ਼ਿਕਰ। ਹਿਰੈ = ਦੂਰ ਕਰੇ ॥੩॥

ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ

Outwardly, he washes with water, but deep within, his heart is tarnished by all sorts of vices.

(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ, ਬਾਹਰੁ = (ਸਰੀਰ ਦਾ) ਬਾਹਰਲਾ ਪਾਸਾ {ਨੋਟ: ਲਫ਼ਜ਼ 'ਬਾਹਰੁ' ਅਤੇ 'ਬਾਹਰਿ' ਵਿਚ ਫ਼ਰਕ ਚੇਤੇ ਰੱਖਣ-ਯੋਗ ਹੈ। 'ਬਾਹਰੁ' ਨਾਂਵ ਹੈ, ਅਤੇ 'ਬਾਹਰਿ, ਕ੍ਰਿਆ ਵਿਸ਼ੇਸ਼ਣ ਹੈ}। ਉਦਕਿ = ਉਦਕ ਨਾਲ, ਪਾਣੀ ਨਾਲ। ਪਖਾਰੀਐ = ਧੋ ਦੇਈਏ। ਘਟ = ਹਿਰਦਾ। ਬਿਬਿਧਿ = ਵਿ-ਵਿਧਿ, ਕਈ ਵਿਧੀਆਂ ਦੇ, ਕਈ ਕਿਸਮ ਦੇ।

ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥

So how can he become pure? His method of purification is like that of an elephant, covering himself with dust right after his bath! ||4||

(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥ ਹੋਇਬੋ = ਹੋਵੋਗੇ। ਕੁੰਚਰ = ਹਾਥੀ। ਬਿਉਹਾਰ = ਵਿਹਾਰ, ਕੰਮ ॥੪॥

ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ

With the rising of the sun, the night is brought to its end; the whole world knows this.

(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ। ਰਵਿ = ਸੂਰਜ। ਰਜਨੀ = ਰੈਣਿ, ਰਾਤ। ਜਥਾ ਗਤਿ = ਜਿਵੇਂ ਦੂਰ ਹੋ ਜਾਂਦੀ ਹੈ।

ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥

It is believed that with the touch of the Philosopher's Stone, copper is immediately transformed into gold. ||5||

ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥ ਮਾਨੋ = ਜਾਣੋ। ਕਨਕ = ਸੋਨਾ। ਹੋਤ ਨਹੀ ਬਾਰ = ਚਿਰ ਨਹੀਂ ਲੱਗਦਾ ॥੫॥

ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ

When one meets the Supreme Philosopher's Stone, the Guru, if such pre-ordained destiny is written on one's forehead,

(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। ਪਰਮ ਪਰਸ = ਸਭ ਪਾਰਸਾਂ ਤੋਂ ਵਧੀਆ ਪਾਰਸ। ਭੇਟੀਐ = ਮਿਲ ਪਏ। ਲਿਲਾਟ = ਮੱਥੇ ਉੱਤੇ।

ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥

then the soul blends with the Supreme Soul, and the stubborn doors are opened wide. ||6||

(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥ ਉਨਮਨ = {Skt. उन्मनस् = (Adj.) anxious, eager, impatient} ਤਾਂਘ-ਭਰਿਆ। ਉਨਮਨ ਮਨ = ਉਹ ਹਿਰਦਾ ਜਿਸ ਵਿਚ ਪ੍ਰਭੂ-ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ ਹੈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ, ਅੰਤਰ-ਆਤਮੇ ਹੀ। ਬਜਰ = ਕਰੜੇ, ਸਖ਼ਤ, ਪੱਕੇ। ਕਪਾਟ = ਕਵਾੜ, ਦਰਵਾਜ਼ੇ ਦੇ ਭਿੱਤ ॥੬॥

ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ

Through the way of devotion, the intellect is imbued with Truth; doubts, entanglements and vices are cut away.

ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ। ਜੁਗਤਿ = ਤਰੀਕਾ, ਸਾਧਨ। ਭਗਤਿ ਜੁਗਤਿ = ਬੰਦਗੀ-ਰੂਪ ਸਾਧਨ (ਵਰਤ ਕੇ)। ਮਤਿ = ਬੁੱਧੀ, ਅਕਲ। ਸਤਿ ਕਰੀ = ਪੱਕੀ ਕਰ ਲਈ, ਦ੍ਰਿੜ੍ਹ ਕਰ ਲਈ, ਮਾਇਆ ਵਿਚ ਡੋਲਣ ਤੋਂ ਰੋਕ ਲਈ। ਕਾਟਿ = ਕੱਟ ਕੇ।

ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥

The mind is restrained, and one attains joy, contemplating the One Lord, who is both with and without qualities. ||7||

ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥ ਸੋਈ = ਉਹੀ ਮਨੁੱਖ। ਬਸਿ = ਵੱਸ ਕੇ, ਟਿਕ ਕੇ, ਪ੍ਰਭੂ ਦੀ ਯਾਦ ਵਿਚ ਟਿਕ ਕੇ। ਰਸਿ = ਆਨੰਦ ਨਾਲ। ਮਨ ਮਿਲੇ = ਮਨ ਹੀ ਮਿਲੇ, ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦੇ ਹਨ। ਨਿਰਗੁਨ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਪ੍ਰਭੂ। ਗੁਨ ਬਿਚਾਰ = ਗੁਣਾਂ ਦੀ ਵਿਚਾਰ, ਗੁਣਾਂ ਦੀ ਯਾਦ ॥੭॥

ਅਨਿਕ ਜਤਨ ਨਿਗ੍ਰਹ ਕੀਏ ਟਾਰੀ ਟਰੈ ਭ੍ਰਮ ਫਾਸ

I have tried many methods, but by turning it away, the noose of doubt is not turned away.

(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ। ਨਿਗ੍ਰਹ = ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਵਿਕਾਰਾਂ ਵਲੋਂ ਰੋਕਣਾ। ਟਾਰੀ ਨ ਟਰੈ = ਟਾਲਿਆਂ ਟਲਦੀ ਨਹੀਂ। ਭ੍ਰਮ ਫਾਸ = ਭਟਕਣਾ ਦੀ ਫਾਹੀ।

ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥

Love and devotion have not welled up within me, and so Ravi Daas is sad and depressed. ||8||1||

(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥ ਪ੍ਰੇਮ ਭਗਤਿ = ਪਿਆਰ-ਭਰੀ ਯਾਦ, ਪ੍ਰਭੂ ਦੀ ਪਿਆਰ-ਭਰੀ ਯਾਦ। ਉਦਾਸ = ਇਹਨਾਂ ਜਤਨਾਂ ਤੋਂ ਉਪਰਾਮ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ ॥੮॥੧॥