ਧਨਾਸਰੀ ਮਹਲਾ ੪ ॥
Dhanaasaree, Fourth Mehl:
ਧਨਾਸਰੀ ਚੌਥੀ ਪਾਤਸ਼ਾਹੀ।
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥
Tell me, O Siblings of Destiny, the religion for this Dark Age of Kali Yuga. I seek emancipation - how can I be emancipated?
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ? ਕਲਿ = ਝਗੜੇ-ਕਲੇਸ਼। ਜੁਗ = ਸਮਾ। ਕਲਿਜੁਗ = ਝਗੜੇ ਕਲੇਸ਼ਾਂ ਨਾਲ ਭਰਪੂਰ ਜਗਤ {ਨੋਟ: ਇਥੇ 'ਜੁਗਾਂ' ਦਾ ਜ਼ਿਕਰ ਨਹੀਂ ਚੱਲ ਰਿਹਾ। ਸਾਧਾਰਨ ਤੌਰ ਤੇ ਦਸਿਆ ਹੈ ਕਿ ਦੁਨੀਆ ਵਿਚ ਮਾਇਆ ਦੇ ਮੋਹ ਕਾਰਨ ਝਗੜੇ-ਕਲੇਸ਼ ਵਧੇ ਰਹਿੰਦੇ ਹਨ}। ਕਲਿਜੁਗ ਕਾ ਧਰਮੁ = ਉਹ ਧਰਮ ਜੋ ਦੁਨੀਆ ਦੇ ਝੰਬੇਲਿਆਂ ਤੋਂ ਬਚਾ ਸਕੇ। ਭਾਈ = ਹੇ ਭਾਈ! ਕਿਵ ਛੂਟਹ = ਅਸੀਂ ਕਿਵੇਂ ਬਚੀਏ? ਛੁਟਕਾਕੀ = ਬਚਣ ਦੇ ਚਾਹਵਾਨ।
ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥
Meditation on the Lord, Har, Har, is the boat, the raft; meditating on the Lord, the swimmer swims across. ||1||
(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਤੁਲਹਾ = ਨਦੀ ਪਾਰ ਕਰਨ ਲਈ ਲੱਕੜਾਂ ਬਾਂਸਾਂ ਆਦਿਕ ਨੂੰ ਬੰਨ੍ਹ ਕੇ ਬਣਾਇਆ ਹੋਇਆ ਆਸਰਾ। ਤਰਾਕੀ = ਤਾਰੂ ॥੧॥
ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥
O Dear Lord, protect and preserve the honor of Your humble servant.
ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਲਾਜ = ਇੱਜ਼ਤ।
ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
O Lord, Har, Har, please make me chant the chant of Your Name; I beg only for Your devotional worship. ||Pause||
ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥ ਹਮ ਮਾਗੀ = ਅਸਾਂ ਮੰਗੀ ਹੈ। ਇਕਾਕੀ = ਇਕੋ ਹੀ ॥ਰਹਾਉ॥
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥
The Lord's servants are very dear to the Lord; they chant the Word of the Lord's Bani.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ। ਸੇ = ਉਹ {ਬਹੁ-ਬਚਨ}। ਬਚਨਾਕੀ = ਬਚਨਾਂ ਦੀ ਰਾਹੀਂ, ਗੁਰੂ ਦੀ ਬਾਣੀ ਦੀ ਰਾਹੀਂ।
ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥
The account of the recording angels, Chitr and Gupt, and the account with the Messenger of Death is totally erased. ||2||
ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥ ਚਿਤ੍ਰ ਗੁਪਤਿ = ਚਿਤ੍ਰ ਗੁਪਤ ਨੇ {ਚਿਤ੍ਰ ਗੁਪਤ; ਧਰਮ ਰਾਜ ਦੇ ਇਹ ਦੋਵੇਂ ਲਿਖਾਰੀ ਮੰਨੇ ਗਏ ਹਨ, ਜੋ ਹਰੇਕ ਜੀਵ ਦੇ ਕੀਤੇ ਕਰਮਾਂ ਦਾ ਲੇਖਾ ਲਿਖਦੇ ਰਹਿੰਦੇ ਹਨ}। ਛੂਟੀ = ਮੁੱਕ ਗਈ। ਬਾਕੀ = ਹਿਸਾਬ ॥੨॥
ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥
The Saints of the Lord meditate on the Lord in their minds; they join the Saadh Sangat, the Company of the Holy.
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ, ਮਨਿ = ਮਨ ਵਿਚ। ਲਗਿ = ਲੱਗ ਕੇ।
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥
The piercing sun of desires has set, and the cool moon has risen. ||3||
ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥ ਦਿਨੀਅਰੁ = {दिनकर} ਸੂਰਜ। ਸੂਰੁ = ਸੂਰਜ। ਅਗਨਿ = ਅੱਗ। ਸਿਵ = ਕੱਲਿਆਣ-ਸਰੂਪ ਪਰਮਾਤਮਾ। ਚੰਦਾਕੀ = ਚਾਨਣੀ ਵਾਲਾ ॥੩॥
ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥
You are the Greatest Being, absolutely unapproachable and unfathomable; You created the Universe from Your Own Being.
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ। ਅਗਮ = ਅਪਹੁੰਚ। ਅਗੋਚਰ = {ਅ-ਗੋ-ਚਰ। ਗੋ = ਗਿਆਨ-ਇੰਦ੍ਰ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਪਾਕੀ = ਆਪ ਹੀ।
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥
O God, take pity on servant Nanak, and make him the slave of the slave of Your slaves. ||4||6||
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥ ਕਉ = ਨੂੰ, ਉਤੇ। ਕਰਿ = ਬਣਾ ਲੈ ॥੪॥੬॥