ਮਃ ੧ ॥
First Mehl:
ਪਹਿਲੀ ਪਾਤਿਸ਼ਾਹੀ।
ਅਜਰੁ ਜਰੈ ਤ ਨਉ ਕੁਲ ਬੰਧੁ ॥
One who bears the unbearable, controls the nine holes of the body.
ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ, ਅਜਰੁ = ਜੋ ਜਰਿਆ ਨਾ ਜਾ ਸਕੇ, ਉਹ ਹਾਲਤ ਜਿਸ ਨੂੰ ਜਰਨਾ ਔਖਾ ਹੈ, ਮਨ ਦਾ ਉਹ ਵੇਗ ਜਿਸ ਨੂੰ ਜਰਨਾ ਔਖਾ ਹੈ (ਨੋਟ: ਕਈ ਸੱਜਣ ਇਸ ਦਾ ਅਰਥ ਇਉਂ ਕਰਦੇ ਹਨ: 'ਆਤਮ ਰਸ ਜੋ ਅਜਰ ਵਸਤੂ ਹੈ।' ਪਰ ਪ੍ਰਸ਼ਨ ਉੱਠਦਾ ਹੈ ਕਿ 'ਆਤਮਰਸ' ਕਿਉਂ 'ਅਜਰ' ਹੈ? ਕੀ ਇਹ ਕੋਈ ਐਸੀ ਅਯੋਗ ਅਵਸਥਾ ਪੈਦਾ ਕਰ ਦੇਂਦਾ ਹੈ ਜੋ ਜਰੀ ਨਹੀਂ ਜਾਂਦੀ? ਫਿਰ, ਜੇ 'ਬੰਦਗੀ' ਭੀ ਕਿਸੇ ਕੁਰਾਹੇ ਪਾ ਸਕਦੀ ਹੈ ਤਾਂ ਇਹ ਸਹੀ ਰਸਤਾ ਕਿਵੇਂ ਹੋਇਆ? ਜਿਥੇ 'ਨਾਮ' ਹੈ ਓਥੇ 'ਹਉਮੈ' ਨਹੀਂ, ਓਥੇ ਪ੍ਰਭੂ ਨਾਲੋਂ 'ਵਿਛੋੜਾ' ਨਹੀਂ, ਓਥੇ ਪ੍ਰਭੂ ਨਾਲ 'ਮਿਲਾਪ' ਹੈ; ਤੇ ਇਹ ਅਵਸਥਾ ਮਾੜੀ ਨਹੀਂ ਹੁੰਦੀ, ਇਥੇ ਕੋਈ 'ਅਹੰਕਾਰ' ਨਹੀਂ ਆ ਸਕਦਾ; ਅਹੰਕਾਰ' ਤੇ 'ਨਾਮ' ਤਾਂ ਇਕੱਠੇ ਰਹਿ ਹੀ ਨਹੀਂ ਸਕਦੇ। ਸੋ, 'ਆਤਮ ਰਸ' ਕੋਈ ਅਜੇਹੀ ਅਵਸਥਾ ਨਹੀਂ ਜਿਸ ਉਤੇ ਕੋਈ ਬੰਦਸ਼ ਦੀ ਲੋੜ ਪਏ, ਜਿਸ ਵਲੋਂ ਕੋਈ ਖ਼ਤਰਾ ਹੋ ਸਕਦਾ ਹੋਵੇ। ਕ੍ਰੋਧ ਤੇ ਸਰਾਪ ਆਦਿਕ ਵਾਲੀ ਅਵਸਥਾ 'ਨਾਮ' ਤੋਂ 'ਆਤਮਰਸ' ਤੋਂ ਬਹੁਤ ਨੀਵੀਂ ਹੁੰਦੀ ਹੈ। ਆਤਮ-ਰਸੀਆ ਕ੍ਰੋਧ ਵਿਚ ਨਹੀਂ ਆਉਂਦਾ, ਸ੍ਰਾਪ ਨਹੀਂ ਦੇਂਦਾ; ਜਦੋਂ ਉਹ ਸ੍ਰਾਪ ਦੇਣ ਵਾਲੀ ਹਾਲਤ ਵਿਚ ਹੋਵੇ, ਤਦੋਂ ਉਹ 'ਆਤਮ-ਰਸੀਆ' ਨਹੀਂ ਹੁੰਦਾ)। ਬੰਧੁ = ਬੰਧੇਜ, ਹੱਦ ਬੰਨਾ। ਨਉ ਕੁਲ ਬੰਧੁ = ਨੌ ਗੋਲਕਾਂ (ਨੱਕ ਕੰਨ ਆਦਿ ਗਿਆਨ ਤੇ ਕਰਮ ਇੰਦ੍ਰਿਆਂ) ਨੂੰ ਹੱਦ-ਬੰਨਾ ਮਿਲ ਜਾਂਦਾ ਹੈ; (ਭਾਵ,) ਇਹ ਸਾਰੇ ਇੰਦ੍ਰੇ ਆਪਣੀ ਜਾਇਜ਼ ਹੱਦ ਵਿਚ ਰਹਿੰਦੇ ਹਨ।
ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥
One who worships and adores the Lord with his breath of life, gains stability in his body-wall.
ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ। ਪ੍ਰਾਣ = ਸੁਆਸ ਸੁਆਸ। ਥਿਰੁ = ਅਡੋਲ। ਕੰਧੁ = ਸਰੀਰ। ਥਿਰੁ ਕੰਧੁ = ਸਰੀਰ ਅਡੋਲ ਹੋ ਜਾਂਦਾ ਹੈ, (ਭਾਵ,) ਵਿਕਾਰਾਂ ਵਿਚ ਡੋਲਦਾ ਨਹੀਂ।
ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥
Where has he come from, and where will he go?
ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ),
ਜੀਵਤ ਮਰਤ ਰਹੈ ਪਰਵਾਣੁ ॥
Remaining dead while yet alive, he is accepted and approved.
ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।
ਹੁਕਮੈ ਬੂਝੈ ਤਤੁ ਪਛਾਣੈ ॥
Whoever understands the Hukam of the Lord's Command, realizes the essence of reality.
ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-
ਇਹੁ ਪਰਸਾਦੁ ਗੁਰੂ ਤੇ ਜਾਣੈ ॥
This is known by Guru's Grace.
ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ। ਪਰਸਾਦੁ = ਕਿਰਪਾ, ਮਿਹਰ।
ਹੋਂਦਾ ਫੜੀਅਗੁ ਨਾਨਕ ਜਾਣੁ ॥
O Nanak, know this: egotism leads to bondage.
ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ', ਹੋਂਦਾ = ਜੋ ਕਹੇ 'ਮੈਂ ਹਾਂ', (ਭਾਵ,) ਹਉਮੈ ਵਾਲਾ, ਅਹੰਕਾਰੀ। ਫੜੀਅਗੁ = ਫੜਿਆ ਜਾਇਗਾ। ਜਾਣੁ = ਜਾਣ ਲੈ, ਸਮਝ ਲੈ।
ਨਾ ਹਉ ਨਾ ਮੈ ਜੂਨੀ ਪਾਣੁ ॥੨॥
Only those who have no ego and no self-conceit, are not consigned to reincarnation. ||2||
ਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥ ਜੂਨੀ ਪਾਣੁ = ਜੂਨਾਂ ਵਿਚ ਪੈਣਾ, ਜਨਮ-ਮਰਨ ਦਾ ਗੇੜ ॥੨॥