ਮਃ

Third Mehl:

ਤੀਜੀ ਪਾਤਿਸ਼ਾਹੀ।

ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ

To read the horoscope of the mind, is the most sublime joyful peace.

(ਲੋਕਾਂ ਨੂੰ ਥਿੱਤਾਂ ਆਦਿਕ ਦੱਸਣ ਲਈ ਪੱਤ੍ਰੀ ਪੜ੍ਹਨ ਦੇ ਥਾਂ) ਆਪਣੇ ਮਨ ਦੀ ਪੱਤ੍ਰੀ ਪੜ੍ਹਨੀ ਚਾਹੀਦੀ ਹੈ (ਕਿ ਇਸ ਦੀ ਕੇਹੜੇ ਵੇਲੇ ਕੀਹ ਹਾਲਤ ਹੈ; ਇਹ ਪੱਤ੍ਰੀ ਵਾਚਣ ਨਾਲ) ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ। ਪਤ੍ਰੀ = ਉਹ ਪੋਥੀ ਜਿਸ ਵਿਚੋਂ ਬ੍ਰਾਹਮਣ ਆਪਣੇ ਜਜਮਾਨ ਆਦਿਕਾਂ ਨੂੰ ਥਿੱਤਾਂ ਦੱਸਦੇ ਹਨ। ਵਾਚਣੀ = ਪੜ੍ਹਨੀ।

ਸੋ ਬ੍ਰਾਹਮਣੁ ਭਲਾ ਆਖੀਐ ਜਿ ਬੂਝੈ ਬ੍ਰਹਮੁ ਬੀਚਾਰੁ

He alone is called a good Brahmin, who understands God in contemplative meditation.

(ਜੋ ਥਿੱਤਾਂ ਦੀ ਭਲਾਈ ਬੁਰਾਈ ਵਿਚਾਰਨ ਦੇ ਥਾਂ) ਰੱਬੀ ਵਿਚਾਰ ਨੂੰ ਸਮਝਦਾ ਹੈ ਉਸ ਬ੍ਰਾਹਮਣ ਨੂੰ ਚੰਗਾ ਜਾਣੋ।

ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ

He praises the Lord, and reads of the Lord, and contemplates the Word of the Guru's Shabad.

ਜੋ (ਬ੍ਰਾਹਮਣ) ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਪ੍ਰਭੂ ਦਾ ਨਾਮ ਪੜ੍ਹਦਾ ਹੈ,

ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ

Celebrated and approved is the coming into the world of such a person, who saves all his generations as well.

(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ। ਉਧਾਰੁ = ਪਾਰ-ਉਤਾਰਾ।

ਅਗੈ ਜਾਤਿ ਪੁਛੀਐ ਕਰਣੀ ਸਬਦੁ ਹੈ ਸਾਰੁ

Hereafter, no one is questioned about social status; excellent and sublime is the practice of the Word of the Shabad.

ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ, ਸਾਰੁ = ਸ੍ਰੇਸ਼ਟ।

ਹੋਰੁ ਕੂੜੁ ਪੜਣਾ ਕੂੜੁ ਕਮਾਵਣਾ ਬਿਖਿਆ ਨਾਲਿ ਪਿਆਰੁ

Other study is false, and other actions are false; such people are in love with poison.

(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ। ਬਿਖਿਆ = ਮਾਇਆ।

ਅੰਦਰਿ ਸੁਖੁ ਹੋਵਈ ਮਨਮੁਖ ਜਨਮੁ ਖੁਆਰੁ

They do not find any peace within themselves; the self-willed manmukhs waste away their lives.

(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ।

ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥੨॥

O Nanak, those who are attuned to the Naam are saved; they have infinite love for the Guru. ||2||

ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ('ਬਿਖਿਆ' ਦੇ ਅਸਰ ਤੋਂ) ਬਚ ਜਾਂਦੇ ਹਨ ॥੨॥ ਹੇਤਿ = ਪਿਆਰ ਨਾਲ। ਅਪਾਰਿ ਹੇਤਿ = ਬੇਅੰਤ ਪਿਆਰ ਨਾਲ ॥੨॥