ਰਾਮਕਲੀ ਮਹਲਾ ੫ ॥
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਸੰਤ ਕੈ ਸੰਗਿ ਰਾਮ ਰੰਗ ਕੇਲ ॥
In the Saints' Congregation, play joyfully with the Lord,
ਹੇ ਪੰਡਿਤ! ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਦੀ ਖੇਡ ਖੇਡਿਆ ਕਰ, ਸੰਤ ਕੈ ਸੰਗਿ = ਗੁਰੂ ਦੀ ਸੰਗਤਿ ਵਿਚ। ਰੰਗ = ਪਿਆਰ। ਕੇਲ = ਖੇਡ।
ਆਗੈ ਜਮ ਸਿਉ ਹੋਇ ਨ ਮੇਲ ॥
and you will not have to meet the Messenger of Death hereafter.
ਅਗਾਂਹ ਪਰਲੋਕ ਵਿਚ ਤੈਨੂੰ ਜਮਾਂ ਨਾਲ ਵਾਹ ਨਹੀਂ ਪਏਗਾ। ਆਗੈ = ਪਰਲੋਕ ਵਿਚ। ਸਿਉ = ਨਾਲ।
ਅਹੰਬੁਧਿ ਕਾ ਭਇਆ ਬਿਨਾਸ ॥
Your egotistical intellect shall be dispelled,
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੀ) ਹਉਮੈ ਵਾਲੀ ਅਕਲ ਦਾ ਨਾਸ ਹੋ ਜਾਂਦਾ ਹੈ, ਅਹੰਬੁਧਿ = ਹਉਮੈ ਵਾਲੀ ਅਕਲ।
ਦੁਰਮਤਿ ਹੋਈ ਸਗਲੀ ਨਾਸ ॥੧॥
and your evil-mindedness will be totally taken away. ||1||
ਉਸ ਦੇ ਅੰਦਰੋਂ ਖੋਟੀ ਮਤਿ ਸਾਰੀ ਮੁੱਕ ਜਾਂਦੀ ਹੈ ॥੧॥ ਦੁਰਮਤਿ = ਭੈੜੀ ਅਕਲ। ਸਗਲੀ = ਸਾਰੀ ॥੧॥
ਰਾਮ ਨਾਮ ਗੁਣ ਗਾਇ ਪੰਡਿਤ ॥
Sing the Glorious Praises of the Lord's Name, O Pandit.
ਹੇ ਪੰਡਿਤ! ਪਰਮਾਤਮਾ ਦਾ ਨਾਮ (ਜਪਿਆ ਕਰ, ਪਰਮਾਤਮਾ ਦੇ) ਗੁਣ ਗਾਇਆ ਕਰ, ਪੰਡਿਤ = ਹੇ ਪੰਡਿਤ!
ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥੧॥ ਰਹਾਉ ॥
Religious rituals and egotism are of no use at all. You shall go home with happiness, O Pandit. ||1||Pause||
ਹੇ ਪੰਡਿਤ! ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦੇ ਸਿਲਸਿਲੇ ਦਾ ਅਹੰਕਾਰ ਤੇਰੇ ਕਿਸੇ ਕੰਮ ਨਹੀਂ ਆਵੇਗਾ। (ਇਸ ਤਰ੍ਹਾਂ) ਤੂੰ ਆਨੰਦ ਨਾਲ (ਜੀਵਨ ਬਤੀਤ ਕਰਦਾ ਪ੍ਰਭੂ-ਚਰਨਾਂ ਵਾਲੇ ਅਸਲ) ਘਰ ਵਿਚ ਜਾ ਪਹੁੰਚੇਂਗਾ ॥੧॥ ਰਹਾਉ ॥ ਕਰਮ ਕਾਂਡ = ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕੰਮਾਂ ਦਾ ਸਿਲਸਿਲਾ। ਨ ਕਾਜੈ = ਕੰਮ ਵਿਚ ਨਹੀਂ ਆਉਂਦਾ। ਕੁਸਲ = ਸੁਖ ਆਨੰਦ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ-ਚਰਨਾਂ ਵਿਚ ॥੧॥ ਰਹਾਉ ॥
ਹਰਿ ਕਾ ਜਸੁ ਨਿਧਿ ਲੀਆ ਲਾਭ ॥
I have earned the profit, the wealth of the Lord's praise.
ਹੇ ਪੰਡਿਤ! ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦਾ) ਖ਼ਜ਼ਾਨਾ ਲੱਭ ਲਿਆ, ਜਸੁ = ਸਿਫ਼ਤਿ-ਸਾਲਾਹ। ਨਿਧਿ = ਖ਼ਜ਼ਾਨਾ।
ਪੂਰਨ ਭਏ ਮਨੋਰਥ ਸਾਭ ॥
All my hopes have been fulfilled.
ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ, ਸਾਭ = ਸਭ, ਸਾਰੇ।
ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥
Pain has left me, and peace has come to my home.
ਉਸ ਦਾ (ਸਾਰਾ) ਦੁੱਖ ਦੂਰ ਹੋ ਗਿਆ ਉਸ ਦੇ ਹਿਰਦੇ-ਘਰ ਵਿਚ ਸੁਖ ਆ ਵੱਸਿਆ, ਨਾਠਾ = ਨੱਠ ਗਿਆ। ਘਰਿ ਮਹਿ = ਹਿਰਦੇ-ਘਰ ਵਿਚ।
ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥੨॥
By the Grace of the Saints, my heart-lotus blossoms forth. ||2||
ਸੰਤ-ਗੁਰੂ ਦੀ ਕਿਰਪਾ ਨਾਲ ਉਸ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ॥੨॥ ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ। ਕਮਲ = ਹਿਰਦੇ ਦਾ ਕੌਲ-ਫੁੱਲ। ਬਿਗਸਾਇਆ = ਖਿੜ ਪਿਆ ॥੨॥
ਨਾਮ ਰਤਨੁ ਜਿਨਿ ਪਾਇਆ ਦਾਨੁ ॥
One who is blessed with the gift of the jewel of the Name,
(ਹੇ ਪੰਡਿਤ! ਤੂੰ ਜਜਮਾਨਾਂ ਪਾਸੋਂ ਦਾਨ ਮੰਗਦਾ ਫਿਰਦਾ ਹੈਂ, ਪਰ) ਜਿਸ ਮਨੁੱਖ ਨੇ (ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਰਤਨ ਦਾਨ ਪ੍ਰਾਪਤ ਕਰ ਲਿਆ, ਜਿਨਿ = ਜਿਸ (ਮਨੁੱਖ) ਨੇ।
ਤਿਸੁ ਜਨ ਹੋਏ ਸਗਲ ਨਿਧਾਨ ॥
obtains all treasures.
ਉਸ ਨੂੰ (ਮਾਨੋ) ਸਾਰੇ ਹੀ ਖ਼ਜ਼ਾਨੇ ਮਿਲ ਗਏ। ਹੋਏ = ਪ੍ਰਾਪਤ ਹੋ ਗਏ। ਨਿਧਾਨ = ਖ਼ਜ਼ਾਨੇ।
ਸੰਤੋਖੁ ਆਇਆ ਮਨਿ ਪੂਰਾ ਪਾਇ ॥
His mind becomes content, finding the Perfect Lord.
ਮਨ ਵਿਚ ਪੂਰਨ ਪ੍ਰਭੂ ਨੂੰ ਪ੍ਰਾਪਤ ਕਰ ਕੇ ਉਸ ਦੇ ਅੰਦਰ ਸੰਤੋਖ ਪੈਦਾ ਹੋ ਗਿਆ। ਮਨਿ = ਮਨ ਵਿਚ। ਪੂਰਾ = ਸਾਰੇ ਗੁਣਾਂ ਨਾਲ ਪੂਰਨ ਪ੍ਰਭੂ। ਪਾਇ = ਪਾ ਕੇ, ਲੱਭ ਕੇ।
ਫਿਰਿ ਫਿਰਿ ਮਾਗਨ ਕਾਹੇ ਜਾਇ ॥੩॥
Why should he ever go begging again? ||3||
ਫਿਰ ਉਹ ਮੁੜ ਮੁੜ (ਜਜਮਾਨਾਂ ਪਾਸੋਂ) ਕਿਉਂ ਮੰਗਣ ਜਾਇਗਾ? ॥੩॥ ਮਾਗਨ = (ਜਜਮਾਨ ਤੋਂ) ਮੰਗਣ ਲਈ। ਕਾਹੇ = ਕਿਉਂ? ॥੩॥
ਹਰਿ ਕੀ ਕਥਾ ਸੁਨਤ ਪਵਿਤ ॥
Hearing the Lord's sermon, he becomes pure and holy.
(ਹੇ ਪੰਡਿਤ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਿਆਂ (ਜੀਵਨ) ਪਵਿੱਤਰ ਹੋ ਜਾਂਦਾ ਹੈ, ਸੁਨਤ = ਸੁਣਦਿਆਂ। ਪਵਿਤ = ਪਵਿੱਤਰ।
ਜਿਹਵਾ ਬਕਤ ਪਾਈ ਗਤਿ ਮਤਿ ॥
Chanting it with his tongue, he finds the way to salvation.
ਜੀਭ ਨਾਲ ਉਚਾਰਦਿਆਂ ਉੱਚੀ ਆਤਮਕ ਅਵਸਥਾ ਅਤੇ (ਸੁਚੱਜੀ) ਅਕਲ ਪ੍ਰਾਪਤ ਹੋ ਜਾਂਦੀ ਹੈ। ਜਿਹਵਾ = ਜੀਭ (ਨਾਲ)। ਬਕਤ = ਉਚਾਰਦਿਆਂ। ਗਤਿ = ਉੱਚੀ ਆਤਮਕ ਅਵਸਥਾ। ਮਤਿ = ਚੰਗੀ ਅਕਲ।
ਸੋ ਪਰਵਾਣੁ ਜਿਸੁ ਰਿਦੈ ਵਸਾਈ ॥
He alone is approved, who enshrines the Lord within his heart.
ਹੇ ਪੰਡਿਤ! ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਵਸਾ ਦੇਂਦਾ ਹੈ ਉਹ ਮਨੁੱਖ (ਪਰਮਾਤਮਾ ਦੇ ਦਰ ਤੇ) ਕਬੂਲ ਹੋ ਜਾਂਦਾ ਹੈ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।
ਨਾਨਕ ਤੇ ਜਨ ਊਤਮ ਭਾਈ ॥੪॥੧੭॥੨੮॥
Nanak: such a humble being is exalted, O Siblings of Destiny. ||4||17||28||
ਹੇ ਨਾਨਕ! (ਆਖ-) ਹੇ ਭਾਈ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਉਹ ਬੰਦੇ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੪॥੧੭॥੨੮॥ ਤੇ ਜਨ = ਉਹ ਬੰਦੇ। ਭਾਈ = ਹੇ ਭਾਈ! ॥੪॥੧੭॥੨੮॥