ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਸਭ ਘਟ ਆਪੇ ਭੋਗਣਹਾਰਾ ॥
He is the Enjoyer of all hearts.
(ਹੇ ਭਾਈ!) ਸਾਰੇ ਸਰੀਰਾਂ ਵਿਚ (ਵਿਆਪਕ ਹੋ ਕੇ ਪ੍ਰਭੂ) ਆਪ ਹੀ (ਜਗਤ ਦੇ ਸਾਰੇ ਪਦਾਰਥ) ਭੋਗ ਰਿਹਾ ਹੈ। ਸਭ ਘਟ = ਸਾਰੇ ਸਰੀਰ। ਆਪੇ = ਪ੍ਰਭੂ ਆਪ ਹੀ।
ਅਲਖੁ ਵਰਤੈ ਅਗਮ ਅਪਾਰਾ ॥
The Invisible, Inaccessible and Infinite is pervading everywhere.
(ਫਿਰ ਭੀ ਉਹ) ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ। ਅਲਖੁ = {अलक्ष्य = Invisible, Unobserved} ਅਦ੍ਰਿਸ਼ਟ। ਅਗਮ = ਅਪਹੁੰਚ।
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥
Meditating on my Lord God, through the Word of the Guru's Shabad, I am intuitively absorbed in the Truth. ||1||
ਉਸ ਪਿਆਰੇ ਹਰਿ-ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਿਮਰਨਾ ਚਾਹੀਦਾ ਹੈ। (ਜੇਹੜੇ ਮਨੁੱਖ ਸਿਮਰਦੇ ਹਨ ਉਹ) ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਸਮਾਏ ਰਹਿੰਦੇ ਹਨ ॥੧॥ ਸਬਦਿ = ਸ਼ਬਦ ਵਿਚ (ਜੁੜ ਕੇ)। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥
ਹਉ ਵਾਰੀ ਜੀਉ ਵਾਰੀ ਗੁਰਸਬਦੁ ਮੰਨਿ ਵਸਾਵਣਿਆ ॥
I am a sacrifice, my soul is a sacrifice, to those who implant the Word of the Guru's Shabad in their minds.
(ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ। ਮੰਨਿ = ਮਨਿ, ਮਨ ਵਿਚ।
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥
When someone understands the Shabad, then he wrestles with his own mind; subduing his desires, he merges with the Lord. ||1||Pause||
ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ ॥੧॥ ਰਹਾਉ ॥ ਸੂਝੈ = ਸੁੱਝ ਪੈਂਦਾ ਹੈ, ਅੰਤਰ-ਆਤਮੇ ਟਿਕਾਂਦਾ ਹੈ। ਸਿਉ = ਨਾਲ। ਲੂਝੈ = ਲੜਦਾ ਹੈ, ਟਾਕਰਾ ਕਰਦਾ ਹੈ। ਮਨਸਾ = {मनीषा} ਕਾਮਨਾ ॥੧॥ ਰਹਾਉ ॥
ਪੰਚ ਦੂਤ ਮੁਹਹਿ ਸੰਸਾਰਾ ॥
The five enemies are plundering the world.
(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ, ਮੁਹਹਿ = ਠੱਗ ਰਹੇ ਹਨ।
ਮਨਮੁਖ ਅੰਧੇ ਸੁਧਿ ਨ ਸਾਰਾ ॥
The blind, self-willed manmukhs do not understand or appreciate this.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ। ਅੰਧੇ = ਮਾਇਆ ਵਿਚ ਅੰਨ੍ਹੇ ਹੋਏ ਜੀਵ ਨੂੰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਸੁਧਿ = {सुधी = Intelligence} ਅਕਲ। ਸਾਰ = ਖ਼ਬਰ।
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥
Those who become Gurmukh-their houses are protected. The five enemies are destroyed by the Shabad. ||2||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਆਪਣਾ ਘਰ ਬਚਾ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ ॥੨॥ ਸਬਦਿ = ਸ਼ਬਦ ਦੀ ਰਾਹੀਂ। ਪਚਾਵਣਿਆ = ਸਾੜ ਦੇਂਦਾ ਹੈ, ਮਾਰ ਲੈਂਦਾ ਹੈ ॥੨॥
ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥
The Gurmukhs are forever imbued with love for the True One.
ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ)। ਰੰਗਿ = ਪ੍ਰੇਮ ਵਿਚ।
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥
They serve God with intuitive ease. Night and day, they are intoxicated with His Love.
ਉਹ ਆਤਮਕ ਅਡੋਲਤਾ ਵਿਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਅਨਦਿਨੁ = ਹਰ ਰੋਜ਼। ਮਾਤੇ = ਮਸਤ।
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥
Meeting with their Beloved, they sing the Glorious Praises of the True one; they are honored in the Court of the Lord. ||3||
ਉਹ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ ॥੩॥ ਸਚੇ = ਸਦਾ-ਥਿਰ ਪ੍ਰਭੂ ਦੇ ॥੩॥
ਏਕਮ ਏਕੈ ਆਪੁ ਉਪਾਇਆ ॥
First, the One created Himself;
ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ। ਏਕਮ = ਪਹਿਲਾਂ ਪਹਿਲ। ਏਕੈ = ਇਕ ਨੇ ਹੀ, ਇਕ ਨਿਰਗੁਣ-ਰੂਪ ਨੇ ਹੀ। ਆਪੁ = ਆਪਣੇ ਆਪ ਨੂੰ। ਉਪਾਇਆ = ਪਰਗਟ ਕੀਤਾ।
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥
second, the sense of duality; third, the three-phased Maya.
ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ। ਦੁਬਿਧਾ = ਦੁ-ਕਿਸਮਾ, ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ। ਦੂਜਾ = ਦੂਜਾ (ਕੰਮ ਉਸ ਨੇ ਇਹ ਕੀਤਾ)। ਤ੍ਰਿਬਿਧਿ = ਤਿੰਨ ਗੁਣਾਂ ਵਾਲੀ।
ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥
The fourth state, the highest, is obtained by the Gurmukh, who practices Truth, and only Truth. ||4||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ। ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ ॥੪॥ ਪਉੜੀ = ਦਰਜਾ, ਟਿਕਾਣਾ। ਚਉਥੀ = ਤਿੰਨ ਗੁਣਾਂ ਤੋਂ ਉਤਲੀ ॥੪॥
ਸਭੁ ਹੈ ਸਚਾ ਜੇ ਸਚੇ ਭਾਵੈ ॥
Everything which is pleasing to the True Lord is true.
ਜੇ ਸਦਾ-ਥਿਰ ਪ੍ਰਭੂ ਦੀ ਰਜ਼ਾ ਹੋਵੇ (ਤਾਂ ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਸਦਾ-ਥਿਰ ਪਰਮਾਤਮਾ ਹਰ ਥਾਂ ਮੌਜੂਦ ਹੈ। ਸਭੁ = ਹਰ ਥਾਂ। ਸਚੇ = ਸਦਾ-ਥਿਰ ਪ੍ਰਭੂ ਨੂੰ। ਭਾਵੈ = ਚੰਗਾ ਲੱਗੇ।
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥
Those who know the Truth merge in intuitive peace and poise.
(ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ। ਜਿਨਿ = ਜਿਸ (ਮਨੁੱਖ) ਨੇ। ਜਾਤਾ = ਡੂੰਘੀ ਸਾਂਝ ਪਾ ਲਈ।
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥
The life-style of the Gurmukh is to serve the True Lord. He goes and blends with the True Lord. ||5||
(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਕਰਤੱਵ ਹੀ ਇਹ ਹੈ, ਕਿ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ, ਤੇ ਸਦਾ-ਥਿਰ ਪ੍ਰਭੂ ਵਿਚ ਹੀ ਜਾ ਕੇ ਲੀਨ ਹੋ ਜਾਂਦੇ ਹਨ ॥੫॥ ਕਰਣੀ = ਕਰਤੱਵ ॥੫॥
ਸਚੇ ਬਾਝਹੁ ਕੋ ਅਵਰੁ ਨ ਦੂਆ ॥
Without the True One, there is no other at all.
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ)। ਦੂਆ = ਦੂਜਾ, ਉਸ ਵਰਗਾ।
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥
Attached to duality, the world is distracted and distressed to death.
ਜਗਤ (ਉਸ ਨੂੰ ਵਿਸਾਰ ਕੇ ਤੇ ਸੁਖ ਦੀ ਖ਼ਾਤਰ) ਮਾਇਆ ਦੇ ਮੋਹ ਵਿਚ ਫਸ ਕੇ ਦੁਖੀ ਹੋ ਕੇ ਆਤਮਕ ਮੌਤ ਸਹੇੜਦਾ ਹੈ। ਦੂਜੈ = ਮਾਇਆ ਦੇ ਮੋਹ ਵਿਚ। ਲਾਗਿ = ਲੱਗ ਕੇ। ਖਪਿ ਖਪਿ = ਦੁਖੀ ਹੋ ਹੋ ਕੇ। ਮੂਆ = ਆਤਮਕ ਮੌਤ ਸਹੇੜਦਾ ਹੈ।
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥
One who becomes Gurmukh knows only the One. Serving the One, peace is obtained. ||6||
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ, ਉਹ ਇਕ ਪਰਮਾਤਮਾ ਦਾ ਹੀ ਸਿਮਰਨ ਕਰ ਕੇ ਆਤਮਕ ਆਨੰਦ ਮਾਣਦਾ ਹੈ ॥੬॥
ਜੀਅ ਜੰਤ ਸਭਿ ਸਰਣਿ ਤੁਮਾਰੀ ॥
All beings and creatures are in the Protection of Your Sanctuary.
(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ। ਸਭਿ = ਸਾਰੇ।
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥
You place the chessmen on the board; You see the imperfect and the perfect as well.
(ਹੇ ਪ੍ਰਭੂ! ਇਹ ਤੇਰਾ ਰਚਿਆ ਜਗਤ, ਮਾਨੋ, ਚਉਪੜ ਦੀ ਖੇਡ ਹੈ), ਤੂੰ ਆਪ ਹੀ (ਇਸ ਚਉਪੜ ਉੱਤੇ) ਕੱਚੀਆਂ ਪੱਕੀਆਂ ਨਰਦਾਂ (ਭਾਵ, ਉੱਚੇ ਤੇ ਕੱਚੇ ਜੀਵਨ ਵਾਲੇ ਜੀਵ) ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈਂ। ਧਰਿ = ਰੱਖ ਕੇ।
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥
Night and day, You cause people to act; You unite them in Union with Yourself. ||7||
(ਹੇ ਭਾਈ!) ਹਰ ਰੋਜ਼ (ਹਰ ਵੇਲੇ) ਪ੍ਰਭੂ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜੀਵਾਂ ਪਾਸੋਂ) ਕਾਰ ਕਰਾਂਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਂਦਾ ਹੈ ॥੭॥ ਸਾਰੀ = ਨਰਦ ॥੭॥
ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥
You Yourself unite, and You see Yourself close at hand.
(ਹੇ ਭਾਈ!) ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ। ਹਦੂਰਿ = ਅੰਗ-ਸੰਗ ਰਹਿ ਕੇ। ਵੇਖਹਿ = ਸੰਭਾਲ ਕਰਦਾ ਹੈ।
ਸਭ ਮਹਿ ਆਪਿ ਰਹਿਆ ਭਰਪੂਰਿ ॥
You Yourself are totally pervading amongst all.
(ਹੇ ਭਾਈ!) ਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ।
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥
O Nanak, God Himself is pervading and permeating everywhere; only the Gurmukhs understand this. ||8||6||7||
ਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ ॥੮॥੬॥੭॥