ਰਾਮਕਲੀ ਮਹਲਾ ੩ ਅਸਟਪਦੀਆ ॥
Raamkalee, Third Mehl, Ashtpadheeyaa:
ਰਾਗ ਰਾਮਕਲੀ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਰਮੈ ਦੀਆ ਮੁੰਦ੍ਰਾ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ॥
Make humility your ear-rings, Yogi, and compassion your patched coat.
ਹੇ ਜੋਗੀ! (ਇਹਨਾਂ ਕੱਚ ਦੀਆਂ ਮੁੰਦ੍ਰਾਂ ਦੇ ਥਾਂ) ਤੂੰ ਆਪਣੇ ਕੰਨਾਂ ਵਿਚ (ਉੱਚਾ ਆਤਮਕ ਜੀਵਨ ਬਣਾਣ ਲਈ) ਮਿਹਨਤ ਦੀਆਂ ਮੁੰਦ੍ਰਾਂ ਪਾ ਲੈ, ਅਤੇ ਦਇਆ ਨੂੰ ਤੂੰ ਆਪਣੀ ਕਫ਼ਨੀ ਬਣਾ। ਸਰਮ = ਮਿਹਨਤ (ਉੱਚਾ ਆਤਮਕ ਜੀਵਨ ਬਣਾਣ ਲਈ ਮਿਹਨਤ)। ਜੋਗੀ = ਹੇ ਜੋਗੀ! ਖਿੰਥਾ = ਕਫ਼ਨੀ, ਗੋਦੜੀ। ਕਰਿ = ਬਣਾ।
ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਣਿ ਲਇਆ ॥੧॥
Let coming and going be the ashes you apply to your body, Yogi, and then you shall conquer the three worlds. ||1||
ਹੇ ਜੋਗੀ! ਜਨਮ ਮਰਨ ਦੇ ਗੇੜ ਦਾ ਡਰ ਚੇਤੇ ਰੱਖ-ਇਹ ਸੁਆਹ ਤੂੰ ਆਪਣੇ ਪਿੰਡੇ ਉਤੇ ਮਲ। (ਜੇ ਤੂੰ ਇਹ ਉੱਦਮ ਕਰੇਂਗਾ, ਤਾਂ ਸਮਝ ਲਈਂ ਕਿ) ਤੂੰ ਜਗਤ ਦਾ ਮੋਹ ਜਿੱਤ ਲਿਆ ॥੧॥ ਆਵਣੁ ਜਾਣੁ = ਜਨਮ ਮਰਨ ਦਾ ਗੇੜ (ਜਨਮ ਮਰਨ ਦੇ ਗੇੜ ਦਾ ਡਰ)। ਬਿਭੂਤਿ = ਸੁਆਹ। ਤੀਨਿ ਭਵਣ = ਤਿੰਨ ਭਵਣ, (ਆਕਾਸ਼, ਪਾਤਾਲ, ਮਾਤ ਲੋਕ,) ਸਾਰਾ ਜਗਤ, ਜਗਤ ਦਾ ਮੋਹ। ਜਿਣਿ ਲਇਆ = ਜਿੱਤ ਲਿਆ ॥੧॥
ਐਸੀ ਕਿੰਗੁਰੀ ਵਜਾਇ ਜੋਗੀ ॥
Play that harp, Yogi,
ਹੇ ਜੋਗੀ! ਤੂੰ ਅਜਿਹੀ ਵੀਣਾ ਵਜਾਇਆ ਕਰ, ਕਿੰਗੁਰੀ = ਵੀਣਾ।
ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥੧॥ ਰਹਾਉ ॥
which vibrates the unstruck sound current, and remain lovingly absorbed in the Lord. ||1||Pause||
ਜਿਸ ਵੀਣਾ ਦੇ ਵਜਾਣ ਨਾਲ (ਮਨੁੱਖ ਦੇ ਅੰਦਰ) ਉੱਚੇ ਆਤਮਕ ਜੀਵਨ ਦਾ ਇੱਕ-ਰਸ ਆਨੰਦ ਪੈਦਾ ਹੋ ਜਾਂਦਾ ਹੈ, ਅਤੇ ਮਨੁੱਖ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥ ਜਿਤੁ ਕਿੰਗੁਰੀ = ਜਿਸ ਕਿੰਗੁਰੀ ਦੀ ਰਾਹੀਂ, ਜਿਸ ਵੀਣਾ ਦੇ ਵਜਾਣ ਨਾਲ। ਅਨਹਦੁ = ਬਿਨਾ ਵਜਾਏ ਵੱਜਦਾ ਰਾਗ, ਇਕ-ਰਸ ਹੋ ਰਿਹਾ ਰਾਗ, ਉੱਚੇ ਆਤਮਕ ਜੀਵਨ ਦਾ ਇਕ-ਰਸ ਆਨੰਦ। ਵਾਜੈ = ਵੱਜਣ ਲੱਗ ਪੈਂਦਾ ਹੈ। ਲਿਵ = ਲਗਨ ॥੧॥ ਰਹਾਉ ॥
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥
Make truth and contentment your plate and pouch, Yogi; take the Ambrosial Naam as your food.
ਹੇ ਜੋਗੀ! (ਦੂਜਿਆਂ ਦੀ) ਸੇਵਾ (ਕਰਿਆ ਕਰ, ਅਤੇ ਆਪਣੇ ਅੰਦਰ) ਸੰਤੋਖ (ਧਾਰਨ ਕਰ, ਇਹਨਾਂ ਦੋਹਾਂ) ਨੂੰ ਖੱਪਰ ਅਤੇ ਝੋਲੀ ਬਣਾ। ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ ਹਿਰਦੇ ਵਿਚ ਵਸਾਈ ਰੱਖੋ) ਇਹ ਚੂਰਮਾ ਪਾ (ਤੂੰ ਆਪਣੇ ਖੱਪਰ ਵਿਚ)। ਸਤੁ = ਦਾਨ, ਸੇਵਾ। ਪਤੁ = ਪਾਤਰ, ਖੱਪਰ। ਕਰਿ = ਬਣਾ। ਹੇ ਜੋਗੀ = ਹੇ ਜੋਗੀ! ਅੰਮ੍ਰਿਤ ਨਾਮੁ = ਆਤਮਕ ਜੀਵਨ ਦੇਣ ਵਾਲਾ ਨਾਮ। ਭੁਗਤਿ = ਚੂਰਮਾ, ਭੋਜਨ।
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥੨॥
Make meditation your walking stick, Yogi, and make higher consciousness the horn you blow. ||2||
ਹੇ ਜੋਗੀ! ਪ੍ਰਭੂ-ਚਰਨਾਂ ਵਿਚ ਚਿੱਤ ਜੋੜੀ ਰੱਖਣ ਨੂੰ ਤੂੰ (ਆਪਣੇ ਹੱਥ ਦਾ) ਡੰਡਾ ਬਣਾ; ਪ੍ਰਭੂ ਵਿਚ ਸੁਰਤ ਟਿਕਾਈ ਰੱਖ-ਇਹ ਸਿੰਙੀ ਵਜਾਇਆ ਕਰ ॥੨॥ ਸਿੰਙੀ = ਛੋਟਾ ਜਿਹਾ ਸਿੰਙ ਜੋ ਭੰਡਾਰਾ ਵਰਤਣ ਵੇਲੇ ਜੋਗੀ ਵਜਾਂਦਾ ਹੈ ॥੨॥
ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥
Make your stable mind the Yogic posture you sit in, Yogi, and then you shall be rid of your tormenting desires.
ਹੇ ਜੋਗੀ! (ਪ੍ਰਭੂ ਦੀ ਯਾਦ ਵਿਚ) ਆਪਣੇ ਮਨ ਨੂੰ ਪੱਕਾ ਕਰ-(ਇਸ) ਆਸਣ ਉਤੇ ਬੈਠਿਆ ਕਰ, (ਇਸ ਅੱਭਿਆਸ ਨਾਲ) ਤੇਰੇ ਮਨ ਦੀ ਖਿੱਝ ਦੂਰ ਹੋ ਜਾਇਗੀ। ਦ੍ਰਿੜੁ = ਪੱਕਾ। ਆਸਣਿ = ਆਸਣ ਉਤੇ। ਬੈਸੁ = ਬੈਠ। ਕਲਪਣਾ = ਮਨ ਦੀ ਖਿੱਝ।
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥੩॥
Go begging in the village of the body, Yogi, and then, you shall obtain the Naam in your lap. ||3||
(ਤੂੰ ਆਟਾ ਮੰਗਣ ਲਈ ਨਗਰ ਵਲ ਤੁਰ ਪੈਂਦਾ ਹੈਂ, ਇਸ ਦੇ ਥਾਂ) ਜੇ ਤੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ (ਟਿਕ ਕੇ ਪਰਮਾਤਮਾ ਦੇ ਦਰ ਤੋਂ ਉਸ ਦੇ ਨਾਮ ਦਾ ਦਾਨ) ਮੰਗਣਾ ਸ਼ੁਰੂ ਕਰ ਦੇਵੇਂ, ਤਾਂ, ਹੇ ਜੋਗੀ! ਤੈਨੂੰ (ਪਰਮਾਤਮਾ ਦਾ) ਨਾਮ ਪ੍ਰਾਪਤ ਹੋ ਜਾਇਗਾ ॥੩॥ ਕਾਇਆ = ਸਰੀਰ। ਮੰਗਣਿ ਚੜਹਿ = ਮੰਗਣ ਵਾਸਤੇ ਚੱਲ ਪਏਂ। ਪਲੈ ਪਾਈ = ਪੱਲੇ ਪੈਂਦਾ ਹੈ, ਮਿਲਦਾ ਹੈ ॥੩॥
ਇਤੁ ਕਿੰਗੁਰੀ ਧਿਆਨੁ ਨ ਲਾਗੈ ਜੋਗੀ ਨਾ ਸਚੁ ਪਲੈ ਪਾਇ ॥
This harp does not center you in meditation, Yogi, nor does it bring the True Name into your lap.
ਹੇ ਜੋਗੀ! (ਜਿਹੜੀ ਕਿੰਗੁਰੀ ਤੂੰ ਵਜਾ ਰਿਹਾ ਹੈਂ) ਇਸ ਕਿੰਗੁਰੀ ਦੀ ਰਾਹੀਂ ਪ੍ਰਭੂ ਚਰਨਾਂ ਵਿਚ ਧਿਆਨ ਨਹੀਂ ਜੁੜ ਸਕਦਾ, ਨਾਹ ਹੀ ਇਸ ਤਰ੍ਹਾਂ ਸਦਾ-ਥਿਰ ਪ੍ਰਭੂ ਦਾ ਮਿਲਾਪ ਹੋ ਸਕਦਾ ਹੈ। ਇਤੁ = ਇਸ ਦੀ ਰਾਹੀਂ।
ਇਤੁ ਕਿੰਗੁਰੀ ਸਾਂਤਿ ਨ ਆਵੈ ਜੋਗੀ ਅਭਿਮਾਨੁ ਨ ਵਿਚਹੁ ਜਾਇ ॥੪॥
This harp does not bring you peace, Yogi, nor eliminate egotism from within you. ||4||
ਹੇ ਜੋਗੀ! (ਤੇਰੀ) ਇਸ ਕਿੰਗੁਰੀ ਦੀ ਰਾਹੀਂ ਮਨ ਵਿਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਨਾਹ ਹੀ ਮਨ ਵਿਚੋਂ ਅਹੰਕਾਰ ਦੂਰ ਹੋ ਸਕਦਾ ਹੈ ॥੪॥ ਇਤੁ ਕਿੰਗੁਰੀ = ਇਸ ਕਿੰਗੁਰੀ ਦੀ ਰਾਹੀਂ (ਜਿਹੜੀ ਤੂੰ ਵਜਾ ਰਿਹਾ ਹੈਂ)। ਵਿਚਹੁ = ਮਨ ਵਿਚੋਂ ॥੪॥
ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥
Make the Fear of God, and the Love of God, the two gourds of your lute, Yogi, and make this body its neck.
ਹੇ ਜੋਗੀ! ਤੂੰ ਆਪਣੇ ਇਸ ਸਰੀਰ ਨੂੰ (ਕਿੰਗੁਰੀ ਦੀ) ਡੰਡੀ ਬਣਾ ਅਤੇ (ਇਸ ਸਰੀਰ-ਡੰਡੀ ਨੂੰ) ਡਰ ਅਤੇ ਪਿਆਰ ਦੇ ਦੋ ਤੂੰਬੇ ਜੋੜ (ਭਾਵ, ਆਪਣੇ ਅੰਦਰ ਪ੍ਰਭੂ ਦਾ ਡਰ ਅਤੇ ਪਿਆਰ ਪੈਦਾ ਕਰ)। ਭਉ = ਡਰ। ਭਾਉ = ਪਿਆਰ। ਦੁਇ = ਦੋਵੇਂ। ਪਤ = {ਵੇਖੋ ਬੰਦ ਨੰ: ੨। 'ਪਤੁ' ਇਕ-ਵਚਨ ਹੈ} ਤੂੰਬੇ (ਜੋ ਕਿੰਗੁਰੀ ਦੀ ਲੰਮੀ ਡੰਡੀ ਉਤੇ ਲੱਗੇ ਹੁੰਦੇ ਹਨ)। ਡੰਡੀ = ਕਿੰਗਰੀ ਦੀ ਡੰਡੀ।
ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖੰਡੀ ॥੫॥
Become Gurmukh, and then vibrate the strings; in this way, your desires shall depart. ||5||
ਹੇ ਜੋਗੀ! ਜੇ ਤੂੰ ਹਰ ਵੇਲੇ ਗੁਰੂ ਦੇ ਸਨਮੁਖ ਹੋਇਆ ਰਹੇਂ ਤਾਂ (ਹਿਰਦੇ ਦੀ ਪ੍ਰੇਮ-) ਤਾਰ ਵੱਜ ਪਏਗੀ, ਇਸ ਤਰ੍ਹਾਂ (ਤੇਰੇ ਅੰਦਰੋਂ) ਤ੍ਰਿਸ਼ਨਾ ਮੁੱਕ ਜਾਇਗੀ ॥੫॥ ਗੁਰਮੁਖ = ਗੁਰੂ ਦੇ ਸਨਮੁਖਿ। ਤੰਤੀ = ਤਾਰ, ਵੀਣਾ ਦੀ ਤਾਰ। ਇਨ ਬਿਧਿ = ਇਸ ਤਰੀਕੇ ਨਾਲ। ਖੰਡੀ = ਨਾਸ ਹੋ ਜਾਂਦੀ ਹੈ ॥੫॥
ਹੁਕਮੁ ਬੁਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥
One who understands the Hukam of the Lord's Command is called a Yogi; he links his consciousness to the One Lord.
ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ ਅਤੇ ਇਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ਉਹ ਮਨੁੱਖ (ਅਸਲ) ਜੋਗੀ ਅਖਵਾਂਦਾ ਹੈ। ਬੁਝੈ = ਸਮਝ ਲਏ, ਦੇ ਅਨੁਸਾਰ ਚੱਲ ਪਏ। ਏਕਸ ਸਿਉ = ਇਕ ਪਰਮਾਤਮਾ ਨਾਲ ਹੀ।
ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥੬॥
His cynicism is dispelled, and he becomes immaculately pure; this is how he finds the Way of Yoga. ||6||
(ਉਸ ਦੇ ਅੰਦਰੋਂ) ਸਹਿਮ ਦੂਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ, ਇਸ ਤਰ੍ਹਾਂ ਉਹ ਮਨੁੱਖ ਪਰਮਾਤਮਾ ਨਾਲ ਮਿਲਾਪ ਦਾ ਢੰਗ ਲੱਭ ਲੈਂਦਾ ਹੈ ॥੬॥ ਸਹਸਾ = ਸਹਿਮ। ਨਿਰਮਲੁ = ਪਵਿੱਤਰ। ਜੋਗ ਜੁਗਤੀ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ। ਇਵ = ਇਸ ਤਰ੍ਹਾਂ ॥੬॥
ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥
Everything that comes into view shall be destroyed; focus your consciousness on the Lord.
(ਹੇ ਜੋਗੀ! ਜਗਤ ਵਿਚ ਜੋ ਕੁਝ) ਅੱਖੀਂ ਦਿੱਸ ਰਿਹਾ ਹੈ (ਇਹ) ਸਭ ਕੁਝ ਨਾਸਵੰਤ ਹੈ (ਇਸ ਦਾ ਮੋਹ ਛੱਡ ਕੇ) ਤੂੰ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ। ਸਭੁ ਕਿਛੁ = ਹਰੇਕ ਚੀਜ਼, ਸਭ ਕੁਝ। ਬਿਨਸੈ = ਨਾਸਵੰਤ ਹੈ। ਸੇਤੀ = ਨਾਲ। ਲਾਇ = ਜੋੜੀ ਰੱਖ।
ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥੭॥
Enshrine love for the True Guru, and then you shall obtain this understanding. ||7||
(ਪਰ, ਹੇ ਜੋਗੀ!) ਇਹ ਸਮਝ ਤਦੋਂ ਹੀ ਪਏਗੀ ਜਦੋਂ ਗੁਰੂ ਨਾਲ ਤੇਰੀ ਸਰਧਾ ਬਣੇਗੀ ॥੭॥ ਭਾਵਨੀ = ਸਰਧਾ, ਪਿਆਰ ॥੭॥
ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
This is not Yoga, O Yogi, to abandon your family and wander around.
ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ। ਜੋਗੀ = ਹੇ ਜੋਗੀ! ਜਿ = ਜਿਹੜਾ, ਕਿ। ਛੋਡਿ = ਛੱਡ ਕੇ। ਪਰਭਵਣੁ = ਦੇਸ-ਰਟਨ, ਥਾਂ ਥਾਂ ਭੌਂਦੇ ਫਿਰਨਾ। ਕਰਹਿ = ਤੂੰ ਕਰਦਾ ਹੈਂ।
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
The Name of the Lord, Har, Har, is within the household of the body. By Guru's Grace, you shall find your Lord God. ||8||
ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ। ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ॥੮॥ ਗ੍ਰਿਹ ਸਰੀਰ ਮਹਿ = ਸਰੀਰ-ਘਰ ਵਿਚ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਲਹਹਿ = ਤੂੰ ਲੱਭ ਲਏਂਗਾ ॥੮॥
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
This world is a puppet of clay, Yogi; the terrible disease, the desire for Maya is in it.
ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ। ਇਸੁ ਮਹਿ = ਇਸ (ਮਿੱਟੀ ਦੇ ਪੁਤਲੇ) ਵਿਚ।
ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥
Making all sorts of efforts, and wearing religious robes, Yogi, this disease cannot be cured. ||9||
ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ॥੯॥ ਕਰੈ = ਕਰਦਾ ਹੈ ॥੯॥
ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥
The Name of the Lord is the medicine, Yogi; the Lord enshrines it in the mind.
ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ। ਅਉਖਧੁ = ਦਵਾਈ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ}। ਮੰਨਿ = ਮਨਿ, ਮਨ ਵਿਚ।
ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥
One who becomes Gurmukh understands this; he alone finds the Way of Yoga. ||10||
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ॥੧੦॥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਸੋਈ = ਉਹੀ ਮਨੁੱਖ। ਜੋਗ ਜੁਗਤਿ = ਜੋਗ ਦੀ ਜੁਗਤੀ, ਪ੍ਰਭੂ-ਮਿਲਾਪ ਦਾ ਢੰਗ ॥੧੦॥
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥
The Path of Yoga is very difficult, Yogi; he alone finds it, whom God blesses with His Grace.
ਹੇ ਜੋਗੀ! (ਜਿਸ ਜੋਗ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ। ਮਾਰਗੁ = ਰਸਤਾ। ਬਿਖਮੁ = ਔਖਾ। ਨਦਰਿ = ਕਿਰਪਾ ਦੀ ਦ੍ਰਿਸ਼ਟੀ, ਮਿਹਰ ਦੀ ਨਿਗਾਹ।
ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥
Inside and outside, he sees the One Lord; he eliminates doubt from within himself. ||11||
ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ॥੧੧॥ ਅੰਤਰਿ = ਆਪਣੇ ਅੰਦਰ। ਬਾਹਰਿ = ਸਾਰੇ ਸੰਸਾਰ ਵਿਚ। ਵਿਚਹੁ = ਆਪਣੇ ਮਨ ਵਿਚੋਂ। ਭਰਮੁ = ਵਿਤਕਰਾ, ਮੇਰ-ਤੇਰ। ਚੁਕਾਏ = ਦੂਰ ਕਰਦਾ ਹੈ ॥੧੧॥
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥
So play the harp which vibrates without being played, Yogi.
ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ। ਵਾਜੈ = ਵੱਜਦੀ ਹੈ। ਸਾ ਕਿੰਗੁਰੀ = ਉਹ ਵੀਣਾ।
ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥
Says Nanak, thus you shall be liberated, Yogi, and remain merged in the True Lord. ||12||1||10||
ਨਾਨਕ ਆਖਦਾ ਹੈ ਕਿ ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ॥੧੨॥੧॥੧੦॥ ਕਹੈ = ਆਖਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ (ਵਾਲਾ)। ਹੋਵਹਿ = ਤੂੰ ਹੋ ਜਾਇਂਗਾ। ਸਾਚੇ = ਸਾਚਿ, ਸਦਾ-ਥਿਰ ਪ੍ਰਭੂ ਵਿਚ। ਰਹਹਿ ਸਮਾਇ = ਤੂੰ ਲੀਨ ਰਹੇਂਗਾ ॥੧੨॥੧॥੧੦॥