ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਨਿਰਮਲ ਸਬਦੁ ਨਿਰਮਲ ਹੈ ਬਾਣੀ ॥
The Word of the Shabad is Immaculate and Pure; the Bani of the Word is Pure.
ਉਸ ਦੀ ਸਿਫ਼ਤ-ਸਾਲਾਹ ਦਾ ਸ਼ਬਦ (ਸਭ ਨੂੰ) ਪਵਿਤ੍ਰ ਕਰਨ ਵਾਲਾ ਹੈ।
ਨਿਰਮਲ ਜੋਤਿ ਸਭ ਮਾਹਿ ਸਮਾਣੀ ॥
The Light which is pervading among all is Immaculate.
ਪਰਮਾਤਮਾ ਦੀ ਪਵਿੱਤ੍ਰ ਜੋਤਿ ਸਭ ਜੀਵਾਂ ਵਿਚ ਸਮਾਈ ਹੋਈ ਹੈ।
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥
So praise the Immaculate Word of the Lord's Bani; chanting the Immaculate Name of the Lord, all filth is washed away. ||1||
(ਹੇ ਭਾਈ!) ਮੈਂ ਉਸ ਹਰੀ ਦੀ ਪਵਿਤ੍ਰ ਬਾਣੀ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਪਰਮਾਤਮਾ ਦਾ ਨਾਮ ਜਪ ਕੇ ਪਵਿਤ੍ਰ ਹੋ ਜਾਈਦਾ ਹੈ, (ਵਿਕਾਰਾਂ ਦੀ) ਮੈਲ (ਮਨ ਵਿਚੋਂ) ਦੂਰ ਕਰ ਲਈਦੀ ਹੈ ॥੧॥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਪਿ = ਜਪ ਕੇ ॥੧॥
ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥
I am a sacrifice, my soul is a sacrifice, to those who enshrine the Giver of peace within their minds.
ਮੈਂ ਉਹਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਸੁੱਖ ਦੇਣ ਵਾਲੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ। ਸੁਖਦਾਤਾ = ਸੁਖ ਦੇਣ ਵਾਲਾ। ਮੰਨਿ = ਮਨਿ, ਮਨ ਵਿਚ।
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥
Praise the Immaculate Lord, through the Word of the Guru's Shabad. Listen to the Shabad, and quench your thirst. ||1||Pause||
ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਵਿਤ੍ਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ। ਗੁਰੂ ਦਾ ਸ਼ਬਦ ਹੀ ਸੁਣ ਕੇ ਮੈਂ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਮਿਟਾਂਦਾ ਹਾਂ ॥੧॥ ਰਹਾਉ ॥ ਗੁਰ ਸ਼ਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਸਲਾਹੀ = ਮੈਂ ਸਲਾਹੁੰਦਾ ਹਾਂ। ਸਬਦੇ = ਸਬਦੁ ਹੀ, ਸ਼ਬਦ ਹੀ। ਤਿਸਾ = ਮਾਇਆ ਦੀ ਤ੍ਰਿਸ਼ਨਾ ॥੧॥ ਰਹਾਉ ॥
ਨਿਰਮਲ ਨਾਮੁ ਵਸਿਆ ਮਨਿ ਆਏ ॥
When the Immaculate Naam comes to dwell in the mind,
(ਜਿਸ ਮਨੁੱਖ ਦੇ) ਮਨ ਵਿਚ ਪਵਿਤ੍ਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਮਨਿ = ਮਨ ਵਿਚ। ਆਏ = ਆਇ, ਆ ਕੇ।
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥
the mind and body become Immaculate, and emotional attachment to Maya departs.
ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਤਨ ਪਵਿਤ੍ਰ ਹੋ ਜਾਂਦਾ ਹੈ। (ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥
Sing the Glorious Praises of the Immaculate True Lord forever, and the Immaculate Sound-current of the Naad shall vibrate within. ||2||
ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਵਿਤ੍ਰ ਗੁਣ ਸਦਾ ਗਾਂਦਾ ਹੈ (ਜਿਵੇਂ ਜੋਗੀ ਨਾਦ ਵਜਾਂਦਾ ਹੈ) ਉਹ ਮਨੁੱਖ ਸਿਫ਼ਤ-ਸਾਲਾਹ ਦਾ (ਮਾਨੋ) ਨਾਦ ਵਜਾਂਦਾ ਹੈ ॥੨॥ ਨਾਦੁ = ਗਰਜ ॥੨॥
ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥
The Immaculate Ambrosial Nectar is obtained from the Guru.
ਜਿਸ ਮਨੁੱਖ ਨੇ ਗੁਰੂ ਪਾਸੋਂ ਪਵਿਤ੍ਰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਤੇ = ਤੋਂ, ਪਾਸੋਂ।
ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥
When selfishness and conceit are eradicated from within, then there is no attachment to Maya.
ਉਸ ਦੇ ਅੰਦਰੋਂ ਆਪਾ-ਭਾਵ ਮੁੱਕ ਜਾਂਦਾ ਹੈ, ਉਸ ਦੇ ਹਿਰਦੇ ਵਿਚ, ਮਾਇਆ ਦਾ ਮੋਹ ਨਹੀਂ ਰਹਿ ਜਾਂਦਾ। ਆਪੁ = ਆਪਾ-ਭਾਵ।
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥
Immaculate is the spiritual wisdom, and utterly immaculate is the meditation, of those whose minds are filled with the Immaculate Bani of the Word. ||3||
(ਜਿਉਂ ਜਿਉਂ ਉਹ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਪਵਿਤ੍ਰ ਬਾਣੀ ਆਪਣੇ ਮਨ ਵਿਚ ਵਸਾਂਦਾ ਹੈ, ਪਰਮਾਤਮਾ ਨਾਲ ਉਸ ਦੀ ਪਵਿਤ੍ਰ ਡੂੰਘੀ ਸਾਂਝ ਬਣਦੀ ਹੈ, ਉਸ ਦੀ ਸੁਰਤ ਪ੍ਰਭੂ-ਚਰਨਾਂ ਨਾਲ ਜੁੜਦੀ ਹੈ ਜੋ ਉਸ ਨੂੰ (ਹੋਰ) ਪਵਿਤ੍ਰ ਕਰਦੀ ਹੈ ॥੩॥
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥
One who serves the Immaculate Lord becomes immaculate.
ਜੇਹੜਾ ਮਨੁੱਖ ਪਵਿਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ (ਆਪ ਭੀ) ਪਵਿਤ੍ਰ ਹੋ ਜਾਂਦਾ ਹੈ।
ਹਉਮੈ ਮੈਲੁ ਗੁਰਸਬਦੇ ਧੋਵੈ ॥
Through the Word of the Guru's Shabad, the filth of egotism is washed away.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਮਨ ਵਿਚੋਂ) ਹਉਮੈ ਦੀ ਮੈਲ ਧੋ ਲੈਂਦਾ ਹੈ। ਸਬਦੇ = ਸਬਦਿ, ਸ਼ਬਦ ਦੀ ਰਾਹੀਂ।
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥
The Immaculate Bani and the Unstruck Melody of the Sound-current vibrate, and in the True Court, honor is obtained. ||4||
ਉਸ ਮਨੁੱਖ ਦੇ ਅੰਦਰ ਇਕ-ਰਸ ਲਗਨ ਪੈਦਾ ਕਰਨ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਤੇ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥ ਵਾਜੈ = ਵੱਜਦੀ ਹੈ। ਅਨਹਦ ਧੁਨਿ ਬਾਣੀ = ਉਹ ਬਾਣੀ ਜਿਸ ਦੀ ਧੁਨੀ ਇਕ-ਰਸ ਹੁੰਦੀ ਰਹਿੰਦੀ ਹੈ। ਦਰਿ = ਦਰ ਤੇ ॥੪॥
ਨਿਰਮਲ ਤੇ ਸਭ ਨਿਰਮਲ ਹੋਵੈ ॥
Through the Immaculate Lord, all become immaculate.
ਪਵਿਤ੍ਰ ਪਰਮਾਤਮਾ ਦੀ (ਨਾਮ-) ਛੁਹ ਨਾਲ ਸਾਰੀ ਲੁਕਾਈ ਪਵਿਤ੍ਰ ਹੋ ਜਾਂਦੀ ਹੈ। ਤੇ = ਤੋਂ, ਦੀ ਛੁਹ ਨਾਲ।
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥
Immaculate is the mind which weaves the Word of the Lord's Shabad into itself.
(ਜਿਉਂ ਜਿਉਂ ਮਨੁੱਖ ਆਪਣੇ ਮਨ ਨੂੰ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਪ੍ਰੋਂਦਾ ਹੈ (ਤਿਉਂ ਤਿਉਂ ਉਸ ਦਾ) ਮਨ ਪਵਿਤ੍ਰ ਹੁੰਦਾ ਜਾਂਦਾ ਹੈ। ਸਬਦਿ = ਸ਼ਬਦ ਵਿਚ।
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥
Blessed and very fortunate are those who are committed to the Immaculate Name; through the Immaculate Name, they are blessed and beautified. ||5||
ਵੱਡੇ ਭਾਗਾਂ ਵਾਲੇ ਮਨੁੱਖ ਹੀ ਪਵਿਤ੍ਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦੇ ਹਨ। ਜੇਹੜਾ ਮਨੁੱਖ ਨਾਮ ਵਿਚ ਜੁੜਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਬਣ ਜਾਂਦਾ ਹੈ, ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੫॥ ਨਾਮਿ = ਨਾਮ ਵਿਚ ॥੫॥
ਸੋ ਨਿਰਮਲੁ ਜੋ ਸਬਦੇ ਸੋਹੈ ॥
Immaculate is the one who is adorned with the Shabad.
ਉਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਬਣਦਾ ਹੈ, ਜੇਹੜਾ ਗੁਰੂ ਦੇ ਸ਼ਬਦ ਵਿਚ ਜੁੜ ਕੇ ਸੋਹਣੇ ਜੀਵਨ ਵਾਲਾ ਬਣਦਾ ਹੈ। ਸੋਹੈ = ਸੋਹਣਾ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।
ਨਿਰਮਲ ਨਾਮਿ ਮਨੁ ਤਨੁ ਮੋਹੈ ॥
The Immaculate Naam, the Name of the Lord, entices the mind and body.
ਪਵਿਤ੍ਰ ਪ੍ਰਭੂ ਦੇ ਨਾਮ ਵਿਚ ਉਸ ਦਾ ਮਨ ਮਸਤ ਰਹਿੰਦਾ ਹੈ, ਉਸ ਦਾ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਮਸਤ ਰਹਿੰਦਾ ਹੈ। ਮੋਹੈ = ਮਸਤ ਹੋ ਜਾਂਦਾ ਹੈ।
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥
No filth ever attaches itself to the True Name; one's face is made radiant by the True One. ||6||
ਸਦਾ-ਥਿਰ ਪਰਮਾਤਮਾ ਦੇ ਨਾਮ ਵਿਚ ਜੁੜਨ ਕਰ ਕੇ ਉਸ ਨੂੰ (ਵਿਕਾਰਾਂ ਦੀ) ਮੈਲ ਕਦੇ ਨਹੀਂ ਲਗਦੀ। ਸਦਾ-ਥਿਰ ਰਹਿਣ ਵਾਲਾ ਪ੍ਰਭੂ ਉਸ ਦਾ ਮੂੰਹ (ਲੋਕ ਪਰਲੋਕ ਵਿਚ) ਉਜਲਾ ਕਰ ਦੇਂਦਾ ਹੈ ॥੬॥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ ॥੬॥
ਮਨੁ ਮੈਲਾ ਹੈ ਦੂਜੈ ਭਾਇ ॥
The mind is polluted by the love of duality.
ਪਰ ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ ਮਸਤ ਰਹਿੰਦਾ ਹੈ, ਉਸ ਦਾ ਮਨ (ਵਿਕਾਰਾਂ ਦੀ ਮੈਲ ਨਾਲ) ਮੈਲਾ (ਹੀ) ਰਹਿੰਦਾ ਹੈ। ਦੂਜੈ ਭਾਇ = ਮਾਇਆ ਦੇ ਮੋਹ ਵਿਚ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ।
ਮੈਲਾ ਚਉਕਾ ਮੈਲੈ ਥਾਇ ॥
Filthy is that kitchen, and filthy is that dwelling;
(ਉਹ ਲਕੀਰਾਂ ਕੱਢ ਕੱਢ ਕੇ ਬੇਸ਼ੱਕ ਸੁੱਚੇ ਚੌਂਕੇ ਬਣਾਏ, ਪਰ ਉਸ ਦੇ ਹਿਰਦੇ ਦਾ) ਚੌਂਕਾ ਮੈਲਾ ਹੀ ਰਹਿੰਦਾ ਹੈ (ਉਹ ਦੀ ਸੁਰਤ ਸਦਾ) ਮੈਲੇ ਥਾਂ ਵਿਚ ਹੀ ਟਿਕੀ ਰਹਿੰਦੀ ਹੈ। ਮੈਲੈ ਥਾਇ = ਮੈਲੇ ਥਾਂ ਵਿਚ।
ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥
eating filth, the self-willed manmukhs become even more filthy. Because of their filth, they suffer in pain. ||7||
ਉਹ ਮਨੁੱਖ (ਵਿਕਾਰਾਂ ਦੀ) ਮੈਲ ਨੂੰ ਹੀ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦਾ ਹੈ, (ਜਿਸ ਕਰਕੇ ਉਹ ਆਪਣੇ ਅੰਦਰ) ਹੋਰ ਹੋਰ (ਵਿਕਾਰਾਂ ਦੀ) ਮੈਲ ਵਧਾਂਦਾ ਜਾਂਦਾ ਹੈ। (ਇਸ ਤਰ੍ਹਾਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਵਿਕਾਰਾਂ ਦੀ) ਮੈਲ (ਵਧਾ ਵਧਾ ਕੇ) ਦੁੱਖ ਸਹਾਰਦਾ ਹੈ ॥੭॥
ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥
The filthy, and the immaculate as well, are all subject to the Hukam of God's Command.
(ਪਰ ਜੀਵਾਂ ਦੇ ਕੀਹ ਵੱਸ?) ਵਿਕਾਰੀ ਜੀਵ ਤੇ ਪਵਿਤ੍ਰ-ਆਤਮਾ ਜੀਵ ਸਾਰੇ ਪਰਮਾਤਮਾ ਦੇ ਹੁਕਮ ਵਿਚ (ਹੀ ਤੁਰ ਰਹੇ ਹਨ)। ਸਭਿ = ਸਾਰੇ (ਜੀਵ)। ਹੁਕਮਿ = ਹੁਕਮ ਅਨੁਸਾਰ। ਸਬਾਏ = ਸਾਰੇ।
ਸੇ ਨਿਰਮਲ ਜੋ ਹਰਿ ਸਾਚੇ ਭਾਏ ॥
They alone are immaculate, who are pleasing to the True Lord.
ਜੇਹੜੇ ਬੰਦੇ ਸਦਾ-ਥਿਰ ਹਰੀ ਨੂੰ ਪਿਆਰੇ ਲੱਗ ਪੈਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਭਾਏ = ਚੰਗੇ ਲੱਗੇ।
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥
O Nanak, the Naam abides deep within the minds of the Gurmukhs, who are cleansed of all their filth. ||8||19||20||
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਆਪਣੇ ਅੰਦਰੋਂ ਵਿਕਾਰ ਆਦਿਕਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੮॥੧੯॥੨੦॥