ਅੜਿਲ ॥

ਅੜਿਲ:

ਭਾਤਿ ਭਾਤਿ ਰਨ ਸੁਭਟ ਸੰਘਾਰੇ ਕੋਪ ਕਰਿ ॥

(ਰਾਜੇ ਨੇ) ਕ੍ਰੋਧਿਤ ਹੋ ਕੇ ਰਣ-ਭੂਮੀ ਵਿਚ ਭਾਂਤ ਭਾਂਤ ਦੇ ਸੂਰਮੇ ਮਾਰ ਦਿੱਤੇ।

ਭਾਤਿ ਭਾਤਿ ਰਥ ਬਾਜ ਬਿਦਾਰੇ ਸਰ ਪ੍ਰਹਰਿ ॥

ਕਈ ਤਰ੍ਹਾਂ ਦੇ ਬਾਣ ਚਲਾ ਕੇ ਰਥ ਅਤੇ ਘੋੜੇ ਨਸ਼ਟ ਕਰ ਦਿੱਤੇ।

ਨਿਰਖਿ ਜੁਧ ਕੋ ਸੂਰ ਪਰੇ ਅਰਰਾਇ ਕੈ ॥

ਯੁੱਧ ਨੂੰ ਵੇਖ ਕੇ ਸੂਰਮੇ ਅਰੜਾ ਕੇ

ਹੋ ਮੰਦਲ ਤੂਰ ਮ੍ਰਿਦੰਗ ਮੁਚੰਗ ਬਜਾਇ ਕੈ ॥੬॥

ਅਤੇ ਢੋਲ, ਤੂਰ ਅਤੇ ਮ੍ਰਿਦੰਗ-ਮੁਚੰਗ ਵਜਾ ਕੇ ਪੈ ਗਏ ॥੬॥

ਪਠੇ ਪਖਰਿਯਨ ਕੋਪ ਅਧਿਕ ਜਿਯ ਮੈ ਜਗ︀ਯੋ ॥

ਮਨ ਵਿਚ ਅਧਿਕ ਰੋਹ ਪੈਦਾ ਕਰ ਕੇ ਘੋੜਸਵਾਰ ਜਵਾਨ (ਯੁੱਧ-ਭੂਮੀ ਨੂੰ) ਚਲ ਪਏ।

ਸਜੇ ਸੰਜੋਅਨ ਸੈਨ ਦੁਹੂੰ ਦਿਸਿ ਉਮਗ੍ਰਯੋ ॥

ਕਵਚਾਂ ਨਾਲ ਸਜੀ ਹੋਈ ਸੈਨਾ ਦੋਹਾਂ ਪਾਸਿਆਂ ਤੋਂ ਉਮਗ ਪਈ।

ਬਜੇ ਜੁਝਊਆ ਨਾਦ ਪਰੇ ਅਰਰਾਇ ਕੈ ॥

ਜੂਝਣ ਵਾਲਾ ਨਾਦ ਹੋਣ ਲਗਾ ਅਤੇ (ਸੂਰਮੇ) ਵੰਗਾਰ ਕੇ ਆ ਪਏ

ਹੋ ਟੂਕ ਟੂਕ ਹ੍ਵੈ ਜੁਝੇ ਸੁਭਟ ਸਮੁਹਾਇ ਕੈ ॥੭॥

ਅਤੇ ਸਾਹਮਣੇ ਹੋ ਕੇ ਲੜਦੇ ਹੋਏ ਸੂਰਮੇ ਟੋਟੇ ਟੋਟੇ ਹੋ ਗਏ ॥੭॥

ਚਟਪਟ ਸੁਭਟ ਬਿਕਟਿ ਕਟਿ ਕਟਿ ਕੇ ਭੂ ਪਰੈ ॥

ਜਲਦੀ ਹੀ ਭਿਆਨਕ ਯੋਧੇ ਕਟ ਕਟ ਕੇ ਧਰਤੀ ਉਤੇ ਆ ਡਿਗੇ।

ਖੰਡਿ ਖੰਡਿ ਕਿਤੇ ਅਖੰਡਿਯਨ ਖਹਿ ਖਗਨ ਮਰੈ ॥

ਨਾ ਖੰਡੇ ਜਾ ਸਕਣ ਵਾਲੇ ਕਈ ਸੂਰਮੇ ਤਲਵਾਰਾਂ ਨਾਲ ਖਹਿ ਖਹਿ ਕੇ ਖੰਡ ਖੰਡ ਹੋ ਗਏ।

ਟੂਕ ਟੂਕ ਹ੍ਵੈ ਗਿਰੇ ਨ ਮੋਰੈ ਨੈਕ ਮਨ ॥

(ਉਹ ਭਾਵੇਂ) ਟੋਟੇ ਟੋਟੇ ਹੋ ਕੇ ਡਿਗੇ, ਪਰ ਮਨ ਨੂੰ (ਯੁੱਧ ਤੋਂ) ਜ਼ਰਾ ਜਿੰਨਾ ਵੀ ਨਹੀਂ ਮੋੜਿਆ।

ਹੋ ਪ੍ਰਲੈ ਕਾਲ ਸੋ ਕਿਯੋ ਬਿਧਾਤੈ ਬਹੁਰਿ ਜਨੁ ॥੮॥

(ਇੰਜ ਪ੍ਰਤੀਤ ਹੋ ਰਿਹਾ ਸੀ) ਮਾਨੋ ਵਿਧਾਤਾ ਨੇ ਫਿਰ ਪਰਲੋ ਲਿਆ ਦਿੱਤੀ ਹੋਵੇ ॥੮॥

ਜਬ ਰਾਨੀ ਕੈ ਸਹਿਤ ਰਾਵ ਜੂ ਰਿਸਿ ਭਰੈ ॥

ਜਦ ਰਾਣੀ ਸਹਿਤ ਰਾਜਾ ਗੁੱਸੇ ਨਾਲ ਭਰ ਗਿਆ।

ਦੋਊ ਕੈ ਬਰ ਕਠਿਨ ਕਮਾਨਨ ਕਰ ਧਰੈ ॥

ਤਾਂ ਦੋਹਾਂ ਨੇ ਕਠੋਰ ਕਮਾਨਾਂ ਅਤੇ ਤੀਰ ਹੱਥ ਵਿਚ ਲੈ ਲਏ।

ਦਛਿਨ ਬਿਸਿਖ ਦਿਖਾਇ ਬਾਮ ਅਰਿ ਮਾਰਹੀ ॥

ਦੱਖਣ ਦਿਸ਼ਾ ਵਿਚ ਵੈਰੀ ਨੂੰ ਵੇਖ ਕੇ ਇਸਤਰੀ ਨੇ ਤੀਰ ਚਲਾਇਆ

ਹੋ ਏਕ ਘਾਇ ਕੈ ਸੰਗ ਚੂਰ ਕਰਿ ਡਾਰਹੀ ॥੯॥

ਅਤੇ ਇਕੋ ਤੀਰ ਨਾਲ ਵੈਰੀ ਨੂੰ ਚੂਰ ਚੂਰ ਕਰ ਦਿੱਤਾ ॥੯॥

ਜਨੁਕ ਜੇਠ ਕੇ ਮਾਸ ਅਦਿਤ ਅਧ ਦਿਨ ਚੜਿਯੋ ॥

(ਇੰਜ ਲਗ ਰਿਹਾ ਸੀ) ਮਾਨੋ ਜੇਠ ਦੇ ਮਹੀਨੇ ਵਿਚ ਦੋਪਹਿਰ ਦਾ ਸੂਰਜ ਚੜ੍ਹਿਆ ਹੋਵੇ।

ਜਨੁਕ ਕਰਾਰਨ ਛੋਰਿ ਨੀਰ ਨਾਯਕ ਹੜਿਯੋ ॥

(ਜਾਂ) ਮਾਨੋ ਹੜ ਕਾਰਨ ਸਮੁੰਦਰ ਕੰਢਿਆਂ ਨੂੰ ਛਡ ਚਲਿਆ ਹੋਵੇ।

ਬਜ੍ਰ ਬਿਸਿਖ ਅਸਿ ਹਨ︀ਯੋ ਸੁ ਸੈਨ ਉਚਾਇਯੋ ॥

ਬਜ੍ਰਬਾਣਾਂ ਅਤੇ ਤਲਵਾਰਾਂ ਨਾਲ ਸੈਨਾ ਨੂੰ ਲਲਕਾਰ ਕੇ ਮਾਰਿਆ,

ਹੋ ਜਬੈ ਬਿਸੁਨ ਲਛਮੀ ਕੇ ਸਹਤ ਰਿਸਾਇਯੋ ॥੧੦॥

ਜਿਵੇਂ ਵਿਸ਼ਣੂ ਲੱਛਮੀ ਸਹਿਤ ਰੋਹ ਵਿਚ ਆ ਗਿਆ ਹੈ ॥੧੦॥

ਰਾਨੀ ਜਾ ਤਨ ਬਿਸਿਖ ਪ੍ਰਹਾਰੈ ਕੋਪ ਕਰਿ ॥

ਰਾਣੀ ਨੇ ਕ੍ਰੋਧਿਤ ਹੋ ਕੇ ਜਿਸ ਦੇ ਤਨ ਤੇ ਵੀ ਬਾਣ ਚਲਾਏ

ਤਛਿਨ ਮ੍ਰਿਤਕ ਹ੍ਵੈ ਪਰਈ ਸੂਰ ਸੁ ਭੂਮਿ ਪਰ ॥

ਤਾਂ ਉਸੇ ਵੇਲੇ ਉਹ ਸੂਰਮਾ ਧਰਤੀ ਉਤੇ ਮਰ ਕੇ ਡਿਗ ਪਿਆ।

ਫੂਲ ਦਏ ਬਰਖਾਇ ਗਗਨ ਤੇ ਦੇਵਤਨ ॥

ਦੇਵਤਿਆਂ ਨੇ ਆਕਾਸ਼ ਤੋਂ ਫੁਲਾਂ ਦੀ ਬਰਖਾ ਕਰ ਦਿੱਤੀ

ਹੋ ਰਾਨੀ ਕੌ ਰਨ ਹੇਰ ਉਚਾਰੈ ਧੰਨ︀ਯ ਧੰਨਿ ॥੧੧॥

ਅਤੇ ਰਾਣੀ ਦੇ ਯੁੱਧ ਨੂੰ ਵੇਖ ਕੇ ਧੰਨ ਧੰਨ ਕਿਹਾ ॥੧੧॥

ਤ੍ਰਿਯਾ ਸਹਿਤ ਨ੍ਰਿਪ ਲਰਿਯੋ ਅਧਿਕ ਰਿਸ ਖਾਇ ਕੈ ॥

ਇਸਤਰੀ ਸਮੇਤ ਰਾਜਾ ਬਹੁਤ ਕ੍ਰੋਧਿਤ ਹੋ ਕੇ ਲੜਿਆ।

ਤਬ ਹੀ ਲਗੀ ਤੁਫੰਗ ਹ੍ਰਿਦੈ ਮੈ ਆਇ ਕੈ ॥

ਉਸੇ ਵੇਲੇ ਉਸ ਦੇ ਹਿਰਦੇ ਵਿਚ ਆ ਕੇ ਗੋਲੀ ਲਗੀ।

ਗਿਰਿਯੋ ਅੰਬਾਰੀ ਮਧ︀ਯ ਮੂਰਛਨਾ ਹੋਇ ਕਰਿ ॥

ਉਹੇ ਮੂਰਛਿਤ ਹੋ ਕੇ ਅੰਬਾਰੀ ਵਿਚ ਡਿਗ ਪਿਆ।

ਹੋ ਤਬ ਤ੍ਰਿਯ ਲਿਯੋ ਉਚਾਇ ਨਾਥ ਦੁਹੂੰ ਭੁਜਨਿ ਭਰਿ ॥੧੨॥

ਤਦ ਰਾਣੀ ਨੇ (ਆਪਣੀਆਂ) ਦੋਹਾਂ ਭੁਜਾਵਾਂ ਵਿਚ ਭਰ ਕੇ ਰਾਜੇ ਨੂੰ ਚੁਕ ਲਿਆ ॥੧੨॥

ਤਵਨ ਅੰਬਾਰੀ ਸੰਗ ਨ੍ਰਿਪਹਿ ਬਾਧਤ ਭਈ ॥

ਉਸ ਨੇ ਰਾਜੇ ਨੂੰ ਅੰਬਾਰੀ ਨਾਲ ਬੰਨ੍ਹ ਦਿੱਤਾ

ਨਿਜੁ ਕਰ ਕਰਹਿ ਉਚਾਇ ਇਸਾਰਤਿ ਦਲ ਦਈ ॥

ਅਤੇ ਆਪ ਹੱਥ ਚੁਕ ਚੁਕ ਕੇ ਸੈਨਾ ਦੀ ਅਗਵਾਈ ਕਰਨ ਲਗੀ।

ਜਿਯਤ ਨ੍ਰਿਪਤਿ ਲਖਿ ਸੁਭਟ ਸਭੇ ਧਾਵਤ ਭਏ ॥

ਰਾਜੇ ਨੂੰ ਜੀਉਂਦਾ ਵੇਖ ਕੇ ਸਾਰੇ ਸੂਰਮੇ ਧਾ ਕੇ ਪੈ ਗਏ

ਹੋ ਚਿਤ੍ਰ ਬਚਿਤ੍ਰ ਅਯੋਧਨ ਤਿਹ ਠਾ ਕਰਤ ਭੇ ॥੧੩॥

ਅਤੇ ਉਥੇ ਵਿਚਿਤ੍ਰ ਢੰਗ ਦਾ ਯੁੱਧ ਕਰਨ ਲਗੇ ॥੧੩॥

ਪੀਸਿ ਪੀਸਿ ਕਰਿ ਦਾਤ ਸੂਰਮਾ ਰਿਸਿ ਭਰੇ ॥

ਕ੍ਰੋਧਿਤ ਹੋ ਹੋ ਕੇ ਸੂਰਮੇ ਦੰਦ ਪੀਹਣ ਲਗੇ।

ਟੂਕ ਟੂਕ ਹ੍ਵੈ ਪਰੇ ਤਊ ਪਗੁ ਨ ਟਰੇ ॥

ਟੋਟੇ ਟੋਟੇ ਹੋ ਕੇ ਡਿਗ ਪੈਂਦੇ, ਪਰ ਤਾਂ ਵੀ ਪੈਰ ਪਿਛੇ ਨਾ ਧਰਦੇ।

ਤੌਨ ਸੈਨ ਸੰਗ ਰਾਜਾ ਲੀਨੇ ਘਾਇ ਕੈ ॥

ਸੈਨਾ ਸਮੇਤ ਉਸ (ਵੈਰੀ) ਰਾਜੇ ਨੂੰ ਮਾਰ ਕੇ

ਹੋ ਜੀਤ ਨਗਾਰੇ ਬਜੇ ਅਧਿਕ ਹਰਿਖਾਇ ਕੈ ॥੧੪॥

ਅਤੇ ਪ੍ਰਸੰਨ ਹੋ ਕੇ ਜਿਤ ਦੇ ਨਗਾਰੇ ਵਜਾਏ ॥੧੪॥

ਤਬ ਰਾਨੀ ਨਿਜੁ ਕਰਨ ਬੈਰਿਯਹਿ ਮਾਰਿ ਕੈ ॥

ਤਦ ਰਾਣੀ ਨੇ ਆਪਣੇ ਹੱਥ ਨਾਲ ਵੈਰੀ ਨੂੰ ਮਾਰ ਕੇ

ਨਿਜੁ ਸੁਤ ਦੀਨੋ ਰਾਜ ਸੁ ਘਰੀ ਬਿਚਾਰਿ ਕੈ ॥

ਅਤੇ ਸ਼ੁਭ ਘੜੀ ਵਿਚਾਰ ਕੇ ਆਪਣੇ ਪੁੱਤਰ ਨੂੰ ਰਾਜ ਦਿੱਤਾ।

ਕਰਿ ਕੈ ਬਡੋ ਅਡੰਬਰ ਆਪੁ ਜਰਨ ਚਲੀ ॥

(ਜਦ) ਬਹੁਤ ਠਾਠ-ਬਾਠ ਕਰ ਕੇ ਸਤੀ ਹੋਣ ਲਈ ਉਹ ਚਲੀ,

ਹੋ ਤਬੈ ਗਗਨ ਤੇ ਬਾਨੀ ਤਾਹਿ ਭਈ ਭਲੀ ॥੧੫॥

ਤਾਂ ਉਸ ਨੂੰ ਆਕਾਸ਼ ਤੋਂ ਭਲੀ ਬਾਣੀ ਹੋਈ ॥੧੫॥

ਕ੍ਰਿਪਾ ਸਿੰਧੁ ਜੂ ਕ੍ਰਿਪਾ ਅਧਿਕ ਤੁਮ ਪਰ ਕਰੀ ॥

ਕ੍ਰਿਪਾ ਨਿਧਾਨ ਪਰਮਾਤਮਾ ਨੇ ਤੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ

ਨਿਜੁ ਨਾਯਕ ਕੇ ਹੇਤੁ ਬਹੁਤ ਬਿਧਿ ਤੈ ਲਰੀ ॥

ਕਿਉਂਕਿ ਤੂੰ ਆਪਣੇ ਸੁਆਮੀ ਲਈ ਚੰਗੀ ਤਰ੍ਹਾਂ ਲੜੀ ਹੈਂ।

ਤਾ ਤੇ ਅਪਨੌ ਭਰਤਾ ਲੇਹੁ ਜਿਯਾਇ ਕੈ ॥

ਇਸ ਲਈ ਤੂੰ ਆਪਣਾ ਪਤੀ ਜਿਵਾ ਲੈ

ਹੋ ਬਹੁਰਿ ਰਾਜ ਕੌ ਕਰੋ ਹਰਖ ਉਪਜਾਇ ਕੈ ॥੧੬॥

ਅਤੇ ਖ਼ੁਸ਼ੀ ਨਾਲ ਫਿਰ ਆਪਣਾ ਰਾਜ ਕਰ ॥੧੬॥