ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ ਨਾਮੁ ਮਹਾ ਰਸੁ ਪੀਓ ॥
Renounce the tasteless water of corruption, O my companion, and drink in the supreme nectar of the Naam, the Name of the Lord.
ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ। ਬਨੁ = ਪਾਣੀ {वनं कानने जले}। ਬਿਖੈ ਬਨੁ = ਵਿਸ਼ੇ-ਵਿਕਾਰਾਂ ਦਾ ਜਲ। ਰੀ ਸਖੀਏ = ਹੇ ਸਹੇਲੀਏ! ਮਹਾ ਰਸੁ = ਬੜਾ ਸੁਆਦਲਾ ਅੰਮ੍ਰਿਤ।
ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥
Without the taste of this nectar, all have drowned, and their souls have not found happiness.
(ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ। ਬੁਡਿ ਗਈ = ਡੁੱਬ ਰਹੀ ਹੈ। ਸਗਲੀ = ਸਾਰੀ (ਸ੍ਰਿਸ਼ਟੀ)। ਜੀਓ = ਜੀਉ, ਜਿੰਦ। ਮਾਨੁ = ਫ਼ਖ਼ਰ, ਆਸਰਾ।
ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥
You have no honor, glory or power - become the slave of the Holy Saints.
ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ। ਮਹਤੁ = ਵਡੱਪਣ। ਸਕਤਿ = ਤਾਕਤਿ, ਸ਼ਕਤੀ। ਕਾਈ = {ਇਸਤ੍ਰੀ ਲਿੰਗ} ਕੋਈ ਹੀ। ਥੀਓ = ਹੋ ਜਾ।
ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥
O Nanak, they alone look beautiful in the Court of the Lord, whom the Lord has made His Own. ||1||
ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ॥੧॥ ਸੇ = ਉਹ ਬੰਦੇ {ਬਹੁ-ਵਚਨ}। ਦਰਿ = (ਪ੍ਰਭੂ ਦੇ) ਦਰ ਤੇ। ਪ੍ਰਭਿ = ਪ੍ਰਭੂ ਨੇ। ਪ੍ਰਭਿ ਅਪੁਨੈ = ਆਪਣੇ ਪ੍ਰਭੂ ਨੇ। ਕੀਓ = ਕਰ ਲਏ ॥੧॥
ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
Maya is a mirage, which deludes the mind, O my companion, like the scent-crazed deer, or the transitory shade of a tree.
ਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ। ਹਰਿਚੰਦਉਰੀ = ਹਰਿਚੰਦ ਨਗਰੀ, ਹਵਾਈ ਕਿਲ੍ਹਾ। ਭ੍ਰਮੁ = ਭਰਮ, ਭੁਲੇਖਾ। ਮ੍ਰਿਗ ਤ੍ਰਿਸਨਾ = ਠਗ-ਨੀਰਾ। ਦ੍ਰੁਮ = ਰੁੱਖ। ਛਾਇਆ = ਛਾਂ।
ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥
Maya is fickle, and does not go with you, O my companion; in the end, it will leave you.
ਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ। ਚੰਚਲਿ = {ਇਸਤ੍ਰੀ ਲਿੰਗ} ਕਿਤੇ ਇੱਕ ਥਾਂ ਨਾਹ ਟਿਕਣ ਵਾਲੀ। ਸੰਗਿ = ਨਾਲ। ਅੰਤਿ = ਆਖ਼ਰ ਨੂੰ।
ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥
He may enjoy pleasures and sensual delights with supremely beautiful women, but no one finds peace in this way.
ਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ। ਰਸਿ = ਸੁਆਦ ਨਾਲ। ਅਤਿ = ਬਹੁਤ। ਮਾਤੇ = ਮਸਤ। ਇਨ ਸੰਗਿ = ਇਹਨਾਂ ਦੀ ਸੰਗਤਿ ਵਿਚ ਰਿਹਾਂ।
ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥
Blessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||
ਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੨॥ ਧੰਨਿ = ਭਾਗਾਂ ਵਾਲੇ ॥੨॥
ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥
Go, O my very fortunate companion: dwell in the Company of the Saints, and merge with the Lord.
ਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ। ਜਾਇ = ਜਾ ਕੇ। ਬਸਹੁ = ਟਿਕੋ। ਤ
ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥
There, neither pain nor hunger nor disease will afflict you; enshrine love for the Lord's Lotus Feet.
ਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜਨੀ ਚਾਹੀਦੀ ਹੈ। ਤਹ = ਉਥੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਲਿਵ = ਸੁਰਤਿ।
ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥
There is no birth or death there, no coming or going in reincarnation, when you enter the Sanctuary of the Eternal Lord.
ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ।
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥
Love does not end, and attachment does not grip you, O Nanak, when you meditate on the One Lord. ||3||
ਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ॥੩॥ ਬਿਛੋਹੁ = ਵਿਛੋੜਾ ॥੩॥
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥
Bestowing His Glance of Grace, my Beloved has pierced my mind, and I am intuitively attuned to His Love.
ਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ। ਧਾਰਿ = ਧਾਰ ਕੇ, ਕਰ ਕੇ। ਦ੍ਰਿਸਟਿ = ਨਿਗਾਹ, ਨਜ਼ਰ। ਬੇਧਿਆ = ਵਿੰਨ੍ਹ ਲਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥
My bed is embellished, meeting with my Beloved; in ecstasy and bliss, I sing His Glorious Praises.
ਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ। ਸੇਜ = ਹਿਰਦਾ-ਸੇਜ। ਸੁਹਾਵੀ = ਸੁਖਾਵੀਂ, ਸੁਖ ਦੇਣ ਵਾਲੀ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ।
ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥
O my friends and companions, I am imbued with the Lord's Love; the desires of my mind and body are satisfied.
ਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ। ਰੰਿਗ ਣਣਿ = ਰੰਗ ਵਿਚ, ਪ੍ਰੇਮ ਵਿਚ।
ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥
O Nanak, the wonder-struck soul blends with the Wonderful Lord; this state cannot be described. ||4||2||5||
ਹੇ ਨਾਨਕ! ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ॥੪॥੨॥੫॥ ਅਚਰਜੁ = ਹੈਰਾਨ ਕਰਨ ਵਾਲੀ ਹਾਲਤ ਵਿਚ ਪਹੁੰਚਿਆ ਹੋਇਆ ਜੀਵ ॥੪॥੨॥੫॥