ਭੈਰਉ ਮਹਲਾ

Bhairao, First Mehl:

ਭੈਰੋ ਪਹਿਲੀ ਪਾਤਿਸ਼ਾਹੀ।

ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ

The eyes lose their sight, and the body withers away; old age overtakes the mortal, and death hangs over his head.

ਹੇ ਪ੍ਰਾਣੀ! ਤੇਰੀਆਂ ਅੱਖਾਂ ਵਿਚ ਵੇਖਣ ਦੀ (ਪੂਰੀ) ਤਾਕਤ ਨਹੀਂ ਰਹੀ, ਤੇਰਾ ਸਰੀਰ ਲਿੱਸਾ ਹੋ ਗਿਆ ਹੈ, ਬੁਢੇਪੇ ਨੇ ਤੈਨੂੰ ਜਿੱਤ ਲਿਆ ਹੈ (ਬੁਢੇਪੇ ਨੇ ਜ਼ੋਰ ਪਾ ਦਿੱਤਾ ਹੈ)। ਤੇਰੇ ਸਿਰ ਉਤੇ ਹੁਣ ਮੌਤ ਕੂਕ ਰਹੀ ਹੈ। ਨੈਨੀ = ਅੱਖਾਂ ਵਿਚ। ਦ੍ਰਿਸਟਿ = ਵੇਖਣ ਦੀ ਤਾਕਤ। ਹੀਨਾ = ਕਮਜ਼ੋਰ, ਲਿੱਸਾ। ਜਰਿ = ਜਰ ਨੇ, ਬੁਢੇਪੇ ਨੇ। ਸਿਰਿ = ਸਿਰ ਉਤੇ। ਕਾਲੋ = ਕਾਲੁ, ਮੌਤ।

ਰੂਪੁ ਰੰਗੁ ਰਹਸੁ ਨਹੀ ਸਾਚਾ ਕਿਉ ਛੋਡੈ ਜਮ ਜਾਲੋ ॥੧॥

Beauty, loving attachment and the pleasures of life are not permanent. How can anyone escape from the noose of death? ||1||

ਨਾਹ ਤੇਰਾ ਰੱਬੀ ਰੂਪ ਬਣਿਆ, ਨਾਹ ਤੈਨੂੰ ਰੱਬੀ ਰੰਗ ਚੜ੍ਹਿਆ, ਨਾਹ ਤੇਰੇ ਅੰਦਰ ਰੱਬੀ ਖੇੜਾ ਆਇਆ, (ਦੱਸ) ਜਮ ਦਾ ਜਾਲ ਤੈਨੂੰ ਕਿਵੇਂ ਛੱਡੇਗਾ? ॥੧॥ ਰਹਸੁ = ਖਿੜਾਉ। ਸਾਚਾ = ਸਦਾ ਕਾਇਮ ਰਹਿਣ ਵਾਲਾ, ਰੱਬੀ। ਜਮ ਜਾਲੋ = ਜਮ ਦਾ ਜਾਲ, ਜਮ ਦੀ ਫਾਹੀ ॥੧॥

ਪ੍ਰਾਣੀ ਹਰਿ ਜਪਿ ਜਨਮੁ ਗਇਓ

O mortal, meditate on the Lord - your life is passing away!

ਹੇ ਪ੍ਰਾਣੀ! ਪਰਮਾਤਮਾ ਦਾ ਸਿਮਰਨ ਕਰ। ਜ਼ਿੰਦਗੀ ਬੀਤਦੀ ਜਾ ਰਹੀ ਹੈ। ਜਨਮੁ = ਮਨੁੱਖਾ ਜਨਮ। ਗਇਓ = ਲੰਘਦਾ ਜਾ ਰਿਹਾ ਹੈ।

ਸਾਚ ਸਬਦ ਬਿਨੁ ਕਬਹੁ ਛੂਟਸਿ ਬਿਰਥਾ ਜਨਮੁ ਭਇਓ ॥੧॥ ਰਹਾਉ

Without the True Word of the Shabad, you shall never be released, and your life shall be totally useless. ||1||Pause||

ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਵਾਂਜਿਆ ਰਹਿ ਕੇ (ਮਾਇਆ ਦੇ ਮੋਹ ਤੋਂ, ਜਮ ਦੇ ਜਾਲ ਤੋਂ) ਤੂੰ ਕਦੇ ਭੀ ਬਚਿਆ ਨਹੀਂ ਰਹਿ ਸਕੇਂਗਾ। ਤੇਰੀ ਜ਼ਿੰਦਗੀ ਵਿਅਰਥ ਹੀ ਚਲੀ ਜਾਇਗੀ ॥੧॥ ਰਹਾਉ ॥ ਨ ਛੂਟਸਿ = ਤੂੰ (ਜਮ-ਜਾਲ ਤੋਂ) ਖ਼ਲਾਸੀ ਨਹੀਂ ਪਾ ਸਕੇਂਗਾ ॥੧॥ ਰਹਾਉ ॥

ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ

Within the body are sexual desire, anger, egotism and attachment. This pain is so great, and so difficult to endure.

ਹੇ ਪ੍ਰਾਣੀ! ਤੇਰੇ ਸਰੀਰ ਵਿਚ ਕਾਮ (ਜ਼ੋਰ ਪਾ ਰਿਹਾ) ਹੈ, ਕ੍ਰੋਧ (ਪ੍ਰਬਲ) ਹੈ, ਹਉਮੈ ਹੈ, ਮਲਕੀਅਤਾਂ ਦੀ ਤਾਂਘ ਹੈ, ਇਹਨਾਂ ਸਭਨਾਂ ਦੀ ਵੱਡੀ ਔਖੀ ਪੀੜ ਉਠ ਰਹੀ ਹੈ (ਇਹਨਾਂ ਵਿਕਾਰਾਂ ਵਿਚ ਡੁੱਬਣੋਂ ਤੇਰਾ ਬਚਾ ਕਿਵੇਂ ਹੋਵੇ?)। ਹਉ = ਮੈਂ ਮੈਂ, ਮੈਂ ਵੱਡਾ ਮੈਂ ਵੱਡਾ, ਹਉਮੈ। ਮਮ = ਮੇਰਾ। ਮਮਤਾ = ਮਲਕੀਅਤਾਂ ਦੀ ਤਾਂਘ।

ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥੨॥

As Gurmukh, chant the Lord's Name, and savor it with your tongue; in this way, you shall cross over to the other side. ||2||

ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਭਜਨ ਕਰ, ਜੀਭ ਨਾਲ (ਸਿਮਰਨ ਦਾ) ਸੁਆਦ ਲੈ। ਇਹਨਾਂ ਤਰੀਕਿਆਂ ਨਾਲ (ਇਹਨਾਂ ਵਿਕਾਰਾਂ ਦੇ ਡੂੰਘੇ ਪਾਣੀਆਂ ਵਿਚੋਂ ਸਿਮਰਨ ਦੀ) ਤਾਰੀ ਲਾ ਕੇ ਪਾਰ ਲੰਘ ॥੨॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਰਸੁ = (ਸਿਮਰਨ ਦਾ) ਸੁਆਦ। ਰਸਨਾ = ਜੀਭ (ਨਾਲ)। ਇਨ ਬਿਧਿ = ਇਹਨਾਂ ਤਰੀਕਿਆਂ ਨਾਲ ॥੨॥

ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ

Your ears are deaf, and your intellect is worthless, and still, you do not intuitively understand the Word of the Shabad.

ਹੇ ਪ੍ਰਾਣੀ! (ਸਿਫ਼ਤ-ਸਾਲਾਹ ਵਲੋਂ) ਤੇਰੇ ਕੰਨ ਬੋਲੇ (ਹੀ ਰਹੇ), ਤੇਰੀ ਮੱਤ ਥੋੜ੍ਹ-ਵਿਤੀ ਹੋ ਗਈ ਹੈ (ਰਤਾ ਰਤਾ ਗੱਲ ਤੇ ਛਿੱਥਾ ਪੈਣ ਦਾ ਤੇਰਾ ਸੁਭਾਉ ਬਣ ਗਿਆ ਹੈ), ਸਿਫ਼ਤ-ਸਾਲਾਹ ਦਾ ਸ਼ਾਂਤ-ਰਸ ਤੂੰ ਸਮਝ ਨਹੀਂ ਸਕਿਆ। ਬਹਰੇ = ਬੋਲੇ। ਕਰਨ = ਕੰਨ। ਅਕਲਿ = ਮੱਤ, ਸਮਝ। ਹੋਛੀ = ਥੋੜ੍ਹ-ਵਿਤੀ। ਸਹਜੁ = ਅਡੋਲ ਅਵਸਥਾ, ਸ਼ਾਂਤ-ਰਸ। ਸਬਦ ਸਹਜੁ = ਸਿਫ਼ਤ-ਸਾਲਾਹ ਦਾ ਸ਼ਾਂਤ-ਰਸ।

ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਸੂਝਿਆ ॥੩॥

The self-willed manmukh wastes this priceless human life and loses it. Without the Guru, the blind person cannot see. ||3||

ਆਪਣੇ ਮਨ ਦੇ ਪਿੱਛੇ ਲੱਗ ਕੇ ਤੂੰ ਕੀਮਤੀ ਮਨੁੱਖਾ ਜਨਮ ਗਵਾ ਲਿਆ ਹੈ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਤੂੰ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਰਿਹਾ, ਤੈਨੂੰ (ਆਤਮਕ ਜੀਵਨ ਦੀ) ਸਮਝ ਨਾਹ ਆਈ ॥੩॥ ਮਨਮੁਖਿ = ਮਨ ਵਲ ਮੂੰਹ ਕਰ ਕੇ, ਮਨ ਦੇ ਪਿੱਛੇ ਤੁਰ ਕੇ। ਅੰਧੁ = ਅੰਨ੍ਹਾ ॥੩॥

ਰਹੈ ਉਦਾਸੁ ਆਸ ਨਿਰਾਸਾ ਸਹਜ ਧਿਆਨਿ ਬੈਰਾਗੀ

Whoever remains detached and free of desire in the midst of desire - and whoever, unattached, intuitively meditates on the Celestial Lord

ਉਹ ਮਨੁੱਖ (ਦੁਨੀਆ ਵਿਚ ਵਰਤਦਾ ਹੋਇਆ ਭੀ ਦੁਨੀਆ ਵਲੋਂ) ਉਪਰਾਮ ਰਹਿੰਦਾ ਹੈ, ਆਸਾਂ ਤੋਂ ਨਿਰਲੇਪ ਰਹਿੰਦਾ ਹੈ, ਅਡੋਲਤਾ ਦੀ ਸਮਾਧੀ ਵਿਚ ਟਿਕਿਆ ਰਹਿ ਕੇ ਉਹ (ਦੁਨੀਆ ਤੋਂ) ਨਿਰਮੋਹ ਰਹਿੰਦਾ ਹੈ, ਉਦਾਸੁ = ਉਪਰਾਮ, ਨਿਰਲੇਪ। ਨਿਰਾਸਾ = ਆਸਾਂ ਤੋਂ ਨਿਰਾਲਾ। ਸਹਜ ਧਿਆਨਿ = ਅਡੋਲਤਾ ਦੀ ਸਮਾਧੀ ਵਿਚ। ਧਿਆਨਿ = ਧਿਆਨ ਵਿਚ, ਸਮਾਧੀ ਵਿਚ। ਬੈਰਾਗੀ = ਵੈਰਾਗਵਾਨ, ਨਿਰਮੋਹ।

ਪ੍ਰਣਵਤਿ ਨਾਨਕ ਗੁਰਮੁਖਿ ਛੂਟਸਿ ਰਾਮ ਨਾਮਿ ਲਿਵ ਲਾਗੀ ॥੪॥੨॥੩॥

- prays Nanak, as Gurmukh, he is released. He is lovingly attuned to the Naam, the Name of the Lord. ||4||||2||3||

ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ। (ਹੇ ਪ੍ਰਾਣੀ!) ਨਾਨਕ ਬੇਨਤੀ ਕਰਦਾ ਹੈ (ਤੇ ਤੈਨੂੰ ਸਮਝਾਂਦਾ ਹੈ ਕਿ) ਉਹ ਮਨੁੱਖ (ਵਿਕਾਰਾਂ ਦੀ ਫਾਹੀ ਤੋਂ) ਖ਼ਲਾਸੀ ਪਾ ਲੈਂਦਾ ਹੈ, ਪ੍ਰਭੂ ਦੇ ਨਾਮ ਵਿਚ ਉਸ ਦੀ ਸੁਰਤ ਟਿਕੀ ਰਹਿੰਦੀ ਹੈ ॥੪॥੨॥੩॥ ਛੂਟਸਿ = ਮਾਇਆ ਦੇ ਮੋਹ ਤੋਂ ਬਚੇਗਾ। ਨਾਮਿ = ਨਾਮ ਵਿਚ ॥੪॥੨॥੩॥