ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
Serve your True Lord and Master, and you shall be blessed with true greatness.
(ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ। ਸਚਾ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਸੇਵੀਐ = ਸਿਮਰਨਾ ਚਾਹੀਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਦੇਇ = ਦੇਂਦਾ ਹੈ।
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
By Guru's Grace, He abides in the mind, and egotism is driven out.
ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ। ਮਨਿ = ਮਨ ਵਿਚ। ਕਰੇਇ = ਕਰਦਾ ਹੈ।
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥
This wandering mind comes to rest, when the Lord casts His Glance of Grace. ||1||
(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮਾਇਆ ਬੜੀ ਮੋਹਣੀ ਹੈ) ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ ॥੧॥ ਧਾਵਤੁ = ਭਟਕਦਾ, ਮਾਇਆ ਪਿਛੇ ਦੌੜਦਾ। ਤਾ = ਤਦੋਂ ਹੀ। ਰਹੈ = ਟਿਕਦਾ ਹੈ॥੧॥
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
O Siblings of Destiny, become Gurmukh, and meditate on the Name of the Lord.
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥
The Treasure of the Naam abides forever within the mind, and one's place of rest is found in the Mansion of the Lord's Presence. ||1||Pause||
ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੧॥ ਰਹਾਉ ॥ ਸਦ = ਸਦਾ। ਮਹਲੀ = ਪ੍ਰਭੂ ਦੇ ਮਹਲ ਵਿਚ॥੧॥ਰਹਾਉ॥
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
The minds and bodies of the self-willed manmukhs are filled with darkness; they find no shelter, no place of rest.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਜਾਂਦਾ ਹੈ, ਸਰੀਰ ਭੀ (ਭਾਵ, ਹਰੇਕ ਗਿਆਨ-ਇੰਦ੍ਰਾ ਭੀ) ਅੰਨ੍ਹਾ ਹੋ ਜਾਂਦਾ ਹੈ ਉਸ ਨੂੰ (ਆਤਮਕ ਸ਼ਾਂਤੀ ਵਾਸਤੇ) ਕੋਈ ਥਾਂ-ਥਿੱਤਾ ਸੁੱਝਦਾ ਨਹੀਂ। ਅੰਧੁ = ਅੰਨ੍ਹਾ।
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
Through countless incarnations they wander lost, like crows in a deserted house.
(ਮਾਇਆ ਦੇ ਮੋਹ ਵਿਚ ਫਸ ਕੇ) ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ (ਕਿਤੋਂ ਭੀ ਉਸ ਨੂੰ ਆਤਮਕ ਸ਼ਾਂਤੀ ਨਹੀਂ ਮਿਲਦੀ) ਜਿਵੇਂ ਕਿਸੇ ਸੁੰਞੇ ਘਰ ਵਿਚ ਕਾਂ ਜਾਂਦਾ ਹੈ (ਉਥੋਂ ਉਸ ਨੂੰ ਮਿਲਦਾ ਕੁਝ ਨਹੀਂ) ਘਰਿ = ਘਰ ਵਿਚ।
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥
Through the Guru's Teachings, the heart is illuminated. Through the Shabad, the Name of the Lord is received. ||2||
ਗੁਰੂ ਦੀ ਮਤਿ ਤੇ ਤੁਰਿਆਂ ਹਿਰਦੇ ਵਿਚ ਚਾਨਣ (ਹੋ ਜਾਂਦਾ ਹੈ) (ਭਾਵ, ਸਹੀ ਜੀਵਨ ਦੀ ਸੂਝ ਆ ਜਾਂਦੀ ਹੈ), ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੨॥ ਘਟਿ = ਹਿਰਦੇ ਵਿਚ॥੨॥
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
In the corruption of the three qualities, there is blindness; in attachment to Maya, there is darkness.
ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)। ਤ੍ਰੈਗੁਣ ਬਿਪਿਆ = (ਰਜੋ ਸਤੋ ਤਮੋ) ਤਿੰਨ ਗੁਣਾਂ ਵਾਲੀ ਮਾਇਆ। ਗੁਬਾਰ = ਹਨੇਰਾ।
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
The greedy people serve others, instead of the Lord, although they loudly announce their reading of scriptures.
ਲੋਭ-ਗ੍ਰਸੇ ਜੀਵ (ਉਂਞ ਤਾਂ) ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ। ਅਨ ਕਉ = ਕਿਸੇ ਹੋਰ ਨੂੰ। ਪੜਿ = ਪੜ੍ਹ ਕੇ।
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥
They are burnt to death by their own corruption; they are not at home, on either this shore or the one beyond. ||3||
ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ (ਮਾਇਆ-ਮੋਹ ਦੇ ਘੁੱਪ ਹਨੇਰੇ ਵਿਚੋਂ ਉਹਨਾਂ ਨੂੰ) ਨਾਹ ਉਰਲਾ ਬੰਨਾ ਦਿੱਸਦਾ ਹੈ, ਨਾਹ ਪਾਰਲਾ ਬੰਨਾ ॥੩॥ ਪਚਿ ਮੁਏ = ਖ਼ੁਆਰ ਹੋ ਕੇ ਆਤਮਕ ਮੌਤੇ ਮਰਦੇ ਹਨ॥੩॥
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
In attachment to Maya, they have forgotten the Father, the Cherisher of the World.
ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ। ਮੋਹਿ = ਮੋਹ ਵਿਚ।
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
Without the Guru, all are unconscious; they are held in bondage by the Messenger of Death.
ਗੁਰੂ (ਦੀ ਸਰਨ) ਤੋਂ ਬਿਨਾ ਜੀਵ ਗ਼ਾਫਿਲ ਹੋ ਰਿਹਾ ਹੈ। (ਪਰਮਾਤਮਾ ਤੋਂ ਵਿੱਛੁੜੀ ਹੋਈ) ਸਾਰੀ ਲੁਕਾਈ ਨੂੰ ਆਤਮਕ ਮੌਤੇ (ਆਪਣੇ ਬੰਧਨਾਂ ਵਿਚ) ਜਕੜਿਆ ਹੋਇਆ ਹੈ। ਅਚੇਤੁ = ਗ਼ਾਫ਼ਿਲ। ਸਭ = ਸਾਰੀ ਲੁਕਾਈ। ਜਮ ਕਾਲਿ = ਜਮ ਕਾਲ ਨੇ।
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥
O Nanak, through the Guru's Teachings, you shall be saved, contemplating the True Name. ||4||10||43||
ਹੇ ਨਾਨਕ! ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਹੀ ਜੀਵ (ਆਤਮਕ ਮੌਤ ਦੇ ਬੰਧਨਾਂ ਤੋਂ) ਬਚ ਸਕਦੇ ਹਨ ॥੪॥੧੦॥੪੩॥ ਉਬਰੇ = ਬਚਦੇ ਹਨ। ਸਮਾਲਿ = ਸੰਭਾਲ ਕੇ, ਚੇਤੇ ਕਰ ਕੇ॥੪॥