ਕਲਿਆਨੁ ਮਹਲਾ

Kalyaan, Fourth Mehl:

ਕਲਿਆਣ ਚੋਥੀ ਪਾਤਿਸ਼ਾਹੀ।

ਰਾਮਾ ਹਮ ਦਾਸਨ ਦਾਸ ਕਰੀਜੈ

O Lord, please make me the slave of Your slaves.

ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ। ਰਾਮਾ = ਹੇ ਰਾਮ! ਹਮ = ਅਸਾ (ਜੀਵਾਂ) ਨੂੰ। ਕਰੀਜੈ = ਬਣਾਈ ਰੱਖ।

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ

As long as there is breath deep within my mind, let me drink in the dust of the Holy. ||1||Pause||

ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ॥੧॥ ਰਹਾਉ ॥ ਜਬ ਲਗਿ = ਜਦੋਂ ਤਕ। ਸਾਸੁ = ਸਾਹ। ਸਾਧੂ ਧੂਰਿ = ਸੰਤ-ਜਨਾਂ ਦੇ ਚਰਨਾਂ ਦੀ ਧੂੜ। ਪਿਵੀਜੈ = ਪੀਣੀ ਚਾਹੀਦੀ ਹੈ ॥੧॥ ਰਹਾਉ ॥

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ

Shiva, Naarad, the thousand-headed cobra king and the silent sages long for the dust of the Holy.

ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ। ਸੰਕਰੁ = ਸ਼ਿਵ। ਸੇਖਨਾਗ = ਸ਼ੇਸ਼ਨਾਗ। ਲੋਚੀਜੈ = ਤਾਂਘ ਕੀਤੀ ਜਾਂਦੀ ਹੈ।

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥

All the worlds and realms where the Holy place their feet are sanctified. ||1||

ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ॥੧॥ ਹੋਹਿ = ਹੋ ਜਾਂਦੇ ਹਨ (ਬਹੁ-ਵਚਨ)। ਸਭਿ = ਸਾਰੇ। ਜਹ = ਜਿੱਥੇ ॥੧॥

ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ

So let go of your shame and renounce all your egotism; join with the Saadh Sangat, the Company of the Holy, and remain there.

ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ। ਤਜਿ = ਤਿਆਗ ਕੇ। ਸਭੁ = ਸਾਰਾ। ਤਜੀਐ = ਤਿਆਗ ਦੇਣਾ ਚਾਹੀਦਾ ਹੈ। ਸੰਗਿ = ਸੰਗਤ ਵਿਚ। ਮਿਲਿ = ਮਿਲ ਕੇ।

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥

Give up your fear of the Righteous Judge of Dharma, and you shall be lifted up and saved from drowning in the sea of poison. ||2||

(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ। ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ॥੨॥ ਕਾਨਿ = ਮੁਥਾਜੀ, ਸਹਿਮ। ਚੁਕਾਵੈ = ਮੁਕਾ ਲੈਂਦਾ ਹੈ। ਬਿਖੁ = ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ॥੨॥

ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ

Some are standing, parched and shrivelled up by their doubts; joining the Saadh Sangat, they are rejuvenated.

(ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ। ਭਰਮਿ = ਭਟਕਣਾ ਦੇ ਕਾਰਨ। ਸੂਕੇ = ਸੁੱਕੇ ਹੋਏ ਆਤਮਕ ਜੀਵਨ ਵਾਲੇ। ਉਭਿ ਸੁਕ = ਖੜੇ-ਖੜੋਤੇ ਸੁੱਕੇ ਹੋਏ ਰੁੱਖ। ਕਹੀਅਹਿ = ਕਹੇ ਜਾਂਦੇ ਹਨ। ਹਰੀਜੈ = ਹਰੇ ਹੋ ਜਾਂਦੇ ਹਨ।

ਤਾ ਤੇ ਬਿਲਮੁ ਪਲੁ ਢਿਲ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥

So do not delay, even for an instant - go and fall at the feet of the Holy. ||3||

ਇਸ ਵਾਸਤੇ ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ॥੩॥ ਤਾ ਤੇ = ਇਸ ਵਾਸਤੇ। ਬਿਲਮੁ (विलम्ब) ਦੇਰ। ਨ ਕੀਜੈ = ਨਹੀਂ ਕਰਨੀ ਚਾਹੀਦੀ ਹੈ। ਜਾਇ = ਜਾ ਕੇ ॥੩॥

ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ

The Kirtan of the Praise of the Lord's Name is a priceless jewel. The Lord has given it for the Holy to keep.

ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤ-ਸਾਲਾਹ ਇਕ ਕੀਮਤੀ ਪਦਾਰਥ ਹੈ। ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ। ਰਤਨ ਵਥੁ = ਕੀਮਤੀ ਪਦਾਰਥ। ਰਖੀਜੈ = ਰੱਖਿਆ ਹੁੰਦਾ ਹੈ।

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥

Whoever accepts and follows the Word of the Guru's Teachings as True - this Jewel is taken out and given to him. ||4||

ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ॥੪॥ ਬਚਨੁ ਗੁਰ = ਗੁਰੂ ਦਾ ਬਚਨ। ਸਤਿ ਕਰਿ = ਸਰਧਾ ਨਾਲ। ਮਾਨੇ = ਮੰਨਦਾ ਹੈ (ਇਕ-ਵਚਨ)। ਧਰੀਜੈ = ਧਰਿਆ ਜਾਂਦਾ ਹੈ, ਧਰ ਦੇਂਦਾ ਹੈ ॥੪॥

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ

Listen, O Saints; listen, humble Siblings of Destiny: the Guru raises His Arms and sends out the call.

ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ। ਜਨ = ਹੇ ਜਨੋ! ਭਾਈ! ਹੇ ਭਰਾਵੋ! ਗੁਰਿ = ਗੁਰੂ ਨੇ। ਕਾਢੀ = ਉੱਚੀ ਕੀਤੀ ਹੋਈ ਹੈ। ਕੁਕੀਜੈ = ਕੂਕ ਰਿਹਾ ਹੈ।

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥

If you long for everlasting peace and comfort for your soul, then enter the Sanctuary of the True Guru. ||5||

ਹੇ ਸੰਤ ਜਨੋ! ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ॥੫॥ ਆਤਮ ਕਉ = ਜਿੰਦ ਵਾਸਤੇ। ਸੁਖੁ ਸੁਖੁ = ਹਰ ਵੇਲੇ ਦਾ ਸੁਖ। ਪਵੀਜੈ = ਪੈਣਾ ਚਾਹੀਦਾ ॥੫॥

ਜੇ ਵਡਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ

If you have great good fortune and are very noble, then implant the Guru's Teachings and the Naam, the Name of the Lord, within.

ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮੱਤ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ। ਵਡ ਭਾਗੁ = ਵੱਡੀ ਕਿਸਮਤ। ਨੀਕਾ = ਸੋਹਣਾ। ਦ੍ਰਿੜੀਜੈ = ਹਿਰਦੇ ਵਿਚ ਪੱਕਾ ਕਰ ਲੈਣਾ ਚਾਹੀਦਾ ਹੈ।

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥

Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||

ਮਾਇਆ ਦਾ ਮੋਹ-ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ। (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ॥੬॥ ਬਿਖਮੁ = ਔਖਾ। ਤਰੀਐ = ਤਰਿਆ ਜਾ ਸਕਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਪੀਜੈ = ਪੀਤਾ ਜਾ ਸਕਦਾ ਹੈ ॥੬॥

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ

Those who are totally in love with Maya, Maya, shall rot away in Maya.

ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ। ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ। ਅਧਿਕਾਈ = ਬਹੁਤ (ਪ੍ਰੇਮੀ)। ਪਚੈ ਪਚੀਜੈ = ਹਰ ਵੇਲੇ ਸੜਦਾ ਹੈ।

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥

The path of ignorance and darkness is utterly treacherous; they are loaded down with the crushing load of egotism. ||7||

(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ॥੭॥ ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਨੇਰੁ = ਹਨੇਰਾ। ਪੰਥੁ = (ਜ਼ਿੰਦਗੀ ਦਾ) ਰਸਤਾ। ਬਿਖੜਾ = ਔਖਾ। ਅਹੰਕਾਰ = ਅਹੰਕਾਰਿ ਨਾਲ। ਭਾਰਿ = ਭਾਰ ਨਾਲ। ਅਹੰਕਾਰਿ ਭਾਰਿ = ਅਹੰਕਾਰ (-ਰੂਪ) ਭਾਰ ਨਾਲ। ਲਦਿ ਲੀਜੈ = ਲਦਿਆ ਜਾਂਦਾ ਹੈ ॥੭॥

ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ

O Nanak, chanting the Name of the Lord, the All-pervading Lord, one is emancipated.

ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ। ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ। ਰਮ = ਵਿਆਪਕ। ਰਮੁ = ਸਿਮਰ। ਰਾਮੈ ਤੇ = ਪਰਮਾਤਮਾ (ਦੇ ਨਾਮ) ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ। ਕੀਜੈ = ਬਣਾ ਲਈਦੀ ਹੈ।

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥ ਛਕਾ

Meeting the True Guru, the Naam is implanted within; we are united and blended with the Lord's Name. ||8||6|| First Set of Six||

ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ। (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ। ਛਕਾ = ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ॥੮॥੬॥ ਦ੍ਰਿੜਾਏ = ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਨਾਮੈ = ਨਾਮ ਵਿਚ ਹੀ। ਰਲੈ = ਲੀਨ ਹੋ ਜਾਂਦਾ ਹੈ। ਮਿਲੀਜੈ = ਮਿਲ ਜਾਈਦਾ ਹੈ। ਛਕਾ = ਛੇ ਸ਼ਬਦਾਂ ਦਾ ਸੰਗਰਹ ॥੮॥੬॥ਛਕਾ ੧ ॥