ਮਾਝ ਮਹਲਾ

Maajh, Third Mehl:

ਮਾਝ, ਤੀਜੀ ਪਾਤਸ਼ਾਹੀ।

ਆਪੁ ਵੰਞਾਏ ਤਾ ਸਭ ਕਿਛੁ ਪਾਏ

Those who lose their own selves obtain everything.

ਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ। ਆਪੁ = ਆਪਾ-ਭਾਵ, ਅਪਣੱਤ, ਹਉਮੈ। ਸਭ ਕਿਛੁ = ਉੱਚੇ ਆਤਮਕ ਜੀਵਨ ਵਾਲਾ ਹਰੇਕ ਗੁਣ।

ਗੁਰਸਬਦੀ ਸਚੀ ਲਿਵ ਲਾਏ

Through the Word of the Guru's Shabad, they enshrine Love for the True one.

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ। ਸਚੀ = ਸਦਾ ਕਾਇਮ ਰਹਿਣ ਵਾਲੀ।

ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥

They trade in Truth, they gather in Truth, and they deal only in Truth. ||1||

(ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ) ॥੧॥ ਵਣੰਜਹਿ = ਵਣਜ ਕਰਦੇ ਹਨ, ਵਿਹਾਝਦੇ ਹਨ। ਸੰਘਰਹਿ = (ਸੰਗ੍ਰਹਿ), ਇਕੱਠਾ ਕਰਦੇ ਹਨ ॥੧॥

ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ

I am a sacrifice, my soul is a sacrifice, to those who sing the Glorious Praises of the Lord, night and day.

ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ।

ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ

I am Yours, You are my Lord and Master. You bestow greatness through the Word of Your Shabad. ||1||Pause||

ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤ ਦੇਹ) ॥੧॥ ਰਹਾਉ ॥ ਸਬਦਿ = ਸ਼ਬਦ ਵਿਚ (ਜੋੜ ਕੇ) ॥੧॥ ਰਹਾਉ ॥

ਵੇਲਾ ਵਖਤ ਸਭਿ ਸੁਹਾਇਆ

That time, that moment is totally beautiful,

(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ, ਸਭਿ = ਸਾਰੇ। ਸੁਹਾਇਆ = ਸੋਹਣੇ।

ਜਿਤੁ ਸਚਾ ਮੇਰੇ ਮਨਿ ਭਾਇਆ

when the True One becomes pleasing to my mind.

ਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ। ਜਿਤੁ = ਜਿਸ (ਵੇਲੇ) ਵਿਚ। ਮਨਿ = ਮਨ ਵਿਚ।

ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥

Serving the True One, true greatness is obtained. By Guru's Grace, the True One is obtained. ||2||

ਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ ॥੨॥ ਤੇ = ਤੋਂ, ਨਾਲ ॥੨॥

ਭਾਉ ਭੋਜਨੁ ਸਤਿਗੁਰਿ ਤੁਠੈ ਪਾਏ

The food of spiritual love is obtained when the True Guru is pleased.

ਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ। ਭਾਉ = ਪ੍ਰੇਮ। ਸਤਿਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ।

ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ

Other essences are forgotten, when the Lord's Essence comes to dwell in the mind.

ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ। ਅਨ ਰਸੁ = ਹੋਰ ਪਦਾਰਥਾਂ ਦਾ ਚਸਕਾ। ਮੰਨਿ = ਮਨਿ, ਮਨ ਵਿਚ।

ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥

Truth, contentment and intuitive peace and poise are obtained from the Bani, the Word of the Perfect Guru. ||3||

ਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ ॥੩॥ ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ ॥੩॥

ਸਤਿਗੁਰੁ ਸੇਵਹਿ ਮੂਰਖ ਅੰਧ ਗਵਾਰਾ

The blind and ignorant fools do not serve the True Guru;

ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ, ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ।

ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ

how will they find the gate of salvation?

ਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਾਇਨਿ = ਪਾਂਦੇ ਹਨ, ਪਾ ਸਕਦੇ ਹਨ।

ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥

They die and die, over and over again, only to be reborn, over and over again. They are struck down at Death's Door. ||4||

ਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ ॥੪॥ ਮਰਿ = ਆਤਮਕ ਮੌਤ ਸਹੇੜ ਕੇ। ਦਰਿ = ਦਰ ਤੇ ॥੪॥

ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ

Those who know the essence of the Shabad, understand their own selves.

ਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ)। ਸਬਦੈ ਸਾਦੁ = ਸ਼ਬਦ ਦਾ ਸੁਆਦ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ।

ਨਿਰਮਲ ਬਾਣੀ ਸਬਦਿ ਵਖਾਣਹਿ

Immaculate is the speech of those who chant the Word of the Shabad.

ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਰਹਿੰਦੇ ਹਨ। ਵਖਾਣਹਿ = ਨਾਮ ਸਿਮਰਦੇ ਹਨ।

ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥

Serving the True One, they find a lasting peace; they enshrine the nine treasures of the Naam within their minds. ||5||

ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ॥੫॥ ਸੇਵਿ = ਸੇਵਾ ਕਰ ਕੇ, ਸਿਮਰ ਕੇ। ਨਉ ਨਿਧਿ = ਨੌ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ ॥੫॥

ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ

Beautiful is that place, which is pleasing to the Lord's Mind.

(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ, ਥਾਨੁ = ਹਿਰਦਾ। ਮਨਿ = ਮਨ ਵਿਚ।

ਸਤਸੰਗਤਿ ਬਹਿ ਹਰਿ ਗੁਣ ਗਾਇਆ

There, sitting in the Sat Sangat, the True Congregation, the Glorious Praises of the Lord are sung.

(ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਹਨ। ਬਹਿ = ਬੈਠ ਕੇ।

ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥

Night and day, the True One is praised; the Immaculate Sound-current of the Naad resounds there. ||6||

ਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਸਿਫ਼ਤ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ ॥੬॥ ਨਾਦੁ = ਵਾਜਾ ॥੬॥

ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ

The wealth of the self-willed manmukhs is false, and false is their ostentatious display.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ। ਰਾਸਿ = ਪੂੰਜੀ, ਸਰਮਾਇਆ। ਖੋਟੀ = ਜੇਹੜੀ ਸਰਕਾਰੀ ਖ਼ਜ਼ਾਨੇ ਵਿਚ ਦਾਖ਼ਲ ਨਾਹ ਕੀਤੀ ਜਾਏ। ਪਾਸਾਰਾ = ਖਿਲਾਰਾ।

ਕੂੜੁ ਕਮਾਵਨਿ ਦੁਖੁ ਲਾਗੈ ਭਾਰਾ

They practice falsehood, and suffer terrible pain.

ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ।

ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥

Deluded by doubt, they wander day and night; through birth and death, they lose their lives. ||7||

ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੭॥ ਭਰਮੇ = ਭਰਮਿ, ਭਟਕਣਾ ਵਿਚ ਪੈ ਕੇ। ਭੂਲੈ = ਕੁਰਾਹੇ ਪਏ ਹੋਏ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ॥੭॥

ਸਚਾ ਸਾਹਿਬੁ ਮੈ ਅਤਿ ਪਿਆਰਾ

My True Lord and Master is very dear to me.

(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ। ਮੈ = ਮੈਨੂੰ।

ਪੂਰੇ ਗੁਰ ਕੈ ਸਬਦਿ ਅਧਾਰਾ

The Shabad of the Perfect Guru is my Support.

ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ। ਕੈ ਸਬਦਿ = ਦੇ ਸਬਦ ਦੀ ਰਾਹੀਂ। ਅਧਾਰਾ = ਆਸਰਾ।

ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥

O Nanak, one who obtains the Greatness of the Naam, looks upon pain and pleasure as one and the same. ||8||10||11||

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ ॥੮॥੧੦॥੧੧॥ ਨਾਮਿ = ਨਾਮ ਵਿਚ (ਜੁੜਿਆਂ)। ਸਮ = ਬਰਾਬਰ, ਇਕੋ ਜਿਹਾ ॥੮॥