ਅੜਿਲ ॥

ਅੜਿਲ:

ਤਿਹ ਠਾ ਇਕ ਅਤਿਥ ਪਹੂੰਚ︀ਯੋ ਆਇ ਕੈ ॥

ਉਥੇ ਇਕ ਜੋਗੀ ਆ ਪਹੁੰਚਿਆ।

ਲਖਿ ਤਿਹ ਛਬਿ ਝਖ ਕੇਤੁ ਰਹੈ ਉਰਝਾਇ ਕੈ ॥

ਉਸ ਦੀ ਛਬੀ ਨੂੰ ਵੇਖ ਕੇ ਕਾਮ ਦੇਵ ('ਝਖ ਕੇਤੁ') ਵੀ ਫਸ ਜਾਂਦਾ ਸੀ।

ਅਪ੍ਰਮਾਨ ਅਪ੍ਰਤਿਮ ਸਰੂਪ ਬਿਧਨੈ ਦਯੋ ॥

(ਉਸ ਨੂੰ) ਪਰਮਾਤਮਾ ਨੇ ਅਮਿਤ ਸੁੰਦਰ ਸਰੂਪ ਦਿੱਤਾ ਸੀ

ਹੋ ਭੂਤ ਭਵਿਖ ਭਵਾਨ ਨ ਕੋ ਐਸੌ ਭਯੋ ॥੩॥

ਜਿਸ ਵਰਗਾ ਭੂਤ, ਭਵਿਖ ਅਤੇ ਵਰਤਮਾਨ ਵਿਚ ਕੋਈ ਨਹੀਂ ਹੋਇਆ ਹੋਵੇਗਾ ॥੩॥

ਕੰਦ੍ਰਪ ਕਲਾ ਹੇਰਿ ਤਾ ਕੀ ਛਬ ਬਸਿ ਭਈ ॥

ਕੰਦ੍ਰਪ ਕਲਾ ਉਸ ਦੀ ਛਬੀ ਨੂੰ ਵੇਖ ਕੇ ਮੋਹਿਤ ਹੋ ਗਈ।

ਬਿਰਹ ਨਦੀ ਕੇ ਬੀਚ ਡੂਬਿ ਸਿਗਰੀ ਗਈ ॥

ਉਹ ਬਿਰਹੋਂ ਦੀ ਨਦੀ ਵਿਚ ਸਾਰੀ ਡੁਬ ਗਈ।

ਪਠੈ ਸਹਚਰੀ ਤਿਹ ਗ੍ਰਿਹ ਲਿਯੋ ਬੁਲਾਇ ਕੈ ॥

ਦਾਸੀ ਭੇਜ ਕੇ ਉਸ ਨੂੰ ਘਰ ਬੁਲਾ ਲਿਆ।

ਹੋ ਭਾਤਿ ਭਾਤਿ ਰਤਿ ਕਰੀ ਹਰਖ ਉਪਜਾਇ ਕੈ ॥੪॥

ਉਸ ਨਾਲ ਆਨੰਦ ਸਹਿਤ ਭਾਂਤ ਭਾਂਤ ਦੀ ਰਤੀ-ਕ੍ਰੀੜਾ ਕੀਤੀ ॥੪॥

ਪਾਚ ਚੌਤਰੋ ਛੋਰਿ ਚੌਧਰੀ ਆਇਯੋ ॥

(ਜਦ) ਪੰਚਾਂ ਦਾ ਚੌਬੂਤਰਾ ਛਡ ਕੇ ਚੌਧਰੀ (ਘਰ) ਆਇਆ

ਕੁਠਿਆ ਮੋ ਚੌਧ੍ਰਨੀ ਤਾਹਿ ਛਪਾਇਯੋ ॥

(ਤਦ) ਚੌਧਰਾਣੀ ਨੇ ਉਸ (ਜੋਗੀ) ਨੂੰ ਕੋਠੜੀ ਵਿਚ ਲੁਕਾ ਦਿੱਤਾ।

ਬਹੁਰਿ ਉਚਾਰੇ ਬੈਨ ਮੂੜ ਸੌ ਕੋਪਿ ਕੈ ॥

ਫਿਰ ਕ੍ਰੋਧ ਕਰ ਕੇ ਉਸ ਮੂਰਖ (ਚੌਧਰੀ) ਨੂੰ ਕਿਹਾ

ਹੋ ਤਾ ਕੋ ਸਿਰ ਕੈ ਬਿਖੈ ਪਨਹਿਯਾ ਸੌ ਕੁ ਦੈ ॥੫॥

ਕਿ ਤੇਰੇ ਸਿਰ ਵਿਚ ਸੌ ਕੁ ਜੁਤੀਆਂ ਮਾਰਨੀਆਂ ਚਾਹੀਦੀਆਂ ਹਨ ॥੫॥

ਤੁਮਰੇ ਰਾਜ ਨ ਧਰੈ ਸੁਯੰਬਰ ਅੰਗ ਮੈ ॥

ਤੇਰੇ ਰਾਜ ਵਿਚ ਮੈਂ ਨਾ ਸੁੰਦਰ ਬਸਤ੍ਰ ਸ਼ਰੀਰ ਉਤੇ ਪਾਏ ਹਨ।

ਆਛੋ ਸਦਨ ਸਵਾਰੋ ਦਯੋ ਨ ਦਰਬ ਤੈ ॥

ਨਾ ਚੰਗਾ ਮਕਾਨ ਬਣਿਆ ਹੈ ਅਤੇ ਨਾ ਹੀ (ਤੂੰ) ਧਨ ਦਿੱਤਾ ਹੈ।

ਕਛੁ ਨ ਕੀਨੋ ਭੋਗ ਜਗਤ ਮੈ ਆਇ ਕੈ ॥

ਨਾ ਹੀ ਸੰਸਾਰ ਵਿਚ ਆ ਕੇ ਮੌਜ ਮੇਲਾ ਕੀਤਾ ਹੈ।

ਬਿਪ੍ਰਨ ਦਿਯੋ ਸੁ ਕਛੁ ਨ ਦਾਨ ਬੁਲਾਇ ਕੈ ॥੬॥

ਨਾ ਹੀ ਬ੍ਰਾਹਮਣਾਂ ਨੂੰ ਬੁਲਾ ਕੇ ਕੁਝ ਦਾਨ ਆਦਿ ਦਿੱਤਾ ਹੈ ॥੬॥