ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥
The One who bound you in the womb and then released you, placed you in the world of joy.
ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ (ਪਹਿਲਾਂ ਮਾਂ ਦੇ ਪੇਟ ਵਿਚ) ਬੰਨ੍ਹ ਕੇ ਰੱਖਿਆ ਹੋਇਆ ਸੀ, ਫਿਰ (ਮਾਂ ਦੇ ਪੇਟ ਵਿਚੋਂ ਕੱਢ ਕੇ ਜਗਤ ਵਿਚ ਲਿਆ ਕੇ ਜਗਤ ਦੇ) ਸੁਖਾਂ ਵਿਚ ਲਿਆ ਵਸਾਇਆ ਹੈ, ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਬੰਧਿ ਕਰਿ ਛੋਡਿਆ = ਬੰਨ੍ਹ ਕੇ ਰੱਖਿਆ ਹੋਇਆ ਸੀ। (ਮਾਂ ਦੇ ਪੇਟ ਵਿਚ)। ਫੁਨਿ = ਫਿਰ, (ਮਾਂ ਦੇ ਪੇਟ ਵਿਚੋਂ ਕੱਢ ਕੇ)।
ਸਦਾ ਸਿਮਰਿ ਚਰਣਾਰਬਿੰਦ ਸੀਤਲ ਹੋਤਾਇਆ ॥੧॥
Contemplate His Lotus Feet forever, and you shall be cooled and soothed. ||1||
ਉਸ ਦੇ ਸੋਹਣੇ ਚਰਨ ਸਦਾ ਸਿਮਰਦਾ ਰਹੁ। (ਇਸ ਤਰ੍ਹਾਂ ਸਦਾ) ਸ਼ਾਂਤ-ਚਿੱਤ ਰਹਿ ਸਕੀਦਾ ਹੈ ॥੧॥ ਚਰਣਾਰਬਿੰਦ = {ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ} ਕੌਲ ਫੁੱਲ ਵਰਗੇ ਸੋਹਣੇ ਚਰਨ। ਸੀਤਲ = ਸ਼ਾਂਤ-ਚਿੱਤ। ਹੋਤਾਇਆ = ਹੋ ਜਾਈਦਾ ਹੈ ॥੧॥
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥
In life and in death, this Maya is of no use.
(ਹੇ ਭਾਈ! ਜੇਹੜੀ ਮਾਇਆ) ਇਸ ਲੋਕ ਅਤੇ ਪਰਲੋਕ ਵਿਚ ਕਿਤੇ ਭੀ ਸਾਥ ਨਹੀਂ ਨਿਬਾਹੁੰਦੀ (ਜੀਵ ਉਸ ਨਾਲ ਸਦਾ ਮੋਹ ਪਾਈ ਰੱਖਦਾ ਹੈ)। ਅਥਵਾ = ਅਤੇ। ਜੀਵਤਿਆ = ਜੀਊਂਦਿਆਂ, ਇਸ ਲੋਕ ਵਿਚ। ਮੁਇਆ = ਮੁਇਆਂ, ਪਰਲੋਕ ਵਿਚ। ਕਾਮਿ = ਕੰਮ।
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥੧॥ ਰਹਾਉ ॥
He created this creation, but rare are those who enshrine love for Him. ||1||Pause||
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਪੈਦਾ ਕੀਤਾ ਹੈ, ਉਸ ਨਾਲ ਕੋਈ ਵਿਰਲਾ ਮਨੁੱਖ ਪਿਆਰ ਬਣਾਂਦਾ ਹੈ ॥੧॥ ਰਹਾਉ ॥ ਤਿਸ ਕੋਊ = ਕੋਈ ਵਿਰਲਾ। ਸਿਉ = ਨਾਲ। ਰੰਗੁ = ਪ੍ਰੇਮ ॥੧॥ ਰਹਾਉ ॥
ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਘਾਮ ਤੇ ਕਾਢੈ ॥
O mortal, the Creator Lord made summer and winter; He saves you from the heat.
ਹੇ ਭਾਈ! (ਵਿਕਾਰਾਂ ਦੀ) ਗਰਮੀ ਅਤੇ (ਨਾਮ ਦੀ) ਠੰਢਕ ਪਰਮਾਤਮਾ ਆਪ ਹੀ ਬਣਾਂਦਾ ਹੈ, ਉਹ (ਆਪ ਹੀ ਵਿਕਾਰਾਂ ਦੀ) ਤਪਸ਼ ਵਿਚੋਂ ਕੱਢਦਾ ਹੈ। ਉਸਨ = ਗਰਮੀ। ਸੀਤ = ਠੰਡਕ। ਕਰਤਾ = ਕਰਤਾਰ। ਘਾਮ ਤੇ = ਤਪਸ਼ ਤੋਂ।
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥੨॥
From the ant, He makes an elephant; He reunites those who have been separated. ||2||
ਉਹ ਪ੍ਰਭੂ ਕੀੜੀ (ਨਾਚੀਜ਼ ਜੀਵ ਤੋਂ) ਹਾਥੀ (ਮਾਣ-ਆਦਰ ਵਾਲਾ) ਬਣਾ ਦੇਂਦਾ ਹੈ, (ਆਪਣੇ ਚਰਨਾਂ ਨਾਲੋਂ) ਟੁੱਟੇ ਹੋਏ ਜੀਵ ਨੂੰ ਉਹ ਆਪ ਹੀ (ਬਾਹੋਂ) ਫੜ ਕੇ (ਆਪਣੇ ਚਰਨਾਂ ਨਾਲ) ਗੰਢ ਲੈਂਦਾ ਹੈ (ਉਸੇ ਦੀ ਸਰਨ ਪਿਆ ਰਹੁ) ॥੨॥ ਕੀਰੀ = ਕੀੜੀ। ਤੇ = ਤੋਂ। ਹਸਤੀ = ਹਾਥੀ। ਲੇ = ਲੈ ਕੇ, (ਆਪਣੇ ਚਰਨਾਂ ਨਾਲ ਲਾ ਕੇ) ॥੨॥
ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥
Eggs, wombs, sweat and earth - these are God's workshops of creation.
(ਹੇ ਭਾਈ! ਦੁਨੀਆ ਵਿਚ) ਅੰਡੇ ਤੋਂ ਪੈਦਾ ਹੋਏ ਜੀਵ, ਜਿਓਰ ਤੋਂ ਜੰਮੇ ਹੋਏ ਜੀਵ, ਪਸੀਨੇ ਤੋਂ ਪੈਦਾ ਹੋਏ ਜੀਵ, ਸਾਰੀ ਬਨਸਪਤੀ-ਇਹ ਸਾਰੀ ਪਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ। ਅੰਡਜ = ਅੰਡੇ ਤੋਂ ਪੈਦਾ ਹੋਏ ਜੀਵ, (ਪੰਛੀ ਆਦਿਕ)। ਜੇਰਜ = ਜਿਓਰ ਤੋਂ ਜੰਮੇ ਹੋਏ (ਮਨੁੱਖ ਅਤੇ ਪਸ਼ੂ)। ਸੇਤਜ = {ਸੈਤ = ਪਸੀਨਾ} ਮੁੜ੍ਹਕੇ ਤੋਂ ਜੰਮੇ ਹੋਏ (ਜੂੰਆਂ ਆਦਿਕ)। ਉਤਭੁਜਾ = ਪਾਣੀ ਦੀ ਮਦਦ ਨਾਲ ਧਰਤੀ ਵਿਚੋਂ ਜੰਮੇ ਹੋਏ (ਬਨਸਪਤੀ)। ਕਿਰਤਿ = ਰਚਨਾ।
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥੩॥
It is fruitful for all to practice contemplation of the Lord. ||3||
ਉਸ ਪਰਮਾਤਮਾ ਦਾ ਨਾਮ (ਇਸ ਰਚਨਾ ਤੋਂ) ਨਿਰਮੋਹ ਰਹਿ ਕੇ ਸਿਮਰਨਾ ਚਾਹੀਦਾ ਹੈ-ਇਹ ਕਮਾਈ ਕਰਨ ਨਾਲ (ਜੀਵਨ ਦੇ) ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥ ਨਿਰਤਿ = {ਨਿ-ਰਤਿ। ਰਤਿ = ਪਿਆਰ, ਮੋਹ} ਨਿਰਮੋਹ ਹੋ ਕੇ ॥੩॥
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥
I cannot do anything; O God, I seek the Sanctuary of the Holy.
ਹੇ ਪ੍ਰਭੂ! ਅਸਾਂ ਜੀਵਾਂ ਪਾਸੋਂ ਕੁਝ ਭੀ ਨਹੀਂ ਹੋ ਸਕਦਾ (ਸਾਨੂੰ) ਗੁਰੂ ਦੀ ਸਰਨ ਪਾਈ ਰੱਖ। ਹਮ ਤੇ = ਅਸਾਂ (ਜੀਵਾਂ) ਤੋਂ। ਪ੍ਰਭ = ਹੇ ਪ੍ਰਭੂ! ਸਰਣਿ ਸਾਧ = ਗੁਰੂ ਦੀ ਸਰਨ (ਰੱਖ)।
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥੪॥੩੦॥੬੦॥
Guru Nanak pulled me up, out of the deep, dark pit, the intoxication of attachment. ||4||30||60||
ਹੇ ਨਾਨਕ! (ਅਰਦਾਸ ਕਰਿਆ ਕਰ-) ਹੇ ਗੁਰੂ! ਅਸੀਂ ਜੀਵ ਮਾਇਆ ਦੇ ਮੋਹ ਵਿਚ ਡੁੱਬੇ ਰਹਿੰਦੇ ਹਾਂ, (ਸਾਨੂੰ ਮੋਹ ਦੇ ਇਸ) ਹਨੇਰੇ ਖੂਹ ਵਿਚੋਂ ਕੱਢ ਲੈ ॥੪॥੩੦॥੬੦॥ ਮਗਨ = ਡੁੱਬੇ ਹੋਏ। ਕੂਪ = ਖੂਹ। ਅੰਧ = ਅੰਨ੍ਹਾ। ਗੁਰ = ਹੇ ਗੁਰੂ! ॥੪॥੩੦॥੬੦॥