ਰਾਗੁ ਆਸਾ ਮਹਲਾ ੫ ਘਰੁ ੧੨ ॥
Raag Aasaa, Fifth Mehl, Twelfth House:
ਰਾਗ ਆਸਾ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤਿਆਗਿ ਸਗਲ ਸਿਆਨਪਾ ਭਜੁ ਪਾਰਬ੍ਰਹਮ ਨਿਰੰਕਾਰੁ ॥
Renounce all your cleverness and remember the Supreme, Formless Lord God.
(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ। ਭਜੁ = ਸਿਮਰ।
ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥੧॥
Without the One True Name, everything appears as dust. ||1||
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥ ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਬਾਝਹੁ = ਬਿਨਾ। ਛਾਰੁ = ਸੁਆਹ, ਨਿਕੰਮੀ ॥੧॥
ਸੋ ਪ੍ਰਭੁ ਜਾਣੀਐ ਸਦ ਸੰਗਿ ॥
Know that God is always with you.
(ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ, ਜਾਣੀਐ = ਸਮਝਣਾ ਚਾਹੀਦਾ ਹੈ। ਸਦ = ਦਸਾ। ਸੰਗਿ = ਅੰਗ ਸੰਗ ਵੱਸਦਾ।
ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥੧॥ ਰਹਾਉ ॥
By Guru's Grace, one understands, and is imbued with the Love of the One Lord. ||1||Pause||
ਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ ॥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੂਝਿਐ = ਸਮਝ ਆਉਂਦੀ ਹੈ। ਰੰਗਿ = ਪ੍ਰੇਮ ਵਿਚ (ਜੁੜਿਆਂ)।॥੧॥ਰਹਾਉ॥
ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥
Seek the Shelter of the One All-powerful Lord; there is no other place of rest.
(ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ, ਸਮਰਥ = ਤਾਕਤ ਵਾਲੀ। ਸਰਣਿ = ਓਟਿ, ਆਸਰਾ। ਕੇਰੀ = ਦੀ।
ਮਹਾ ਭਉਜਲੁ ਲੰਘੀਐ ਸਦਾ ਹਰਿ ਗੁਣ ਗਾਉ ॥੨॥
The vast and terrifying world-ocean is crossed over, singing continually the Glorious Praises of the Lord. ||2||
(ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥ ਭਉਜਲੁ = ਸੰਸਾਰ-ਸਮੁੰਦਰ ॥੨॥
ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥
Birth and death are overcome, and one does not have to suffer in the City of Death.
(ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ। ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ। ਜਪਪੁਰਿ = ਜਮ ਦੀ ਪੁਰੀ ਵਿਚ।
ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥੩॥
He alone obtains the treasure of the Naam, the Name of the Lord, unto whom God shows His Mercy. ||3||
(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥ ਨਿਧਾਨੁ = ਖ਼ਜ਼ਾਨਾ ॥੩॥
ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥
The One Lord is my Anchor and Support; the One Lord alone is the power of my mind.
ਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ। ਅਧਾਰੁ = ਆਸਰਾ। ਮਨਿ = ਮਨ ਵਿਚ। ਜੋਰੁ = ਬਲ, ਤਾਣ, ਸਹਾਰਾ।
ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੪॥੧॥੧੩੬॥
O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
(ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥