ਬਿਲਾਵਲੁ ਮਹਲਾ ੪ ॥
Bilaaval, Fourth Mehl:
ਬਿਲਾਵਲ ਚੌਥੀ ਪਾਤਿਸ਼ਾਹੀ।
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
I am foolish, idiotic and ignorant; I seek Your Sanctuary, O Primal Being, O Lord beyond birth.
ਹੇ ਸਰਬ-ਵਿਆਪਕ ਪ੍ਰਭੂ! ਹੇ ਜੂਨਾਂ ਤੋਂ ਰਹਿਤ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਬੜੇ ਮੂਰਖ ਹਾਂ, ਬੇ ਸਮਝ ਹਾਂ (ਪਰ) ਤੇਰੀ ਸਰਨ ਪਏ ਹਾਂ। ਮੁਗਧ = ਮੂਰਖ। ਗਿਆਨ = ਸਹੀ ਜੀਵਨ ਦੀ ਸੂਝ। ਅਗਿਆਨ ਮਤੀ = (ਸਹੀ ਜੀਵਨ ਵਲੋਂ) ਬੇ-ਸਮਝੀ। ਸਰਣਾਗਤਿ = ਸਰਣ-ਆਗਤਿ, ਸਰਨ ਪਏ। ਪੁਰਖ = ਹੇ ਸਰਬ-ਵਿਆਪਕ! ਅਜਨਮਾ = ਹੇ ਜਨਮ ਤੋਂ ਰਹਿਤ! ਹੀਨ = ਨਿਮਾਣੇ।
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥
Have Mercy upon me, and save me, O my Lord and Master; I am a lowly stone, with no good karma at all. ||1||
ਹੇ ਮੇਰੇ ਠਾਕੁਰ! ਮੇਹਰ ਕਰ, ਸਾਡੀ ਰੱਖਿਆ ਕਰ, ਅਸੀਂ ਪੱਥਰ (-ਦਿਲ) ਹਾਂ, ਅਸੀਂ ਨਿਮਾਣੇ ਹਾਂ ਤੇ ਮੰਦ-ਭਾਗੀ ਹਾਂ ॥੧॥ ਅਕਰਮਾ = ਅ-ਕਰਮ, ਕਰਮ-ਹੀਣ, ਭਾਗ-ਹੀਣ ॥੧॥
ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥
O my mind, vibrate and meditate on the Lord, the Name of the Lord.
ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। ਭਜੁ = ਸਿਮਰ। ਨਾਮੈ = ਨਾਮ ਨੂੰ।
ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
Under Guru's Instructions, obtain the sublime, subtle essence of the Lord; renounce other fruitless actions. ||1||Pause||
(ਹੇ ਭਾਈ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਦੇ ਨਾਮ ਦਾ ਆਨੰਦ ਮਿਲਦਾ ਹੈ। ਛੱਡੋ ਹੋਰ ਕੰਮਾਂ ਦਾ ਮੋਹ, (ਜਿੰਦ ਨੂੰ ਉਹਨਾਂ ਤੋਂ) ਕੋਈ ਲਾਭ ਨਹੀਂ ਮਿਲੇਗਾ ॥੧॥ ਰਹਾਉ ॥ ਰਸੁ = ਆਨੰਦ। ਹੋਰਿ = {ਲਫ਼ਜ਼ 'ਹੋਰ' ਤੋਂ ਬਹੁ-ਵਚਨ}। ਕਾਮਾ = ਕੰਮ ॥੧॥ ਰਹਾਉ ॥
ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥
The humble servants of the Lord are saved by the Lord; I am worthless - it is Your glory to save me.
ਹੇ ਹਰੀ! ਜੇਹੜੇ ਮਨੁੱਖ ਤੇਰੇ (ਦਰ ਦੇ) ਸੇਵਕ ਬਣਦੇ ਹਨ ਤੂੰ ਉਹਨਾਂ ਨੂੰ ਪਾਰ ਲੰਘਾ ਲੈਂਦਾ ਹੈਂ। (ਪਰ) ਅਸੀਂ ਗੁਣ-ਹੀਨ ਹਾਂ, (ਗੁਣ-ਹੀਨਾਂ ਦੀ ਭੀ) ਰੱਖਿਆ ਕਰ (ਇਸ ਵਿਚ ਭੀ ਤੇਰੀ ਹੀ) ਸੋਭਾ ਹੋਵੇਗੀ। ਸੇ = {ਬਹੁ-ਵਚਨ} ਉਹ ਬੰਦੇ। ਨਿਰਗੁਨ = ਗੁਣ-ਹੀਨ। ਉਪਮਾ = ਵਡਿਆਈ, ਸੋਭਾ।
ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥
I have no other than You, O my Lord and Master; I meditate on the Lord, by my good karma. ||2||
ਹੇ ਮੇਰੇ ਠਾਕੁਰ! ਤੈਥੋਂ ਬਿਨਾ ਮੇਰਾ ਕੋਈ (ਮਦਦਗਾਰ) ਨਹੀਂ। (ਹੇ ਭਾਈ!) ਵੱਡੀ ਕਿਸਮਤ ਨਾਲ ਹੀ ਪ੍ਰਭੂ ਦਾ ਨਾਮ ਜਪਿਆ ਜਾ ਸਕਦਾ ਹੈ ॥੨॥ ਅਵਰੁ = ਹੋਰ। ਠਾਕੁਰ = ਹੇ ਠਾਕੁਰ! ਵਡ ਕਰੰਮਾ = ਵੱਡੇ ਭਾਗਾਂ ਨਾਲ ॥੨॥
ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥
Those who lack the Naam, the Name of the Lord, their lives are cursed, and they must endure terrible pain.
(ਹੇ ਭਾਈ!) ਜੇਹੜੇ ਮਨੁੱਖ ਪ੍ਰਭੂ ਦੇ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੀ ਹੁੰਦਾ ਹੈ। ਉਹਨਾਂ ਨੂੰ ਬੜੇ ਦੁੱਖ ਸਹਿਮ (ਚੰਬੜੇ ਰਹਿੰਦੇ ਹਨ)। ਹੀਨ = ਸੱਖਣੇ, ਖ਼ਾਲੀ। ਧ੍ਰਿਗੁ = ਫਿਟਕਾਰ-ਯੋਗ। ਸਹੰਮਾ = ਸਹਿਮ, ਫ਼ਿਕਰ।
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥
They are consigned to reincarnation over and over again; they are the most unfortunate fools, with no good karma at all. ||3||
ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਪਾਏ ਜਾਂਦੇ ਹਨ। ਉਹ ਮੂਰਖ ਬੰਦੇ ਕਰਮਹੀਣ ਹੀ ਰਹਿੰਦੇ ਹਨ, ਮੰਦ-ਭਾਗੀ ਹੀ ਰਹਿੰਦੇ ਹਨ ॥੩॥ ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਫਿਰਿ ਫਿਰਿ = ਮੁੜ ਮੁੜ। ਭਵਾਈਅਹਿ = ਭਵਾਏ ਜਾਂਦੇ ਹਨ। ਅਕਰਮ = ਭਾਗ-ਹੀਣ ॥੩॥
ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥
The Naam is the Support of the Lord's humble servants; their good karma is pre-ordained.
ਹੇ ਭਾਈ! ਪਰਮਾਤਮਾ ਦੇ ਭਗਤਾਂ ਨੂੰ ਪਰਮਾਤਮਾ ਦਾ ਨਾਮ (ਹੀ ਜੀਵਨ ਦਾ) ਸਹਾਰਾ ਹੈ। ਧੁਰ ਦਰਗਾਹ ਤੋਂ ਪੂਰਬਲੇ ਜਨਮ ਵਿਚ (ਉਹਨਾਂ ਦੇ ਮੱਥੇ ਉਤੇ) ਵੱਡੇ ਭਾਗ ਲਿਖੇ ਹੋਏ ਸਮਝੋ। ਅਧਾਰੁ = ਆਸਰਾ। ਧੁਰਿ = ਧੁਰ ਦਰਗਾਹ ਤੋਂ। ਪੂਰਬਿ = ਪੂਰਬਲੇ ਜਨਮ ਵਿਚ। ਕਰਮ = ਭਾਗ।
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥
The Guru, the True Guru, has implanted the Naam within servant Nanak, and his life is fruitful. ||4||2||
ਹੇ ਦਾਸ ਨਾਨਕ! ਗੁਰੂ ਨੇ ਸਤਿਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਪੱਕਾ ਕਰ ਦਿੱਤਾ, ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ॥੪॥੨॥ ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ। ਦ੍ਰਿੜਾਇਆ = (ਹਿਰਦੇ ਵਿਚ) ਪੱਕਾ ਕਰਾ ਦਿੱਤਾ। ਸਫਲੁ = ਕਾਮਯਾਬ ॥੪॥੨॥