ਗਉੜੀ ਗੁਆਰੇਰੀ ਮਹਲਾ

Gauree Gwaarayree, First Mehl:

ਗਉੜੀ ਗੁਆਰੇਰੀ, ਪਾਤਸ਼ਾਹੀ ਪਹਿਲੀ।

ਮਨੁ ਕੁੰਚਰੁ ਕਾਇਆ ਉਦਿਆਨੈ

The mind is an elephant in the forest of the body.

(ਇਸ) ਸਰੀਰ ਜੰਗਲ ਵਿਚ ਮਨ ਹਾਥੀ (ਸਮਾਨ) ਹੈ। ਕੁੰਚਰੁ = ਹਾਥੀ। ਕਾਇਆ = ਸਰੀਰ। ਉਦਿਆਨੈ = ਜੰਗਲ ਵਿਚ।

ਗੁਰੁ ਅੰਕਸੁ ਸਚੁ ਸਬਦੁ ਨੀਸਾਨੈ

The Guru is the controlling stick; when the Insignia of the True Shabad is applied,

(ਜਿਸ ਮਨ-ਹਾਥੀ ਦੇ ਸਿਰ ਉਤੇ) ਗੁਰੂ ਕੁੰਡਾ ਹੋਵੇ ਅਤੇ ਸਦਾ-ਥਿਰ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਨੀਸ਼ਾਨ (ਝੁੱਲ ਰਿਹਾ) ਹੋਵੇ, ਅੰਕਸੁ = (ਹਾਥੀ ਨੂੰ ਵੱਸ ਕਰਨ ਵਾਸਤੇ) ਕੁੰਡਾ। ਨੀਸਾਨੈ = ਝੰਡਾ (ਝੁਲਦਾ ਹੈ)।

ਰਾਜ ਦੁਆਰੈ ਸੋਭ ਸੁ ਮਾਨੈ ॥੧॥

One obtains honor in the Court of God the King. ||1||

(ਉਹ ਮਨ-ਹਾਥੀ) ਪ੍ਰਭੂ-ਪਾਤਸ਼ਾਹ ਦੇ ਦਰ ਤੇ ਸੋਭਾ ਪਾਂਦਾ ਹੈ ਉਹ ਆਦਰ ਪਾਂਦਾ ਹੈ ॥੧॥ ਦੁਆਰੈ = ਦੁਆਰ ਤੇ। ਸੁ = ਉਹ। ਮਾਨੈ = ਮਾਣ ਪਾਂਦਾ ਹੈ ॥੧॥

ਚਤੁਰਾਈ ਨਹ ਚੀਨਿਆ ਜਾਇ

He cannot be known through clever tricks.

ਚਤੁਰਾਈ ਵਿਖਾਲਣ ਨਾਲ ਇਹ ਪਛਾਣ ਨਹੀਂ ਹੁੰਦੀ ਕਿ (ਚਤੁਰਾਈ ਵਿਖਾਲਣ ਵਾਲਾ) ਮਨ ਕੀਮਤ ਪਾਣ ਦਾ ਹੱਕਦਾਰ ਹੋ ਗਿਆ ਹੈ। ਚੀਨਿਆ ਜਾਇ = ਪਛਾਣਿਆ ਜਾਂਦਾ ਹੈ।

ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ

Without subduing the mind, how can His value be estimated? ||1||Pause||

ਮਨ ਨੂੰ ਵਿਕਾਰਾਂ ਵਲੋਂ ਮਾਰਨ ਤੋਂ ਬਿਨਾ ਮਨ ਦੀ ਕਦਰ ਨਹੀਂ ਪੈ ਸਕਦੀ (ਭਾਵ, ਉਹੀ ਮਨ ਆਦਰ-ਸਤਕਾਰ ਦਾ ਹੱਕਦਾਰ ਹੁੰਦਾ ਹੈ, ਜੇਹੜਾ ਵੱਸ ਵਿਚ ਆ ਜਾਂਦਾ ਹੈ) ॥੧॥ ਰਹਾਉ ॥ ਕੀਮਤਿ = ਮੁੱਲ, ਕਦਰ ॥੧॥ ਰਹਾਉ ॥

ਘਰ ਮਹਿ ਅੰਮ੍ਰਿਤੁ ਤਸਕਰੁ ਲੇਈ

In the house of the self is the Ambrosial Nectar, which is being stolen by the thieves.

(ਮਨੁੱਖ ਦੇ ਹਿਰਦੇ-) ਘਰ ਵਿਚ ਨਾਮ-ਅੰਮ੍ਰਿਤ ਮੌਜੂਦ ਹੈ, (ਪਰ ਮੋਹ ਵਿਚ ਫਸਿਆ ਹੋਇਆ ਮਨ-) ਚੋਰ (ਉਸ ਅੰਮ੍ਰਿਤ ਨੂੰ) ਚੁਰਾਈ ਜਾਂਦਾ ਹੈ। ਤਸਕਰੁ = ਚੋਰ।

ਨੰਨਾਕਾਰੁ ਕੋਇ ਕਰੇਈ

No one can say no to them.

(ਇਹ ਮਨ ਏਨਾ ਆਕੀ ਹੋਇਆ ਪਿਆ ਹੈ ਕਿ ਕੋਈ ਜੀਵ ਇਸ ਦੇ ਅੱਗੇ ਨਾਂਹ-ਨੁੱਕਰ ਨਹੀਂ ਕਰ ਸਕਦਾ। ਨੰਨਾਕਾਰੁ = ਨਾਂਹ-ਨੁੱਕਰ, ਇਨਕਾਰ।

ਰਾਖੈ ਆਪਿ ਵਡਿਆਈ ਦੇਈ ॥੨॥

He Himself protects us, and blesses us with greatness. ||2||

ਪਰਮਾਤਮਾ ਆਪ ਜਿਸ (ਦੇ ਅੰਦਰ ਵੱਸਦੇ ਅੰਮ੍ਰਿਤ) ਦੀ ਰਾਖੀ ਕਰਦਾ ਹੈ, ਉਸ ਨੂੰ ਵਡਿਆਈ ਬਖ਼ਸ਼ਦਾ ਹੈ ॥੨॥ ਦੇਈ = ਦੇਂਦਾ ਹੈ ॥੨॥

ਨੀਲ ਅਨੀਲ ਅਗਨਿ ਇਕ ਠਾਈ

There are billions, countless billions of fires of desire at the seat of the mind.

(ਇਸ ਮਨ ਵਿਚ) ਤ੍ਰਿਸ਼ਨਾ ਦੀ ਬੇਅੰਤ ਅੱਗ ਇਕੋ ਥਾਂ ਤੇ ਪਈ ਹੈ। ਨੀਲ ਅਨੀਲ = ਗਿਣਤੀ ਤੋਂ ਪਰੇ। ਅਗਨਿ = ਤ੍ਰਿਸ਼ਨਾ ਦੀ ਅੱਗ। ਇਕ ਠਾਈ = ਇੱਕ ਥਾਂ ਤੇ।

ਜਲਿ ਨਿਵਰੀ ਗੁਰਿ ਬੂਝ ਬੁਝਾਈ

They are extinguished only with the water of understanding, imparted by the Guru.

ਜਿਸ ਨੂੰ ਗੁਰੂ ਨੇ (ਤ੍ਰਿਸ਼ਨਾ-ਅੱਗ ਤੋਂ ਬਚਣ ਦੀ) ਸਮਝ ਬਖ਼ਸ਼ੀ ਹੈ, ਉਸ ਦੀ ਇਹ ਅੱਗ ਪ੍ਰਭੂ ਦੇ ਨਾਮ-ਜਲ ਨਾਲ ਬੁੱਝ ਜਾਂਦੀ ਹੈ। ਜਲਿ = ਜਲ ਨਾਲ। ਗੁਰਿ = ਗੁਰੂ ਨੇ। ਬੂਝ = ਸਮਝ।

ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥

Offering my mind, I have attained it, and I joyfully sing His Glorious Praises. ||3||

(ਪਰ ਜਿਸ ਨੇ ਭੀ ਨਾਮ-ਜਲ ਲਿਆ ਹੈ) ਆਪਣਾ ਮਨ (ਵੱਟੇ ਵਿਚ) ਦੇ ਕੇ ਲਿਆ ਹੈ, ਉਹ (ਫਿਰ) ਚਾਉ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੁਣ ਗਾਂਦਾ ਹੈ ॥੩॥ ਦੇ = ਦੇ ਕੇ। ਰਹਸਿ = ਚਾਉ ਨਾਲ ॥੩॥

ਜੈਸਾ ਘਰਿ ਬਾਹਰਿ ਸੋ ਤੈਸਾ

Just as He is within the home of the self, so is He beyond.

(ਜੇ ਮਨ-ਹਾਥੀ ਦੇ ਸਿਰ ਤੇ ਗੁਰੂ-ਕੁੰਡਾ ਨਹੀਂ ਹੈ ਤਾਂ) ਜਿਹੋ ਜਿਹਾ (ਅਮੋੜ) ਇਹ ਗ੍ਰਿਹਸਤ ਵਿਚ (ਰਹਿੰਦਿਆਂ) ਹੈ, ਉਹੋ ਜਿਹਾ (ਅਮੋੜ) ਇਹ ਬਾਹਰ (ਜੰਗਲਾਂ ਵਿਚ ਰਹਿੰਦਿਆਂ) ਹੁੰਦਾ ਹੈ।

ਬੈਸਿ ਗੁਫਾ ਮਹਿ ਆਖਉ ਕੈਸਾ

But how can I describe Him, sitting in a cave?

ਪਹਾੜ ਦੀ ਗੁਫ਼ਾ ਵਿਚ ਭੀ ਬੈਠ ਕੇ ਮੈਂ ਕੀਹ ਆਖਾਂ ਕਿ ਕਿਹੋ ਜਿਹਾ ਬਣ ਗਿਆ ਹੈ? (ਗੁਫ਼ਾ ਵਿਚ ਟਿਕੇ ਰਿਹਾਂ ਭੀ ਇਹ ਮਨ ਅਮੋੜ ਹੀ ਰਹਿੰਦਾ ਹੈ)। ਬੈਸਿ = ਬੈਠ ਕੇ। ਆਖਉ = ਮੈਂ ਆਖਾਂ। ਕੈਸਾ = ਕਿਹੋ ਜਿਹਾ?

ਸਾਗਰਿ ਡੂਗਰਿ ਨਿਰਭਉ ਐਸਾ ॥੪॥

The Fearless Lord is in the oceans, just as He is in the mountains. ||4||

ਸਮੁੰਦਰ ਵਿਚ ਵੜੇ (ਤੀਰਥਾਂ ਵਿਚ ਚੁੱਭੀ ਲਾਏ, ਚਾਹੇ) ਪਹਾੜ (ਦੀ ਗੁਫ਼ਾ) ਵਿਚ ਬੈਠੇ, ਇਹ ਇਕੋ ਜਿਹਾ ਨਿਡਰ ਰਹਿੰਦਾ ਹੈ ॥੪॥ ਸਾਗਰਿ = ਸਾਗਰ ਵਿਚ। ਡੂਗਰਿ = ਪਹਾੜ (ਦੀ ਗੁਫ਼ਾ) ਵਿਚ। ਐਸਾ = ਇਹੋ ਜਿਹਾ, ਇਕ ਸਮਾਨ ॥੪॥

ਮੂਏ ਕਉ ਕਹੁ ਮਾਰੇ ਕਉਨੁ

Tell me, who can kill someone who is already dead?

ਪਰ ਜੇ ਇਹ (ਮਨ-ਹਾਥੀ ਗੁਰੂ-ਕੁੰਡੇ ਦੇ ਅਧੀਨ ਰਹਿ ਕੇ ਵਿਕਾਰਾਂ ਵਲੋਂ) ਮਰ ਜਾਏ ਤਾਂ ਕੋਈ ਵਿਕਾਰ ਇਸ ਤੇ ਚੋਟ ਨਹੀਂ ਕਰ ਸਕਦਾ। ਮੂਏ ਕਉ = ਵਿਕਾਰਾਂ ਵਲੋਂ ਮਰੇ ਹੋਏ ਨੂੰ।

ਨਿਡਰੇ ਕਉ ਕੈਸਾ ਡਰੁ ਕਵਨੁ

What does he fear? Who can frighten the fearless one?

ਜੇ ਇਹ (ਗੁਰੂ-ਕੁੰਡੇ ਦੇ ਡਰ ਵਿਚ ਰਹਿ ਕੇ) ਨਿਡਰ (ਦਲੇਰ) ਹੋ ਜਾਏ, ਤਾਂ ਦੁਨੀਆ ਵਾਲਾ ਕੋਈ ਡਰ ਇਸ ਨੂੰ ਪੋਹ ਨਹੀਂ ਸਕਦਾ।

ਸਬਦਿ ਪਛਾਨੈ ਤੀਨੇ ਭਉਨ ॥੫॥

He recognizes the Word of the Shabad, throughout the three worlds. ||5||

(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਪਛਾਣ ਲੈਂਦਾ ਹੈ ਕਿ (ਇਸ ਦਾ ਰਾਖਾ ਪਰਮਾਤਮਾ) ਤਿੰਨਾਂ ਹੀ ਭਵਨਾਂ ਵਿਚ ਹਰ ਥਾਂ ਵੱਸਦਾ ਹੈ ॥੫॥ ਸਬਦਿ = ਸ਼ਬਦ ਵਿਚ (ਜੁੜ ਕੇ) ॥੫॥

ਜਿਨਿ ਕਹਿਆ ਤਿਨਿ ਕਹਨੁ ਵਖਾਨਿਆ

One who speaks, merely describes speech.

ਜਿਸ ਮਨੁੱਖ ਨੇ (ਨਿਰੀ ਮਨ ਦੀ ਚਤੁਰਾਈ ਨਾਲ ਹੀ ਇਹ) ਕਹਿ ਦਿੱਤਾ (ਕਿ ਪਰਮਾਤਮਾ ਤਿੰਨਾਂ ਭਵਨਾਂ ਵਿਚ ਹਰ ਥਾਂ ਮੌਜੂਦ ਹੈ) ਉਸ ਨੇ ਜ਼ਬਾਨੀ ਜ਼ਬਾਨੀ ਹੀ ਆਖ ਦਿੱਤਾ (ਉਸ ਦਾ ਮਨ-ਹਾਥੀ ਅਜੇ ਭੀ ਅਮੋੜ ਹੈ)। ਜਿਨਿ = ਜਿਸ (ਜੀਵ) ਨੇ। ਕਹਨੁ ਵਖਾਨਿਆ = ਨਿਰਾ ਜ਼ਬਾਨੀ ਆਖ ਦਿੱਤਾ।

ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ

But one who understands, intuitively realizes.

ਜਿਸ ਨੇ (ਗੁਰੂ-ਅੰਕੁਸ ਦੇ ਅਧੀਨ ਰਹਿ ਕੇ ਇਹ ਭੇਤ) ਸਮਝ ਲਿਆ, ਉਸ ਨੇ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ (ਉਸ ਤਿੰਨਾਂ ਭਵਨਾਂ ਵਿਚ ਵੱਸਦੇ ਨੂੰ) ਪਛਾਣ ਭੀ ਲਿਆ। ਸਹਜਿ = ਸਹਜ ਅਵਸਥਾ ਵਿਚ।

ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥

Seeing and reflecting upon it, my mind surrenders. ||6||

(ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ ਪ੍ਰਭੂ ਦੇ ਗੁਣਾਂ ਨੂੰ ਵਿਚਾਰ ਕੇ ਉਸ ਦਾ 'ਮੇਰਾ, ਮੇਰਾ' ਆਖਣ ਵਾਲਾ ਮਨ (ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ) ਗਿੱਝ ਜਾਂਦਾ ਹੈ ॥੬॥ ਮੇਰਾ ਮਨੁ = 'ਮੇਰਾ, ਮੇਰਾ' ਆਖਣ ਵਾਲਾ ਮਨ ॥੬॥

ਕੀਰਤਿ ਸੂਰਤਿ ਮੁਕਤਿ ਇਕ ਨਾਈ

Praise, beauty and liberation are in the One Name.

ਜਿਸ ਹਿਰਦੇ ਵਿਚ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ, ਉਥੇ ਸੋਭਾ ਹੈ, ਉਥੇ ਸੁੰਦਰਤਾ ਹੈ, ਉਥੇ ਵਿਕਾਰਾਂ ਤੋਂ ਖ਼ਲਾਸੀ ਹੈ, ਕੀਰਤਿ = ਸੋਭਾ। ਸੂਰਤਿ = ਸੁੰਦਰਤਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਨਾਈ = ਵਡਿਆਈ।

ਤਹੀ ਨਿਰੰਜਨੁ ਰਹਿਆ ਸਮਾਈ

In it, the Immaculate Lord is permeating and pervading.

ਉਥੇ ਹੀ ਮਾਇਆ ਦੇ ਪ੍ਰਭਾਵ ਤੋਂ ਰਹਿਤ ਪਰਮਾਤਮਾ ਹਰ ਵੇਲੇ ਮੌਜੂਦ ਹੈ। ਨਿਰੰਜਨੁ = ਮਾਇਆ-ਰਹਿਤ ਪ੍ਰਭੂ।

ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥

He dwells in the home of the self, and in His own sublime place. ||7||

(ਉਹ ਹਿਰਦਾ ਪਰਮਾਤਮਾ ਦਾ ਆਪਣਾ ਘਰ ਬਣ ਗਿਆ, ਆਪਣਾ ਨਿਵਾਸ-ਥਾਂ ਬਣ ਗਿਆ), ਉਸ ਆਪਣੇ ਘਰ ਵਿਚ, ਉਸ ਆਪਣੇ ਨਿਵਾਸ-ਥਾਂ ਵਿਚ ਪਰਮਾਤਮਾ ਹਰ ਵੇਲੇ ਮੌਜੂਦ ਹੈ ॥੭॥ ਨਿਜ ਠਾਈ = ਨਿਰੋਲ ਆਪਣੇ ਥਾਂ ਵਿਚ ॥੭॥

ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ

The many silent sages lovingly praise Him.

ਅਨੇਕਾਂ ਹੀ ਮੁਨੀ ਲੋਕ (ਮਨ-ਹਾਥੀ ਨੂੰ ਗੁਰੂ-ਕੁੰਡੇ ਦੇ ਅਧੀਨ ਕਰ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ।

ਤਨਿ ਮਨਿ ਸੂਚੈ ਸਾਚੁ ਸੁ ਚੀਤਿ

Their bodies and minds are purified, as they enshrine the True Lord in their consciousness.

ਪਵਿਤ੍ਰ ਸਰੀਰ ਨਾਲ ਪਵਿਤ੍ਰ ਮਨ ਨਾਲ ਪਿਆਰ ਵਿਚ ਜੁੜ ਕੇ ਉਹ ਪਰਮਾਤਮਾ ਦੀ ਸਿਫ਼ਤਿ ਕਰਦੇ ਹਨ। ਤਨਿ ਮਨਿ ਸੂਚੇ = ਸੁੱਚੇ ਤਨ ਨਾਲ, ਸੁੱਚੇ ਮਨ ਨਾਲ। ਚੀਤਿ = ਚਿੱਤ ਵਿਚ।

ਨਾਨਕ ਹਰਿ ਭਜੁ ਨੀਤਾ ਨੀਤਿ ॥੮॥੨॥

O Nanak, meditate on the Lord, each and every day. ||8||2||

ਹੇ ਨਾਨਕ! ਤੂੰ ਭੀ (ਇਸੇ ਤਰ੍ਹਾਂ) ਸਦਾ ਸਦਾ ਉਸ ਪਰਮਾਤਮਾ ਦਾ ਭਜਨ ਕਰ ॥੮॥੨॥