ਭੈਰਉ ਮਹਲਾ

Bhairao, Third Mehl:

ਭੈਰਉ ਤੀਜੀ ਪਾਤਸ਼ਾਹੀ।

ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ

The Lord Himself makes demons pursue the Saints, and He Himself saves them.

ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ। ਦੈਤ = ਦੈਂਤ, ਦੁਸ਼ਟ, ਦੁਰਜਨ। ਆਪੇ = ਆਪ ਹੀ (ਪਰਮਾਤਮਾ ਨੇ)।

ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਹੋਈ ॥੧॥

Those who remain forever in Your Sanctuary, O Lord - their minds are never touched by sorrow. ||1||

ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥ ਤਿਨ ਮਨਿ = ਉਹਨਾਂ ਦੇ ਮਨ ਵਿਚ ॥੧॥

ਜੁਗਿ ਜੁਗਿ ਭਗਤਾ ਕੀ ਰਖਦਾ ਆਇਆ

In each and every age, the Lord saves the honor of His devotees.

ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ। ਜੁਗਿ ਜੁਗਿ = ਹਰੇਕ ਜੁਗ ਵਿਚ।

ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਜਾਣੈ ਸਬਦੇ ਮੇਲਿ ਮਿਲਾਇਆ ॥੧॥ ਰਹਾਉ

Prahlaad, the demon's son, knew nothing of the Hindu morning prayer, the Gayatri, and nothing about ceremonial water-offerings to his ancestors; but through the Word of the Shabad, he was united in the Lord's Union. ||1||Pause||

(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥ ਦੈਤ ਪੁਤ੍ਰੁ = ਦੈਂਤ (ਹਰਨਾਖਸ਼) ਦਾ ਪੁੱਤਰ। ਤਰਪਣੁ = ਪਿਤਰਾਂ ਨਿਮਿਤ ਪਾਣੀ ਅਰਪਣ ਕਰਨਾ, ਇਹ ਹਰ ਰੋਜ਼ ਕੀਤੇ ਜਾਣ ਵਾਲੇ ਪੰਜਾਂ ਜੱਗਾਂ ਵਿਚੋਂ ਇਕ ਹੈ। ਹਰੇਕ ਹਿੰਦੂ ਇਸ ਦਾ ਕਰਨਾ ਜ਼ਰੂਰੀ ਸਮਝਦਾ ਹੈ। ਗਾਇਤ੍ਰੀ = ਇਕ ਬੜੀ ਪਵਿਤ੍ਰ ਤੁਕ, ਜਿਸ ਦਾ ਪਾਠ ਹਰੇਕ ਬ੍ਰਾਹਮਣ ਸਵੇਰੇ ਸ਼ਾਮ ਕਰਦਾ ਹੈ। ਇਸ ਦੇ ਮੁੜ ਮੁੜ ਪਾਠ ਨਾਲ ਵੱਡੇ ਵੱਡੇ ਪਾਪ ਭੀ ਨਾਸ ਹੋ ਜਾਂਦੇ ਮੰਨੇ ਗਏ ਹਨ: तत्सवितु र्वरेण्यं भर्गों देवस्य धीमही धियो यो नः प्रचोदयात् R. V. ੩. ੦੨. ੧੦.।। ਸਬਦੇ = ਗੁਰੂ ਦੇ ਸ਼ਬਦ ਵਿਚ। ਮੇਲਿ = ਜੋੜ ਕੇ। ਮਿਲਾਇਆ = ਆਪਣੇ ਨਾਲ ਮਿਲਾ ਲਿਆ ॥੧॥ ਰਹਾਉ ॥

ਅਨਦਿਨੁ ਭਗਤਿ ਕਰਹਿ ਦਿਨ ਰਾਤੀ ਦੁਬਿਧਾ ਸਬਦੇ ਖੋਈ

Night and day, he performed devotional worship service, day and night, and through the Shabad, his duality was eradicated.

ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਦੁਬਿਧਾ = ਮੇਰ-ਤੇਰ, ਵਿਤਕਰਾ। ਖੋਈ = ਮੁਕਾ ਲਈ।

ਸਦਾ ਨਿਰਮਲ ਹੈ ਜੋ ਸਚਿ ਰਾਤੇ ਸਚੁ ਵਸਿਆ ਮਨਿ ਸੋਈ ॥੨॥

Those who are imbued with Truth are immaculate and pure; the True Lord abides within their minds. ||2||

ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥ ਨਿਰਮਲ = ਪਵਿੱਤਰ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਾਤੇ = ਰੰਗੇ ਹੋਏ, ਮਸਤ, ਰੱਤੇ ਹੋਏ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = (ਉਹਨਾਂ ਦੇ) ਮਨ ਵਿਚ ॥੨॥

ਮੂਰਖ ਦੁਬਿਧਾ ਪੜ੍ਹਹਿ ਮੂਲੁ ਪਛਾਣਹਿ ਬਿਰਥਾ ਜਨਮੁ ਗਵਾਇਆ

The fools in duality read, but they do not understand anything; they waste their lives uselessly.

ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ। ਪੜ੍ਹਹਿ = ਪੜ੍ਹਦੇ ਹਨ {ਬਹੁ-ਵਚਨ}। ਦੁਬਿਧਾ ਪੜ੍ਹਹਿ = ਵਿਤਕਰੇ ਪੈਦਾ ਕਰਨ ਵਾਲੀ ਵਿੱਦਿਆ ਪੜ੍ਹਦੇ ਹਨ। ਮੂਲੁ = ਜਗਤ ਦਾ ਪੈਦਾ ਕਰਨ ਵਾਲਾ। ਬਿਰਥਾ = ਵਿਅਰਥ।

ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥੩॥

The wicked demon slandered the Saint, and stirred up trouble. ||3||

ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥ ਦੁਸਟੁ ਦੈਤੁ = ਦੁਸ਼ਟ (ਹਰਨਾਖਸ਼) ਦੈਂਤ ਨੂੰ। ਚਿੜਾਇਆ = ਚੁੱਕਿਆ, (ਪ੍ਰਹਿਲਾਦ ਦੇ ਵਿਰੁੱਧ) ਗੁੱਸੇ ਵਿਚ ਲਿਆਂਦਾ ॥੩॥

ਪ੍ਰਹਲਾਦੁ ਦੁਬਿਧਾ ਪੜੈ ਹਰਿ ਨਾਮੁ ਛੋਡੈ ਡਰੈ ਕਿਸੈ ਦਾ ਡਰਾਇਆ

Prahlaad did not read in duality, and he did not abandon the Lord's Name; he was not afraid of any fear.

ਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ। ਪੜੈ = ਪੜ੍ਹਦਾ ਹੈ {ਇਕ-ਵਚਨ}।

ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥੪॥

The Dear Lord became the Savior of the Saint, and the demonic Death could not even approach him. ||4||

ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥ ਕਾਲੁ = ਮੌਤ। ਦੈਤੈ = ਦੈਂਤ ਦਾ ॥੪॥

ਆਪਣੀ ਪੈਜ ਆਪੇ ਰਾਖੈ ਭਗਤਾਂ ਦੇਇ ਵਡਿਆਈ

The Lord Himself saved his honor, and blessed his devotee with glorious greatness.

(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ। ਪੈਜ = ਲਾਜ, ਇੱਜ਼ਤ। ਦੇਇ = ਦੇਂਦਾ ਹੈ।

ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਪਾਈ ॥੫॥੧੧॥੨੧॥

O Nanak, Harnaakhash was torn apart by the Lord with His claws; the blind demon knew nothing of the Lord's Court. ||5||11||21||

(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥ ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ। ਅੰਧੈ = (ਅਹੰਕਾਰ ਵਿਚ) ਅੰਨ੍ਹੇ ਹੋ ਚੁਕੇ ਨੇ। ਦਰ = ਪਰਮਾਤਮਾ ਦਾ ਦਰ। ਖਬਰਿ = ਸੂਝ ॥੫॥੧੧॥੨੧॥