ਮਾਝ ਮਹਲਾ ੫ ॥
Maajh, Fifth Mehl:
ਮਾਝ, ਪੰਜਵੀਂ ਪਾਤਸ਼ਾਹੀ।
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
Everything is within the home of the self; there is nothing beyond.
ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ। ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ)।
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
One who searches outside is deluded by doubt.
ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ।
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
By Guru's Grace, one who has found the Lord within is happy, inwardly and outwardly. ||1||
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ ॥੧॥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਤਰਿ = ਅੰਦਰ, ਹਿਰਦੇ ਵਿਚ। ਅੰਤਰਿ ਬਾਹਰਿ = ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ। ਸੁਹੇਲਾ = ਸੁਖੀ ॥੧॥
ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥
Slowly, gently, drop by drop, the stream of nectar trickles down within.
(ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ, ਝਿਮਿ ਝਿਮਿ = ਮਠੀ ਮਠੀ ਸੁਰ ਨਾਲ।
ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
The mind drinks it in, hearing and reflecting on the Word of the Shabad.
ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) ਸੁਨਿ = ਸੁਣ ਕੇ।
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥
It enjoys bliss and ecstasy day and night, and plays with the Lord forever and ever. ||2||
(ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ ॥੨॥ ਅਨਦ ਬਿਨੋਦ = ਆਤਮਕ ਸੁਖ ਅਨੰਦ। ਕੇਲਾ = ਆਨੰਦ, ਖੇਲ ਤਮਾਸ਼ੇ ॥੨॥
ਜਨਮ ਜਨਮ ਕਾ ਵਿਛੁੜਿਆ ਮਿਲਿਆ ॥
I have now been united with the Lord after having been separated and cut off from Him for so many lifetimes;
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ।
ਸਾਧ ਕ੍ਰਿਪਾ ਤੇ ਸੂਕਾ ਹਰਿਆ ॥
by the Grace of the Holy Saint, the dried-up branches have blossomed forth again in their greenery.
ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ। ਸਾਧ = ਗੁਰੂ। ਤੇ = ਤੋਂ, ਨਾਲ। ਸੂਕਾ = ਸੁੱਕਾ ਹੋਇਆ।
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥
I have obtained this sublime understanding, and I meditate on the Naam; as Gurmukh, I have met the Lord. ||3||
ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ॥੩॥ ਸੁਮਤਿ = ਚੰਗੀ ਅਕਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੩॥
ਜਲ ਤਰੰਗੁ ਜਿਉ ਜਲਹਿ ਸਮਾਇਆ ॥
As the waves of water merge again with the water,
ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ, ਤਰੰਗ = ਲਹਰ। ਜਲਹਿ = ਜਲਿ ਹੀ, ਜਲ ਵਿਚ ਹੀ।
ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥
so does my light merge again into the Light.
ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥
Says Nanak, the veil of illusion has been cut away, and I shall not go out wandering any more. ||4||19||26||
ਨਾਨਕ ਆਖਦਾ ਹੈ- (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ ॥੪॥੧੯॥੨੬॥ ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼: ਜਉਲਾ = ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ ॥੪॥