ਥਾਪਿਆ ਨ ਜਾਇ ਕੀਤਾ ਨ ਹੋਇ ॥
He cannot be established, He cannot be created.
ਨਾ ਉਹ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਡਾ ਬਣਾਇਆ ਬਣਦਾ ਹੈ। ਥਾਪਿਆ ਨਾ ਜਾਇ = ਥਾਪਿਆ ਨਹੀਂ ਜਾ ਸਕਦਾ, ਨਿੰਮਿਆ ਨਹੀਂ ਜਾ ਸਕਦਾ। ਸੰਸਕ੍ਰਿਤ ਧਾਤੂ स्था (ਸਥਾ) ਦਾ ਅਰਥ ਹੈ 'ਖਲੋਣਾ'। ਇਸ ਤੋਂ ਪ੍ਰੇਰਣਾਰਥਕ ਧਾਤੂ (Causative root) ਹੈ स्थापय (ਸਥਾਪਯ), ਜਿਸ ਦਾ ਅਰਥ ਹੈ 'ਖੜਾ ਕਰਨਾ' ਖਲਿਆਰਨਾ, ਨੀਂਹ ਰੱਖਣੀ'। ਇਸ 'ਪ੍ਰੇਰਣਾਰਥਕ ਧਾਤੂ' ਤੋਂ 'ਨਾਂਵ' ਹੈ स्थापन (ਸਥਾਪਨ), ਜਿਸ ਦਾ ਅਰਥ ਹੈ 'ਪੁੰਸਵਨ ਸੰਸਕਾਰ'। ਇਸਤ੍ਰੀ ਦੇ ਗਰਭਵਤੀ ਹੋਣ ਦੀਆਂ ਜਦੋਂ ਪਹਿਲੀਆਂ ਨਿਸ਼ਾਨੀਆਂ ਪਰਗਟ ਹੁੰਦੀਆਂ ਹਨ, ਤਦੋਂ ਹਿੰਦੂ ਘਰਾਂ ਵਿੱਚ ਇਹ ਸੰਸਕਾਰ ਕਰੀਦਾ ਹੈ, ਤਾਕਿ ਪੁੱਤਰ ਜਨਮੇ। स्थापय (ਸਥਾਪਯ) ਤੋਂ ਪਹਿਲਾਂ ਅਗੇਤਰ उद् (ਉਦ) ਲਗਾਇਆਂ ਇਹ ਬਣ ਜਾਂਦਾ ਹੈ, उत्थापय (ਉੱਥਾਪਯ), ਜਿਸ ਦਾ ਅਰਥ ਉਸ ਦੇ ਉਲਟ ਹੈ, ਉਖੇੜਨਾ, ਨਾਸ ਕਰਨਾ', ਜਿਵੇਂ: ਆਪੇ ਦੇਖਿ ਦਿਖਾਵੈ ਆਪੇ। ਆਪੇ ਥਾਪਿ ਉਥਾਪੇ ਆਪੇ। (ਮ: ੧)। ਕੀਤਾ ਨਾ ਹੋਇ = (ਸਾਡਾ) ਬਣਾਇਆ ਨਹੀਂ ਬਣਦਾ। ਨਾ ਹੋਇ = ਹੋਂਦ ਵਿੱਚ ਨਹੀਂ ਆਉਂਦਾ।
ਆਪੇ ਆਪਿ ਨਿਰੰਜਨੁ ਸੋਇ ॥
He Himself is Immaculate and Pure.
ਉਹ ਨਿਰੋਲ ਆਪ ਹੀ ਆਪ ਹੈ। ਉਹ ਅਕਾਲ ਪੁਰਖ ਮਾਇਆ ਦੇ ਪਰਭਾਵ ਤੋਂ ਪਰੇ ਹੈ। ਆਪੇ ਆਪਿ = ਨਿਰੋਲ ਆਪ ਹੀ, ਭਾਵ, ਨਾ ਉਸ ਨੂੰ ਕੋਈ ਪੈਦਾ ਕਰਨ ਵਾਲਾ ਤੇ ਨਾ ਹੀ ਬਣਾਉਣ ਵਾਲਾ ਹੈ। ਸੋਇ ਨਿਰੰਜਨੁ = ਅੰਜਨ ਤੋਂ ਰਹਿਤ ਉਹ ਹਰੀ। ਨਿਰੰਜਨ = ਅੰਜਨ ਤੋਂ ਰਹਿਤ, ਮਾਇਆ ਤੋਂ ਰਹਿਤ, ਜੋ ਮਾਇਆ ਤੋਂ ਨਹੀਂ ਬਣਿਆ, ਜਿਸ ਵਿਚ ਮਾਇਆ ਦੀ ਅੰਸ਼ ਨਹੀਂ (ਨਿਰ-ਅੰਜਨ, ਨਿਰ = ਬਿਨਾ। ਅੰਜਨ = ਸੁਰਮਾ, ਕਾਲਖ; ਵਿਕਾਰਾਂ ਦੀ ਅੰਸ਼, ਮਾਇਆ ਦਾ ਪਰਭਾਵ ਨਹੀਂ ਹੈ।) ਉਹ, ਜਿਸ ਉੱਤੇ ਮਾਇਆ ਦਾ ਪਰਭਾਵ ਨਹੀਂ ਹੈ।
ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥
Those who serve Him are honored.
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਨੂੰ ਸਿਮਰਿਆ ਹੈ, ਉਸ ਨੇ ਹੀ ਵਡਿਆਈ ਪਾ ਲਈ ਹੈ। ਜਿਨਿ = ਜਿਸ ਮਨੁੱਖ ਨੇ। ਤਿਨਿ = ਉਸ ਮਨੁੱਖ ਨੇ। ਮਾਨੁ = ਆਦਰ, ਵਡਿਆਈ।
ਨਾਨਕ ਗਾਵੀਐ ਗੁਣੀ ਨਿਧਾਨੁ ॥
O Nanak, sing of the Lord, the Treasure of Excellence.
ਹੇ ਨਾਨਕ! (ਆਓ) ਅਸੀਂ ਭੀ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤ-ਸਾਲਾਹ ਕਰੀਏ। ਗੁਣੀ ਨਿਧਾਨੁ = ਗੁਣਾਂ ਦੇ ਖ਼ਜ਼ਾਨੇ ਨੂੰ। ਗਾਵੀਐ = ਸਿਫ਼ਤ-ਸਾਲਾਹ ਕਰੀਏ।
ਗਾਵੀਐ ਸੁਣੀਐ ਮਨਿ ਰਖੀਐ ਭਾਉ ॥
Sing, and listen, and let your mind be filled with love.
(ਆਓ, ਅਕਾਲ ਪੁਰਖ ਦੇ ਗੁਣ) ਗਾਵੀਏ ਤੇ ਸੁਣੀਏ ਅਤੇ ਆਪਣੇ ਮਨ ਵਿਚ ਉਸਦਾ ਪ੍ਰੇਮ ਟਿਕਾਈਏ। ਮਨਿ = ਮਨ ਵਿੱਚ। ਰਖੀਐ = ਟਿਕਾਈਏ। ਭਾਉ = ਰੱਬ ਦਾ ਪਿਆਰ।
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥
Your pain shall be sent far away, and peace shall come to your home.
(ਜੋ ਮਨੁੱਖ ਇਹ ਆਹਰ ਕਰਦਾ ਹੈ, ਉਹ) ਆਪਣਾ ਦੁੱਖ ਦੂਰ ਕਰਕੇ ਸੁੱਖ ਨੂੰ ਹਿਰਦੇ ਵਿਚ ਵਸਾ ਲੈਂਦਾ ਹੈ। ਦੁਖੁ ਪਰਹਰਿ = ਦੁੱਖ ਨੂੰ ਦੂਰ ਕਰਕੇ। ਘਰਿ = ਹਿਰਦੇ ਵਿੱਚ। ਲੈ ਜਾਇ = ਲੈ ਜਾਂਦਾ ਹੈ, ਖੱਟ ਲੈਂਦਾ ਹੈ।
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥
The Guru's Word is the Sound-current of the Naad; the Guru's Word is the Wisdom of the Vedas; the Guru's Word is all-pervading.
(ਪਰ ਉਸ ਰੱਬ ਦਾ) ਨਾਮ ਤੇ ਗਿਆਨ ਗੁਰੂ ਦੀ ਰਾਹੀਂ (ਪ੍ਰਾਪਤ ਹੁੰਦਾ ਹੈ)। ਗੁਰੂ ਦੀ ਰਾਹੀਂ ਹੀ (ਇਹ ਪਰਤੀਤ ਆਉਂਦੀ ਹੈ ਕਿ) ਉਹ ਹਰੀ ਸਭ ਥਾਈਂ ਵਿਆਪਕ ਹੈ। ਗੁਰਮੁਖਿ = ਗੁਰੂ ਵਲ ਮੂੰਹ ਕੀਤਿਆਂ, ਜਿਸ ਮਨੁੱਖ ਦਾ ਮੂੰਹ ਗੁਰੂ ਵਲ ਹੈ, ਗੁਰੂ ਦੀ ਰਾਹੀਂ। ਨਾਦੰ = ਅਵਾਜ਼, ਜ਼ਿੰਦਗੀ ਦੀ ਰੁਮਕ, ਸ਼ਬਦ, ਨਾਮ। ਵੇਦੰ = ਗਿਆਨ। ਰਹਿਆ ਸਮਾਈ = ਸਮਾ ਰਿਹਾ ਹੈ, ਸਭ ਥਾਈਂ ਵਿਆਪਕ ਹੈ।
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
The Guru is Shiva, the Guru is Vishnu and Brahma; the Guru is Paarvati and Lakhshmi.
ਗੁਰੂ ਹੀ (ਸਾਡੇ ਲਈ) ਸ਼ਿਵ ਹੈ, ਗੁਰੂ ਹੀ (ਸਾਡੇ ਲਈ) ਗੋਰਖ ਤੇ ਬ੍ਰਹਮਾ ਹੈ ਅਤੇ ਗੁਰੂ ਹੀ (ਸਾਡੇ ਲਈ) ਮਾਈ ਪਾਰਬਤੀ ਹੈ। ਈਸਰੁ = ਸ਼ਿਵ। ਬਰਮਾ = ਬ੍ਰਹਮਾ। ਪਾਰਬਤੀ ਮਾਈ = ਮਾਈ ਪਾਰਬਤੀ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
Even knowing God, I cannot describe Him; He cannot be described in words.
ਉਂਝ (ਇਸ ਅਕਾਲ ਪੁਰਖ ਦੇ ਹੁਕਮ ਨੂੰ) ਜੇ ਮੈਂ ਸਮਝ, (ਭੀ) ਲਵਾਂ, (ਤਾਂ ਭੀ) ਉਸ ਦਾ ਵਰਣਨ ਨਹੀਂ ਕਰ ਸਕਦਾ। (ਅਕਾਲ ਪੁਰਖ ਦੇ ਹੁਕਮ ਦਾ) ਕਥਨ ਨਹੀਂ ਕੀਤਾ ਜਾ ਸਕਦਾ। ਹਉ = ਮੈਂ। ਜਾਣਾ = ਸਮਝ ਲਵਾਂ, ਅਨੁਭਵ ਕਰ ਲਵਾਂ। ਆਖਾ ਨਾਹੀ = ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ। ਕਹਣਾ… ਜਾਈ = ਕਥਨ, ਕਹਿਆ ਨਹੀਂ ਜਾ ਸਕਦਾ।
ਗੁਰਾ ਇਕ ਦੇਹਿ ਬੁਝਾਈ ॥
The Guru has given me this one understanding:
(ਮੇਰੀ ਤਾਂ) ਹੇ ਸਤਿਗੁਰੂ! (ਤੇਰੇ ਅੱਗੇ ਅਰਦਾਸ ਹੈ ਕਿ) ਮੈਨੂੰ ਇਕ ਸਮਝ ਦੇਹ, ਗੁਰਾ = ਹੇ ਸਤਿਗੁਰੂ! ਇਕ ਬੁਝਾਈ = ਇਕ ਸਮਝ।
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੫॥
there is only the One, the Giver of all souls. May I never forget Him! ||5||
ਕਿ ਜਿਹੜਾ ਸਭਨਾਂ ਜੀਵਾਂ ਨੂੰ ਦਾਤਾਂ ਦੇਣ ਵਾਲਾ ਇਕ ਰੱਬ ਹੈ, ਮੈਂ ਉਸ ਨੂੰ ਭੁਲਾ ਨਾ ਦਿਆਂ ॥੫॥ ਇਕੁ ਦਾਤਾ = ਦਾਤਾਂ ਦੇਣ ਵਾਲਾ ਇਕ ਅਕਾਲ ਪੁਰਖ। ਵਿਸਰਿ ਨਾ ਜਾਈ = ਭੁੱਲ ਨਾ ਜਾਏ। (ਲਫ਼ਜ਼ 'ਇਕ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਬੁਝਾਈ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਇਕੁ' ਪੁਲਿੰਗ ਹੈ ਤੇ ਲਫ਼ਜ਼ 'ਦਾਤਾ' ਦਾ ਵਿਸ਼ੇਸ਼ਣ ਹੈ। ਦੋਹਾਂ ਲਫ਼ਜ਼ਾਂ ਦੇ ਜੋੜਾਂ ਦਾ ਫ਼ਰਕ ਚੇਤੇ ਰੱਖਣਾ) ॥੫॥