ਰੂਆਮਲ ਛੰਦ

ਜੀਤ ਜੀਤ ਨ੍ਰਿਪੰ ਨਰੇਸੁਰ ਸਤ੍ਰ ਮਿਤ੍ਰ ਬੁਲਾਇ

ਬਿਪ੍ਰ ਆਦਿ ਬਿਸਿਸਟ ਤੇ ਲੈ ਕੈ ਸਭੈ ਰਿਖਰਾਇ

ਕ੍ਰੁਧ ਜੁਧ ਕਰੇ ਘਨੇ ਅਵਗਾਹਿ ਗਾਹਿ ਸੁਦੇਸ

ਆਨ ਆਨ ਅਵਧੇਸ ਕੇ ਪਗ ਲਾਗੀਅੰ ਅਵਨੇਸ ॥੪੭॥

ਭਾਤਿ ਭਾਤਿਨ ਦੈ ਲਏ ਸਨਮਾਨ ਆਨ ਨ੍ਰਿਪਾਲ

ਅਰਬ ਖਰਬਨ ਦਰਬ ਦੈ ਗਜ ਰਾਜ ਬਾਜ ਬਿਸਾਲ

ਹੀਰ ਚੀਰਨ ਕੋ ਸਕੈ ਗਨ ਜਟਤ ਜੀਨ ਜਰਾਇ

ਭਾਉ ਭੂਖਨ ਕੋ ਕਹੈ ਬਿਧ ਤੇ ਜਾਤ ਬਤਾਇ ॥੪੮॥

ਪਸਮ ਬਸਤ੍ਰ ਪਟੰਬਰਾਦਿਕ ਦੀਏ ਭੂਪਨ ਭੂਪ

ਰੂਪ ਅਰੂਪ ਸਰੂਪ ਸੋਭਿਤ ਕਉਨ ਇੰਦ੍ਰ ਕਰੂਪੁ

ਦੁਸਟ ਪੁਸਟ ਤ੍ਰਸੈ ਸਭੈ ਥਰਹਰਯੋ ਸੁਨਿ ਗਿਰਰਾਇ

ਕਾਟਿ ਕਾਟਿਨ ਦੈ ਮੁਝੈ ਨ੍ਰਿਪ ਬਾਟਿ ਬਾਟਿ ਲੁਟਾਇ ॥੪੯॥

ਬੇਦ ਧੁਨਿ ਕਰਿ ਕੈ ਸਭੈ ਦਿਜ ਕੀਅਸ ਜਗ ਅਰੰਭ

ਭਾਤਿ ਭਾਤਿ ਬੁਲਾਇ ਹੋਮਤ ਰਿਤ ਜਾਨ ਅਸੰਭ

ਅਧਿਕ ਮੁਨਿਬਰ ਜਉ ਕੀਯੋ ਬਿਧ ਪੂਰਬ ਹੋਮ ਬਨਾਇ

ਜਗ ਕੁੰਡਹੁ ਤੇ ਉਠੇ ਤਬ ਜਗ ਪੁਰਖ ਅਕੁਲਾਇ ॥੫੦॥

ਖੀਰ ਪਾਤ੍ਰ ਕਢਾਇ ਲੈ ਕਰਿ ਦੀਨ ਨ੍ਰਿਪ ਕੇ ਆਨ

ਭੂਪ ਪਾਇ ਪ੍ਰਸੰਨਿ ਭਯੋ ਜਿਮੁ ਦਾਰਦੀ ਲੈ ਦਾਨ

ਚਤ੍ਰ ਭਾਗ ਕਰਯੋ ਤਿਸੈ ਨਿਜ ਪਾਨ ਲੈ ਨ੍ਰਿਪਰਾਇ

ਏਕ ਏਕ ਦਯੋ ਦੁਹੂ ਤ੍ਰੀਅ ਏਕ ਕੋ ਦੁਇ ਭਾਇ ॥੫੧॥

ਗਰਭਵੰਤ ਭਈ ਤ੍ਰਿਯੋ ਤ੍ਰਿਯ ਛੀਰ ਕੋ ਕਰਿ ਪਾਨ

ਤਾਹਿ ਰਾਖਤ ਭੀ ਭਲੋ ਦਸ ਦੋਇ ਮਾਸ ਪ੍ਰਮਾਨ

ਮਾਸ ਤ੍ਰਿਉਦਸਮੋ ਚਢਯੋ ਤਬ ਸੰਤਨ ਹੇਤ ਉਧਾਰ

ਰਾਵਣਾਰਿ ਪ੍ਰਗਟ ਭਏ ਜਗ ਆਨ ਰਾਮ ਅਵਤਾਰ ॥੫੨॥

ਭਰਥ ਲਛਮਨ ਸਤ੍ਰੁਘਨ ਪੁਨਿ ਭਏ ਤੀਨ ਕੁਮਾਰ

ਭਾਤਿ ਭਾਤਿਨ ਬਾਜੀਯੰ ਨ੍ਰਿਪ ਰਾਜ ਬਾਜਨ ਦੁਆਰ

ਪਾਇ ਲਾਗ ਬੁਲਾਇ ਬਿਪਨ ਦੀਨ ਦਾਨ ਦੁਰੰਤਿ

ਸਤ੍ਰੁ ਨਾਸਤ ਹੋਹਿਗੇ ਸੁਖ ਪਾਇ ਹੈਂ ਸਭ ਸੰਤ ॥੫੩॥

ਲਾਲ ਜਾਲ ਪ੍ਰਵੇਸਟ ਰਿਖਬਰ ਬਾਜ ਰਾਜ ਸਮਾਜ

ਭਾਤਿ ਭਾਤਿਨ ਦੇਤ ਭਯੋ ਦਿਜ ਪਤਨ ਕੋ ਨ੍ਰਿਪਰਾਜ

ਦੇਸ ਅਉਰ ਬਿਦੇਸ ਭੀਤਰ ਠਉਰ ਠਉਰ ਮਹੰਤ

ਨਾਚ ਨਾਚ ਉਠੇ ਸਭੈ ਜਨੁ ਆਜ ਲਾਗ ਬਸੰਤ ॥੫੪॥

ਕਿੰਕਣੀਨ ਕੇ ਜਾਲ ਭੂਖਤਿ ਬਾਜ ਅਉ ਗਜਰਾਜ

ਸਾਜ ਸਾਜ ਦਏ ਦਿਜੇਸਨ ਆਜ ਕਉਸਲ ਰਾਜ

ਰੰਕ ਰਾਜ ਭਏ ਘਨੇ ਤਹ ਰੰਕ ਰਾਜਨ ਜੈਸ

ਰਾਮ ਜਨਮਤ ਭਯੋ ਉਤਸਵ ਅਉਧ ਪੁਰ ਮੈ ਐਸ ॥੫੫॥

ਦੁੰਦਭ ਅਉਰ ਮ੍ਰਿਦੰਗ ਤੂਰ ਤੁਰੰਗ ਤਾਨ ਅਨੇਕ

ਬੀਨ ਬੀਨ ਬਜੰਤ ਛੀਨ ਪ੍ਰਬੀਨ ਬੀਨ ਬਿਸੇਖ

ਝਾਝ ਬਾਰ ਤਰੰਗ ਤੁਰਹੀ ਭੇਰਨਾਦਿ ਨਿਯਾਨ

ਮੋਹਿ ਮੋਹਿ ਗਿਰੇ ਧਰਾ ਪਰ ਸਰਬ ਬਯੋਮ ਬਿਵਾਨ ॥੫੬॥

ਜਤ੍ਰ ਤਤ੍ਰ ਬਿਦੇਸ ਦੇਸਨ ਹੋਤ ਮੰਗਲਚਾਰ

ਬੈਠਿ ਬੈਠਿ ਕਰੈ ਲਗੇ ਸਬ ਬਿਪ੍ਰ ਬੇਦ ਬਿਚਾਰ

ਧੂਪ ਦੀਪ ਮਹੀਪ ਗ੍ਰੇਹ ਸਨੇਹ ਦੇਤ ਬਨਾਇ

ਫੂਲਿ ਫੂਲਿ ਫਿਰੈ ਸਭੈ ਗਣ ਦੇਵ ਦੇਵਨ ਰਾਇ ॥੫੭॥

ਆਜ ਕਾਜ ਭਏ ਸਬੈ ਇਹ ਭਾਤਿ ਬੋਲਤ ਬੈਨ

ਭੂੰਮ ਭੂਰ ਉਠੀ ਜਯਤ ਧੁਨ ਬਾਜ ਬਾਜਤ ਗੈਨ

ਐਨ ਐਨ ਧੁਜਾ ਬਧੀ ਸਭ ਬਾਟ ਬੰਦਨਵਾਰ

ਲੀਪ ਲੀਪ ਧਰੇ ਮਲਯਾਗਰ ਹਾਟ ਪਾਟ ਬਜਾਰ ॥੫੮॥

ਸਾਜਿ ਸਾਜਿ ਤੁਰੰਗ ਕੰਚਨ ਦੇਤ ਦੀਨਨ ਦਾਨ

ਮਸਤ ਹਸਤਿ ਦਏ ਅਨੇਕਨ ਇੰਦ੍ਰ ਦੁਰਦ ਸਮਾਨ

ਕਿੰਕਣੀ ਕੇ ਜਾਲ ਭੂਖਤ ਦਏ ਸਯੰਦਨ ਸੁਧ

ਗਾਇਨਨ ਕੇ ਪੁਰ ਮਨੋ ਇਹ ਭਾਤਿ ਆਵਤ ਬੁਧ ॥੫੯॥

ਬਾਜ ਸਾਜ ਦਏ ਇਤੇ ਜਿਹ ਪਾਈਐ ਨਹੀ ਪਾਰ

ਦਯੋਸ ਦਯੋਸ ਬਢੈ ਲਗਯੋ ਰਨਧੀਰ ਰਾਮਵਤਾਰ

ਸਸਤ੍ਰ ਸਾਸਤ੍ਰਨ ਕੀ ਸਭੈ ਬਿਧ ਦੀਨ ਤਾਹਿ ਸੁਧਾਰ

ਅਸਟ ਦਯੋਸਨ ਮੋ ਗਏ ਲੈ ਸਰਬ ਰਾਮਕੁਮਾਰ ॥੬੦॥

ਬਾਨ ਪਾਨ ਕਮਾਨ ਲੈ ਬਿਹਰੰਤ ਸਰਜੂ ਤੀਰ

ਪੀਤ ਪੀਤ ਪਿਛੋਰ ਕਾਰਨ ਧੀਰ ਚਾਰਹੁੰ ਬੀਰ

ਬੇਖ ਬੇਖ ਨ੍ਰਿਪਾਨ ਕੇ ਬਿਹਰੰਤ ਬਾਲਕ ਸੰਗ

ਭਾਤਿ ਭਾਤਨ ਕੇ ਧਰੇ ਤਨ ਚੀਰ ਰੰਗ ਤਰੰਗ ॥੬੧॥

ਐਸਿ ਬਾਤ ਭਈ ਇਤੈ ਉਹ ਓਰ ਬਿਸ੍ਵਾਮਿਤ੍ਰ

ਜਗ ਕੋ ਸੁ ਕਰਿਯੋ ਅਰੰਭਨ ਤੋਖਨਾਰਥ ਪਿਤ੍ਰ

ਹੋਮ ਕੀ ਲੈ ਬਾਸਨਾ ਉਠ ਧਾਤ ਦੈਤ ਦੁਰੰਤ

ਲੂਟ ਖਾਤ ਸਬੈ ਸਮਗਰੀ ਮਾਰ ਕੂਟਿ ਮਹੰਤ ॥੬੨॥

ਲੂਟ ਖਾਤਹ ਵਿਖਯ ਜੇ ਤਿਨ ਪੈ ਕਛੂ ਬਸਾਇ

ਤਾਕ ਅਉਧਹ ਆਇਯੋ ਤਬ ਰੋਸ ਕੈ ਮੁਨਿ ਰਾਇ

ਆਇ ਭੂਪਤ ਕਉ ਕਹਾ ਸੁਤ ਦੇਹੁ ਮੋ ਕਉ ਰਾਮ

ਨਾਤ੍ਰ ਤੋ ਕਉ ਭਸਮ ਕਰਿ ਹਉ ਆਜ ਹੀ ਇਹ ਠਾਮ ॥੬੩॥

ਕੋਪ ਦੇਖਿ ਮੁਨੀਸ ਕਉ ਨ੍ਰਿਪ ਪੂਤ ਤਾ ਸੰਗ ਦੀਨ

ਜਗ ਮੰਡਲ ਕਉ ਚਲਯੋ ਲੈ ਤਾਹਿ ਸੰਗਿ ਪ੍ਰਬੀਨ

ਏਕ ਮਾਰਗ ਦੂਰ ਹੈ ਇਕ ਨੀਅਰ ਹੈ ਸੁਨਿ ਰਾਮ

ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ ॥੬੪॥

ਜਉਨ ਮਾਰਗ ਤੀਰ ਹੈ ਤਿਹ ਰਾਹ ਚਾਲਹੁ ਆਜ

ਚਿਤ ਚਿੰਤ ਕੀਜੀਐ ਦਿਵ ਦੇਵ ਕੇ ਹੈਂ ਕਾਜ

ਬਾਟਿ ਚਾਪੈ ਜਾਤ ਹੈਂ ਤਬ ਲਉ ਨਿਸਾਚਰ ਆਨ

ਜਾਹੁਗੇ ਕਤ ਰਾਮ ਕਹਿ ਮਗਿ ਰੋਕਿਯੋ ਤਜਿ ਕਾਨ ॥੬੫॥

ਦੇਖਿ ਰਾਮ ਨਿਸਾਚਰੀ ਗਹਿ ਲੀਨ ਬਾਨ ਕਮਾਨ

ਭਾਲ ਮਧ ਪ੍ਰਹਾਰਿਯੋ ਸੁਰ ਤਾਨਿ ਕਾਨ ਪ੍ਰਮਾਨ

ਬਾਨ ਲਾਗਤ ਹੀ ਗਿਰੀ ਬਿਸੰਭਾਰੁ ਦੇਹਿ ਬਿਸਾਲ

ਹਾਥਿ ਸ੍ਰੀ ਰਘੁਨਾਥ ਕੇ ਭਯੋ ਪਾਪਨੀ ਕੋ ਕਾਲ ॥੬੬॥

ਐਸ ਤਾਹਿ ਸੰਘਾਰ ਕੈ ਕਰ ਜਗ ਮੰਡਲ ਮੰਡ

ਆਇਗੇ ਤਬ ਲਉ ਨਿਸਾਚਰ ਦੀਹ ਦੇਇ ਪ੍ਰਚੰਡ

ਭਾਜਿ ਭਾਜਿ ਚਲੇ ਸਭੈ ਰਿਖ ਠਾਢ ਭੇ ਹਠਿ ਰਾਮ

ਜੁਧ ਕ੍ਰੁਧ ਕਰਿਯੋ ਤਿਹੂੰ ਤਿਹ ਠਉਰ ਸੋਰਹ ਜਾਮ ॥੬੭॥

ਮਾਰ ਮਾਰ ਪੁਕਾਰ ਦਾਨਵ ਸਸਤ੍ਰ ਅਸਤ੍ਰ ਸੰਭਾਰਿ

ਬਾਨ ਪਾਨ ਕਮਾਨ ਕਉ ਧਰਿ ਤਬਰ ਤਿਛ ਕੁਠਾਰਿ

ਘੋਰਿ ਘੋਰਿ ਦਸੋ ਦਿਸਾ ਨਹਿ ਸੂਰਬੀਰ ਪ੍ਰਮਾਥ

ਆਇ ਕੈ ਜੂਝੇ ਸਬੈ ਰਣ ਰਾਮ ਏਕਲ ਸਾਥ ॥੬੮॥