ਸਵੈਯਾ ॥

ਮੁੰਡ ਬਿਨਾ ਤਬ ਰੁੰਡ ਸੁ ਭੂਪਤਿ ਕੋ ਚਿਤ ਮੈ ਅਤਿ ਕੋਪ ਬਢਾਯੋ ॥

ਦ੍ਵਾਦਸ ਭਾਨੁ ਜੁ ਠਾਢੇ ਹੁਤੇ ਕਬਿ ਸ︀ਯਾਮ ਕਹੈ ਤਿਹ ਊਪਰਿ ਧਾਯੋ ॥

ਭਾਜਿ ਗਏ ਕਰਿ ਤ੍ਰਾਸ ਸੋਊ ਸਿਵ ਠਾਢੋ ਰਹਿਯੋ ਤਿਹ ਊਪਰ ਆਯੋ ॥

ਸੋ ਨ੍ਰਿਪ ਬੀਰ ਮਹਾ ਰਨਧੀਰ ਚਟਾਕਿ ਚਪੇਟ ਦੈ ਭੂਮਿ ਗਿਰਾਯੋ ॥੧੭੦੪॥

ਏਕਨ ਮਾਰਿ ਚਪੇਟਨ ਸਿਉ ਅਰੁ ਏਕਨ ਕੋ ਧਮਕਾਰ ਗਿਰਾਵੈ ॥

ਚੀਰ ਕੈ ਏਕਨਿ ਡਾਰਿ ਦਏ ਗਹਿ ਏਕਨ ਕੋ ਨਭਿ ਓਰਿ ਚਲਾਵੈ ॥

ਬਾਜ ਸਿਉ ਬਾਜਨ ਲੈ ਰਥ ਸਿਉ ਰਥ ਅਉ ਗਜ ਸਿਉ ਗਜਰਾਜ ਬਜਾਵੈ ॥

ਸ︀ਯਾਮ ਭਨੈ ਰਨ ਯਾ ਬਿਧਿ ਭੂਪਤਿ ਸਤ੍ਰਨਿ ਕੋ ਜਮ ਧਾਮਿ ਪਠਾਵੈ ॥੧੭੦੫॥

ਹ੍ਵੈ ਕੈ ਸੁਚੇਤ ਚਢਿਯੋ ਰਥਿ ਸ︀ਯਾਮ ਮਹਾ ਮਨ ਭੀਤਰ ਕੋਪ ਬਢਿਯੋ ਹੈ ॥

ਆਪਨ ਪਉਰਖ ਸੋਊ ਸੰਭਾਰ ਕੈ ਮ︀ਯਾਨਹੁ ਤੇ ਕਰਵਾਰਿ ਕਢਿਯੋ ਹੈ ॥

ਧਾਇ ਪਰੇ ਰਿਸ ਖਾਇ ਘਨੀ ਅਰਿਰਾਇ ਮਨੋ ਨਿਧਿ ਨੀਰ ਹਢਿਯੋ ਹੈ ॥

ਤਾਨਿ ਕਮਾਨਨਿ ਮਾਰਤ ਬਾਨਨ ਸੂਰਨ ਕੇ ਚਿਤ ਚਉਪ ਚਢਿਯੋ ਹੈ ॥੧੭੦੬॥

ਬੀਰਨ ਘਾਇ ਕਰੇ ਜਬ ਹੀ ਤਬ ਪਉਰਖ ਭੂਪ ਕਬੰਧ ਸਮਾਰਿਓ ॥

ਸਸਤ੍ਰ ਸੰਭਾਰ ਤਬੈ ਅਪੁਨੇ ਇਨ ਨਾਸੁ ਕਰੋ ਚਿਤ ਬੀਚ ਬਿਚਾਰਿਓ ॥

ਧਾਇ ਪਰਿਓ ਰਿਸਿ ਸਿਉ ਰਨ ਮੈ ਅਰਿ ਭਾਜਿ ਗਏ ਜਸੁ ਰਾਮ ਉਚਾਰਿਓ ॥

ਤਾਰਨ ਕੋ ਮਨੋ ਮੰਡਲ ਭੀਤਰ ਸੂਰ ਚਢਿਓ ਅੰਧਿਆਰਿ ਸਿਧਾਰਿਓ ॥੧੭੦੭॥

ਸ੍ਰੀ ਜਦੁਬੀਰ ਤੇ ਆਦਿਕ ਬੀਰ ਗਏ ਭਜਿ ਕੈ ਨ ਕੋਊ ਠਹਿਰਾਨਿਓ ॥

ਆਹਵ ਭੂਮਿ ਮੈ ਭੂਪਤਿ ਕੋ ਸਬ ਸੂਰਨ ਮਾਨਹੁ ਕਾਲ ਪਛਾਨਿਓ ॥

ਭੂਪ ਕਮਾਨ ਤੇ ਬਾਨ ਚਲੇ ਮਨੋ ਅੰਤਿ ਪ੍ਰਲੈ ਘਨ ਸਿਉ ਬਰਖਾਨਿਓ ॥

ਇਉ ਲਖਿ ਭਾਜਿ ਗਏ ਸਿਗਰੇ ਕਿਨਹੂੰ ਨ੍ਰਿਪ ਕੇ ਸੰਗ ਜੁਧੁ ਨ ਠਾਨਿਓ ॥੧੭੦੮॥

ਸਬ ਹੀ ਭਟ ਭਾਜਿ ਗਏ ਜਬ ਹੀ ਪ੍ਰਭ ਕੋ ਤਬ ਭੂਪ ਭਯੋ ਅਨੁਰਾਗੀ ॥

ਜੂਝ ਤਬੈ ਤਿਨ ਛਾਡਿ ਦਯੋ ਹਰਿ ਧਿਆਨ ਕੀ ਤਾਹਿ ਸਮਾਧਿ ਸੀ ਲਾਗੀ ॥

ਰਾਜ ਨ ਰਾਜ ਸਮਾਜ ਬਿਖੈ ਕਬਿ ਸ︀ਯਾਮ ਕਹੈ ਹਰਿ ਮੈ ਮਤਿ ਪਾਗੀ ॥

ਧੀਰ ਗਹਿਓ ਧਰਿ ਠਾਢੋ ਰਹਿਓ ਕਹੋ ਭੂਪਤਿ ਤੇ ਅਬ ਕੋ ਬਡਭਾਗੀ ॥੧੭੦੯॥

ਸ੍ਰੀ ਜਦੁਬੀਰ ਕੋ ਬੀਰ ਸਭੋ ਧਰਿ ਡਾਰਨਿ ਕੋ ਜਬ ਘਾਤ ਬਨਾਯੋ ॥

ਸ︀ਯਾਮ ਭਨੇ ਮਿਲਿ ਕੈ ਫਿਰਿ ਕੈ ਇਹ ਪੈ ਪੁਨਿ ਬਾਨਨਿ ਓਘ ਚਲਾਯੋ ॥

ਦੇਵਬਧੂ ਮਿਲ ਕੈ ਸਬਹੂੰ ਇਹ ਭੂਪ ਕਬੰਧ ਬਿਵਾਨਿ ਚਢਾਯੋ ॥

ਕੂਦ ਪਰਿਓ ਨ ਬਿਵਾਨਿ ਚਢਿਯੋ ਪੁਨਿ ਸਸਤ੍ਰ ਲੀਏ ਰਨ ਭੂ ਮਧਿ ਆਯੋ ॥੧੭੧੦॥

ਦੋਹਰਾ ॥

ਧਨੁਖ ਬਾਨ ਲੈ ਪਾਨ ਮੈ ਆਨਿ ਪਰਿਓ ਰਨ ਬੀਚ ॥

ਸੂਰਬੀਰ ਬਹੁ ਬਿਧਿ ਹਨੇ ਲਲਕਾਰਿਯੋ ਤਬ ਮੀਚ ॥੧੭੧੧॥

ਚੌਪਈ ॥

ਅੰਤਕ ਜਮ ਜਬ ਲੈਨੇ ਆਵੈ ॥

ਲਖਿ ਤਿਹ ਕੋ ਤਬ ਬਾਨ ਚਲਾਵੈ ॥

ਮ੍ਰਿਤੁ ਪੇਖ ਕੈ ਇਤ ਉਤ ਟਰੈ ॥

ਮਾਰਿਓ ਕਾਲ ਹੂੰ ਕੋ ਨਹੀ ਮਰੈ ॥੧੭੧੨॥

ਪੁਨਿ ਸਤ੍ਰਨਿ ਦਿਸਿ ਰਿਸਿ ਕਰਿ ਧਾਯੋ ॥

ਮਾਨਹੁ ਜਮ ਮੂਰਤਿ ਧਰਿ ਆਯੋ ॥

ਇਉ ਸੁ ਜੁਧੁ ਬੈਰਿਨ ਸੰਗਿ ਕਰਿਓ ॥

ਹਰਿ ਹਰ ਬਿਧਿ ਸੁਭਟਨਿ ਮਨੁ ਡਰਿਓ ॥੧੭੧੩॥

ਸਵੈਯਾ ॥

ਹਾਰਿ ਪਰੈ ਮਨੁਹਾਰਿ ਕਰੈ ਕਹੈ ਇਉ ਨ੍ਰਿਪ ਜੁਧ ਬ੍ਰਿਥਾ ਨ ਕਰਈਯੈ ॥

ਡਾਰਿ ਦੈ ਹਾਥਨ ਤੇ ਹਥੀਆਰਨ ਕੋਪ ਤਜੋ ਸੁਖ ਸਾਤਿ ਸਮਈਯੈ ॥

ਸੂਰ ਨ ਕੋਊ ਭਯੋ ਤੁਮਰੇ ਸਮ ਤੇਰੋ ਪ੍ਰਤਾਪ ਤਿਹੂੰ ਪੁਰਿ ਗਈਯੈ ॥

ਛਾਡਤਿ ਹੈ ਹਮ ਸਸਤ੍ਰ ਸਬੈ ਸੁ ਬਿਵਾਨ ਚਢੋ ਸੁਰ ਧਾਮਿ ਸਿਧਈਯੈ ॥੧੭੧੪॥

ਅੜਿਲ ॥

ਸਬ ਦੇਵਨ ਅਰੁ ਕ੍ਰਿਸਨ ਦੀਨ ਹ੍ਵੈ ਜਬ ਕਹਿਓ ॥

ਹਟੋ ਜੁਧ ਤੇ ਭੂਪ ਹਮੋ ਮੁਖਿ ਤ੍ਰਿਨ ਗਹਿਓ ॥

ਨ੍ਰਿਪ ਸੁਨਿ ਆਤੁਰ ਬੈਨ ਸੁ ਕੋਪੁ ਨਿਵਾਰਿਓ ॥

ਹੋ ਧਨੁਖ ਬਾਨ ਦਿਓ ਡਾਰਿ ਰਾਮ ਮਨੁ ਧਾਰਿਓ ॥੧੭੧੫॥

ਦੋਹਰਾ ॥

ਕਿੰਨਰ ਜਛ ਅਪਛਰਨਿ ਲਯੋ ਬਿਵਾਨ ਚਢਾਇ ॥

ਜੈ ਜੈ ਕਾਰ ਅਪਾਰ ਸੁਨਿ ਹਰਖੇ ਮੁਨਿ ਸੁਰ ਰਾਇ ॥੧੭੧੬॥