ਅਥ ਨਿਹਕਲੰਕੀ ਚੌਬੀਸਵੌ ਅਵਤਾਰ ਕਥਨੰ ॥

ਚੌਪਈ ॥

ਅਬ ਮੈ ਮਹਾ ਸੁਧ ਮਤਿ ਕਰਿ ਕੈ ॥

ਕਹੋ ਕਥਾ ਚਿਤੁ ਲਾਇ ਬਿਚਰਿ ਕੈ ॥

ਚਉਬੀਸਵੋ ਕਲਕੀ ਅਵਤਾਰਾ ॥

ਤਾ ਕਰ ਕਹੋ ਪ੍ਰਸੰਗ ਸੁਧਾਰਾ ॥੧॥

ਭਾਰਾਕ੍ਰਿਤ ਹੋਤ ਜਬ ਧਰਣੀ ॥

ਪਾਪ ਗ੍ਰਸਤ ਕਛੁ ਜਾਤ ਨ ਬਰਣੀ ॥

ਭਾਤਿ ਭਾਤਿ ਤਨ ਹੋਤ ਉਤਪਾਤਾ ॥

ਪੁਤ੍ਰਹਿ ਸੇਜਿ ਸੋਵਤ ਲੈ ਮਾਤਾ ॥੨॥

ਸੁਤਾ ਪਿਤਾ ਤਨ ਰਮਤ ਨਿਸੰਕਾ ॥

ਭਗਨੀ ਭਰਤ ਭ੍ਰਾਤ ਕਹੁ ਅੰਕਾ ॥

ਭ੍ਰਾਤ ਬਹਨ ਤਨ ਕਰਤ ਬਿਹਾਰਾ ॥

ਇਸਤ੍ਰੀ ਤਜੀ ਸਕਲ ਸੰਸਾਰਾ ॥੩॥

ਸੰਕਰ ਬਰਣ ਪ੍ਰਜਾ ਸਭ ਹੋਈ ॥

ਏਕ ਗ੍ਰਯਾਤ ਕੋ ਰਹਾ ਨ ਕੋਈ ॥

ਅਤਿ ਬਿਭਚਾਰ ਫਸੀ ਬਰ ਨਾਰੀ ॥

ਧਰਮ ਰੀਤ ਕੀ ਪ੍ਰੀਤਿ ਬਿਸਾਰੀ ॥੪॥

ਘਰਿ ਘਰਿ ਝੂਠ ਅਮਸਿਆ ਭਈ ॥

ਸਾਚ ਕਲਾ ਸਸਿ ਕੀ ਦੁਰ ਗਈ ॥

ਜਹ ਤਹ ਹੋਨ ਲਗੇ ਉਤਪਾਤਾ ॥

ਭੋਗਤ ਪੂਤ ਸੇਜਿ ਚੜਿ ਮਾਤਾ ॥੫॥

ਢੂੰਢਤ ਸਾਚ ਨ ਕਤਹੂੰ ਪਾਯਾ ॥

ਝੂਠ ਹੀ ਸੰਗ ਸਬੋ ਚਿਤ ਲਾਯਾ ॥

ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ ॥

ਸਾਸਤ੍ਰ ਸਿਮ੍ਰਿਤ ਛੁਐ ਨ ਕੋਈ ॥੬॥

ਹਿੰਦਵ ਕੋਈ ਨ ਤੁਰਕਾ ਰਹਿ ਹੈ ॥

ਭਿਨ ਭਿਨ ਘਰਿ ਘਰਿ ਮਤ ਗਹਿ ਹੈ ॥

ਏਕ ਏਕ ਕੇ ਪੰਥ ਨ ਚਲਿ ਹੈ ॥

ਏਕ ਏਕ ਕੀ ਬਾਤ ਉਥਲਿ ਹੈ ॥੭॥

ਭਾਰਾਕ੍ਰਿਤ ਧਰਾ ਸਬ ਹੁਇ ਹੈ ॥

ਧਰਮ ਕਰਮ ਪਰ ਚਲੈ ਨ ਕੁਇ ਹੈ ॥

ਘਰਿ ਘਰਿ ਅਉਰ ਅਉਰ ਮਤ ਹੋਈ ॥

ਏਕ ਧਰਮ ਪਰ ਚਲੈ ਨ ਕੋਈ ॥੮॥

ਦੋਹਰਾ ॥

ਭਿੰਨ ਭਿੰਨ ਘਰਿ ਘਰਿ ਮਤੋ ਏਕ ਨ ਚਲ ਹੈ ਕੋਇ ॥

ਪਾਪ ਪ੍ਰਚੁਰ ਜਹ ਤਹ ਭਯੋ ਧਰਮ ਨ ਕਤਹੂੰ ਹੋਇ ॥੯॥

ਚੌਪਈ ॥

ਸੰਕਰ ਬਰਣ ਪ੍ਰਜਾ ਸਭ ਹੋਈ ॥

ਛਤ੍ਰੀ ਜਗਤਿ ਨ ਦੇਖੀਐ ਕੋਈ ॥

ਏਕ ਏਕ ਐਸੇ ਮਤ ਕੈ ਹੈ ॥

ਜਾ ਤੇ ਪ੍ਰਾਪਤਿ ਸੂਦ੍ਰਤਾ ਹੋਇ ਹੈ ॥੧੦॥

ਹਿੰਦੂ ਤੁਰਕ ਮਤ ਦੁਹੂੰ ਪ੍ਰਹਰਿ ਕਰਿ ॥

ਚਲਿ ਹੈ ਭਿੰਨ ਭਿੰਨ ਮਤ ਘਰਿ ਘਰਿ ॥

ਏਕ ਏਕ ਕੇ ਮੰਤ੍ਰ ਨ ਗਹਿ ਹੈ ॥

ਏਕ ਏਕ ਕੇ ਸੰਗਿ ਨ ਰਹਿ ਹੈ ॥੧੧॥

ਆਪੁ ਆਪੁ ਪਾਰਬ੍ਰਹਮ ਕਹੈ ਹੈ ॥

ਨੀਚ ਊਚ ਕਹ ਸੀਸ ਨ ਨੈ ਹੈ ॥

ਏਕ ਏਕ ਮਤ ਇਕ ਇਕ ਧਾਮਾ ॥

ਘਰਿ ਘਰਿ ਹੋਇ ਬੈਠ ਹੈ ਰਾਮਾ ॥੧੨॥

ਪੜਿ ਹੈ ਕੋਇ ਨ ਭੂਲਿ ਪੁਰਾਨਾ ॥

ਕੋਊ ਨ ਪਕਰ ਹੈ ਪਾਨਿ ਕੁਰਾਨਾ ॥

ਬੇਦ ਕਤੇਬ ਜਵਨ ਕਰਿ ਲਹਿ ਹੈ ॥

ਤਾ ਕਹੁ ਗੋਬਰਾਗਨਿ ਮੋ ਦਹਿ ਹੈ ॥੧੩॥

ਚਲੀ ਪਾਪ ਕੀ ਜਗਤਿ ਕਹਾਨੀ ॥

ਭਾਜਾ ਧਰਮ ਛਾਡ ਰਜਧਾਨੀ ॥

ਭਿੰਨ ਭਿੰਨ ਘਰਿ ਘਰਿ ਮਤ ਚਲਾ ॥

ਯਾ ਤੇ ਧਰਮ ਭਰਮਿ ਉਡਿ ਟਲਾ ॥੧੪॥

ਏਕ ਏਕ ਮਤ ਐਸ ਉਚੈ ਹੈ ॥

ਜਾ ਤੇ ਸਕਲ ਸੂਦ੍ਰ ਹੁਇ ਜੈ ਹੈ ॥

ਛਤ੍ਰੀ ਬ੍ਰਹਮਨ ਰਹਾ ਨ ਕੋਈ ॥

ਸੰਕਰ ਬਰਨ ਪ੍ਰਜਾ ਸਬ ਹੋਈ ॥੧੫॥

ਸੂਦ੍ਰ ਧਾਮਿ ਬਸਿ ਹੈ ਬ੍ਰਹਮਣੀ ॥

ਬਈਸ ਨਾਰਿ ਹੋਇ ਹੈ ਛਤ੍ਰਨੀ ॥

ਬਸਿ ਹੈ ਛਤ੍ਰਿ ਧਾਮਿ ਬੈਸਾਨੀ ॥

ਬ੍ਰਹਮਨ ਗ੍ਰਿਹ ਇਸਤ੍ਰੀ ਸੂਦ੍ਰਾਨੀ ॥੧੬॥

ਏਕ ਧਰਮ ਪਰ ਪ੍ਰਜਾ ਨ ਚਲ ਹੈ ॥

ਬੇਦ ਕਤੇਬ ਦੋਊ ਮਤ ਦਲ ਹੈ ॥

ਭਿੰਨ ਭਿੰਨ ਮਤ ਘਰਿ ਘਰਿ ਹੋਈ ॥

ਏਕ ਪੈਂਡ ਚਲ ਹੈ ਨਹੀ ਕੋਈ ॥੧੭॥