ਚੌਪਈ ॥
ਜਿਹ ਜਿਹ ਦੇਸ ਮੁਨੀਸਰ ਗਏ ॥
ਊਚ ਨੀਚ ਸਬ ਹੀ ਸੰਗਿ ਭਏ ॥
ਏਕ ਜੋਗ ਅਰੁ ਰੂਪ ਅਪਾਰਾ ॥
ਕਉਨ ਨ ਮੋਹੈ ਕਹੋ ਬਿਚਾਰਾ ॥੧੭੪॥
ਜਹ ਤਹ ਚਲਾ ਜੋਗੁ ਸੰਨ︀ਯਾਸਾ ॥
ਰਾਜ ਪਾਟ ਤਜ ਭਏ ਉਦਾਸਾ ॥
ਐਸੀ ਭੂਮਿ ਨ ਦੇਖੀਅਤ ਕੋਈ ॥
ਜਹਾ ਸੰਨ︀ਯਾਸ ਜੋਗ ਨਹੀ ਹੋਈ ॥੧੭੫॥
ਇਤਿ ਮਨ ਨੂੰ ਗੁਰੂ ਦੂਸਰ ਠਹਰਾਇਆ ਸਮਾਪਤੰ ॥੨॥
ਅਥ ਤ੍ਰਿਤੀ ਗੁਰੂ ਮਕਰਕਾ ਕਥਨੰ ॥
ਚੌਪਈ ॥
ਚਉਬੀਸ ਗੁਰੂ ਕੀਨ ਜਿਹਾ ਭਾਤਾ ॥
ਅਬ ਸੁਨ ਲੇਹੁ ਕਹੋ ਇਹ ਬਾਤਾ ॥
ਏਕ ਮਕਰਕਾ ਦਤ ਨਿਹਾਰੀ ॥
ਐਸ ਹ੍ਰਿਦੇ ਅਨੁਮਾਨ ਬਿਚਾਰੀ ॥੧੭੬॥
ਆਪਨ ਹੀਐ ਐਸ ਅਨੁਮਾਨਾ ॥
ਤੀਸਰ ਗੁਰੁ ਯਾਹਿ ਹਮ ਮਾਨਾ ॥
ਪ੍ਰੇਮ ਸੂਤ ਕੀ ਡੋਰਿ ਬਢਾਵੈ ॥
ਤਬ ਹੀ ਨਾਥ ਨਿਰੰਜਨ ਪਾਵੈ ॥੧੭੭॥
ਆਪਨ ਆਪੁ ਆਪ ਮੋ ਦਰਸੈ ॥
ਅੰਤਰਿ ਗੁਰੂ ਆਤਮਾ ਪਰਸੈ ॥
ਏਕ ਛਾਡਿ ਕੈ ਅਨਤ ਨ ਧਾਵੈ ॥
ਤਬ ਹੀ ਪਰਮ ਤਤੁ ਕੋ ਪਾਵੈ ॥੧੭੮॥
ਏਕ ਸਰੂਪ ਏਕ ਕਰਿ ਦੇਖੈ ॥
ਆਨ ਭਾਵ ਕੋ ਭਾਵ ਨੇ ਪੇਖੈ ॥
ਏਕ ਆਸ ਤਜਿ ਅਨਤ ਨ ਧਾਵੈ ॥
ਤਬ ਹੀ ਨਾਥ ਨਿਰੰਜਨ ਪਾਵੈ ॥੧੭੯॥
ਕੇਵਲ ਅੰਗ ਰੰਗ ਤਿਹ ਰਾਚੈ ॥
ਏਕ ਛਾਡਿ ਰਸ ਨੇਕ ਨ ਮਾਚੈ ॥
ਪਰਮ ਤਤੁ ਕੋ ਧਿਆਨ ਲਗਾਵੈ ॥
ਤਬ ਹੀ ਨਾਥ ਨਿਰੰਜਨ ਪਾਵੈ ॥੧੮੦॥
ਤੀਸਰ ਗੁਰੂ ਮਕਰਿਕਾ ਠਾਨੀ ॥
ਆਗੇ ਚਲਾ ਦਤ ਅਭਿਮਾਨੀ ॥
ਤਾ ਕਰ ਭਾਵ ਹ੍ਰਿਦੇ ਮਹਿ ਲੀਨਾ ॥
ਹਰਖਵੰਤ ਤਬ ਚਲਾ ਪ੍ਰਬੀਨਾ ॥੧੮੧॥
ਇਤਿ ਤ੍ਰਿਤੀ ਗੁਰੂ ਮਕਰਕਾ ਸਮਾਪਤੰ ॥੩॥
ਅਥ ਬਕ ਚਤਰਥ ਗੁਰੂ ਕਥਨੰ ॥
ਚੌਪਈ ॥
ਜਬੈ ਦਤ ਗੁਰੁ ਅਗੈ ਸਿਧਾਰਾ ॥
ਮਛ ਰਾਸਕਰ ਬੈਠਿ ਨਿਹਾਰਾ ॥
ਉਜਲ ਅੰਗ ਅਤਿ ਧਿਆਨ ਲਗਾਵੈ ॥
ਮੋਨੀ ਸਰਬ ਬਿਲੋਕਿ ਲਜਾਵੈ ॥੧੮੨॥
ਜੈਸਕ ਧਿਆਨ ਮਛ ਕੇ ਕਾਜਾ ॥
ਲਾਵਤ ਬਕ ਨਾਵੈ ਨਿਰਲਾਜਾ ॥
ਭਲੀ ਭਾਤਿ ਇਹ ਧਿਆਨ ਲਗਾਵੈ ॥
ਭਾਵ ਤਾਸ ਕੋ ਮੁਨਿ ਮਨ ਭਾਵੈ ॥੧੮੩॥
ਐਸੋ ਧਿਆਨ ਨਾਥ ਹਿਤ ਲਈਐ ॥
ਤਬ ਹੀ ਪਰਮ ਪੁਰਖ ਕਹੁ ਪਈਐ ॥
ਮਛਾਤਕ ਲਖਿ ਦਤ ਲੁਭਾਨਾ ॥
ਚਤਰਥ ਗੁਰੂ ਤਾਸ ਅਨੁਮਾਨਾ ॥੧੮੪॥
ਇਤਿ ਮਛਾਤਕ ਚਤੁਰਥ ਗੁਰੂ ਸਮਾਪਤੰ ॥੪॥