ਖਿਆਲ ਪਾਤਿਸਾਹੀ ੧੦ ॥

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥

ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ॥

ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ ॥

ਯਾਰੜੇ ਦਾ ਸਾਨੂੰ ਸਥਰੁ ਚੰਗਾ ਭਠ ਖੇੜਿਆ ਦਾ ਰਹਣਾ ॥੧॥੧॥੬॥

ਤਿਲੰਗ ਕਾਫੀ ਪਾਤਿਸਾਹੀ ੧੦ ॥

ਕੇਵਲ ਕਾਲਈ ਕਰਤਾਰ ॥

ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ ॥੧॥ ਰਹਾਉ ॥

ਨਿੰਦ ਉਸਤਤ ਜਉਨ ਕੇ ਸਮ ਸਤ੍ਰ ਮਿਤ੍ਰ ਨ ਕੋਇ ॥

ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥

ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ ॥

ਕਉਨ ਕਾਜ ਕਹਾਹਿਂਗੇ ਆਨ ਦੇਵਕਿ ਨੰਦ ॥੨॥

ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ॥

ਕਉਨ ਉਪਮਾ ਤੌਨ ਕੋ ਮੁਖ ਲੇਤ ਨਾਮੁ ਮੁਰਾਰ ॥੩॥੧॥੭॥