ਤੁਖਾਰੀ ਮਹਲਾ

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ

ਤਿਨ ਤੂ ਧਿਆਇਆ ਮੇਰਾ ਰਾਮੁ ਜਿਨ ਕੈ ਧੁਰਿ ਲੇਖੁ ਮਾਥੁ

ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ

ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ

ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ

ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥੧॥

ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ

ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ

ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ

ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ

ਹਰਿ ਸੰਤਸੰਗਤਿ ਜਨ ਸੁਣਹੁ ਭਾਈ ਗੁਰਮੁਖਿ ਹਰਿ ਸੇਵਾ ਸਫਲ ਬਣੀ

ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥੨॥

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ

ਵਣਿ ਤ੍ਰਿਣਿ ਤ੍ਰਿਭਵਣਿ ਸਭ ਸ੍ਰਿਸਟਿ ਮੁਖਿ ਹਰਿ ਹਰਿ ਨਾਮੁ ਚਵਿਆ

ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ

ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ

ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥੩॥

ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ

ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ

ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ

ਬਿਨੁ ਭੈ ਕਿਨੈ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਉਤਰਿਆ ਕੋਈ

ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ

ਤੇਰੀ ਭਗਤਿ ਭੰਡਾਰ ਅਸੰਖ ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ ॥੪॥੩॥