ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ

ਸਤਿਗੁਰ ਪ੍ਰਸਾਦਿ

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ

ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥

ਤੇਰਾ ਜਨੁ ਏਕੁ ਆਧੁ ਕੋਈ

ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨੑੈ ਸੋਈ ॥੧॥ ਰਹਾਉ

ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ

ਚਉਥੇ ਪਦ ਕਉ ਜੋ ਨਰੁ ਚੀਨੑੈ ਤਿਨੑ ਹੀ ਪਰਮ ਪਦੁ ਪਾਇਆ ॥੨॥

ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ

ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥

ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ

ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥

ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ

ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥

ਹਰਿ ਕੇ ਨਾਮ ਕੇ ਬਿਆਪਾਰੀ

ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ

ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ

ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥

ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ

ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥

ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ

ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ

ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥

ਬੋਲਹੁ ਭਈਆ ਰਾਮ ਕੀ ਦੁਹਾਈ

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ

ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥

ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ

ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲੑੈ ਤਾ ਮਨੁ ਖੀਵਾ ਭਾਈ ॥੩॥

ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ

ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥