( 1391 )

ਸਵਈਏ ਮਹਲੇ ਦੂਜੇ ਕੇ

ਸਤਿਗੁਰ ਪ੍ਰਸਾਦਿ

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ

ਸਤਿਗੁਰੂ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ

ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ

ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ

ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥

ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ ਤਿਮਰ ਅਗੵਾਨ ਜਾਹਿ ਦਰਸ ਦੁਆਰ

ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ

ਸਤਸੰਗਤਿ ਸਹਜ ਸਾਰਿ ਜਾਗੀਲੇ ਗੁਰ ਬੀਚਾਰਿ ਨਿੰਮਰੀ ਭੂਤ ਸਦੀਵ ਪਰਮ ਪਿਆਰਿ

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥

ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ

ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ

ਕਲਿਪ ਤਰੁ ਰੋਗ ਬਿਦਾਰੁ ਸੰਸਾਰ ਤਾਪ ਨਿਵਾਰੁ ਆਤਮਾ ਤ੍ਰਿਬਿਧਿ ਤੇਰੈ ਏਕ ਲਿਵ ਤਾਰ

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥

ਤੈ ਤਾ ਹਦਰਥਿ ਪਾਇਓ ਮਾਨੁ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ

ਹਰਿ ਹਰਿ ਦਰਸ ਸਮਾਨ ਆਤਮਾ ਵੰਤਗਿਆਨ ਜਾਣੀਅ ਅਕਲ ਗਤਿ ਗੁਰ ਪਰਵਾਨ

ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ

ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੪॥

ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ

ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ

ਲੋਭ ਮੋਹ ਵਸਿ ਕਰਣ ਸਰਣ ਜਾਚਿਕ ਪ੍ਰਤਿਪਾਲਣ

ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ

ਸਤਿਗੁਰੂ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ

ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥੫॥