ਤਿਲੰਗ ਮਹਲਾ ੧ ॥
Tilang, First Mehl:
ਤਿਲੰਕ ਪਹਿਲੀ ਪਾਤਿਸ਼ਾਹੀ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
As the Word of the Forgiving Lord comes to me, so do I express it, O Lalo.
ਹੇ (ਭਾਈ) ਲਾਲੋ! ਮੈਨੂੰ ਜਿਹੋ ਜਿਹੀ ਖਸਮ-ਪ੍ਰਭੂ ਵਲੋਂ ਪ੍ਰੇਰਨਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ (ਉਸ ਦੂਰ-ਘਟਨਾ ਦੀ) ਵਾਕਫ਼ੀਅਤ ਦੇਂਦਾ ਹਾਂ (ਜੋ ਇਸ ਸ਼ਹਿਰ ਸ਼ੈਦਪੁਰ ਵਿਚ ਵਾਪਰੀ ਹੈ)। ਮੈ = ਮੈਨੂੰ। ਬਾਣੀ = ਪ੍ਰੇਰਨਾ। ਕਰੀ = ਮੈਂ ਕਰਦਾ ਹਾਂ। ਗਿਆਨੁ = ਵਾਕਫ਼ੀਅਤ, ਜਾਣ-ਪਛਾਣ। ਕਰੀ ਗਿਆਨੁ = ਮੈਂ ਵਾਕਫ਼ੀਅਤ ਕਰਾਂਦਾ ਹਾਂ, ਮੈਂ ਹਾਲ ਦੱਸਦਾ ਹਾਂ। ਵੇ = ਹੇ!
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
Bringing the marriage party of sin, Babar has invaded from Kaabul, demanding our land as his wedding gift, O Lalo.
(ਬਾਬਰ) ਕਾਬਲ ਤੋਂ (ਫ਼ੌਜ ਜੋ, ਮਾਨੋ) ਪਾਪ-ਜ਼ੁਲਮ ਦੀ ਜੰਞ (ਹੈ) ਇਕੱਠੀ ਕਰ ਕੇ ਆ ਚੜ੍ਹਿਆ ਹੈ, ਅਤੇ ਜ਼ੋਰ-ਧੱਕੇ ਨਾਲ ਹਿੰਦ-ਦੀ-ਹਕੂਮਤ ਰੂਪ ਕੰਨਿਆ-ਦਾਨ ਮੰਗ ਰਿਹਾ ਹੈ। ਕਾਬਲਹੁ = ਕਾਬਲ ਤੋਂ। ਧਾਇਆ = ਹੱਲਾ ਕਰ ਕੇ ਆਇਆ। ਜੋਰੀ = ਧੱਕੇ ਨਾਲ, ਜੋਰ ਨਾਲ। ਦਾਨੁ = {ਨੋਟ: ਵਿਆਹ ਦੇ ਸਮੇ ਲੜਕੀ ਵਾਲੇ ਦੇ ਘਰ ਮੁੰਡੇ ਵਾਲੇ ਜੰਞ ਬਣਾ ਕੇ ਆਉਂਦੇ ਹਨ। ਖ਼ੁਸ਼ੀ ਦੇ ਗੀਤ ਗਾਏ ਜਾਂਦੇ ਹਨ। ਹਿੰਦੂਆਂ ਦਾ ਵਿਆਹ ਬ੍ਰਾਹਮਣ ਤੇ ਮੁਸਲਮਾਨਾਂ ਦਾ ਕਾਜ਼ੀ ਪੜ੍ਹਾਂਦਾ ਹੈ। ਹਿੰਦੂ ਕੰਨਿਆ-ਦਾਨ ਕਰਦੇ ਹਨ, ਦਾਨ ਦੇ ਤੌਰ ਤੇ ਕੰਨਿਆ ਭੇਟ ਕਰਦੇ ਹਨ। ਉਸ ਸੁਹਾਵਣੇ ਸਮੇ ਜਾਂਞੀਆਂ ਉਤੇ ਕੇਸਰ ਛਿੜਕਿਆ ਜਾਂਦਾ ਹੈ। ਵਿਆਹ ਦਾ ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਰਾਹੀਂ ਦੱਸਦੇ ਹਨ ਕਿ ਬਾਬਰ ਕਾਬਲ ਤੋਂ ਫ਼ੌਜ ਲੈ ਕੇ ਚੜ੍ਹਿਆ, ਮਾਨੋ, ਪਾਪ-ਜ਼ੁਲਮ ਦੀ ਜੰਞ ਲੈ ਕੇ ਹਿੰਦ ਦੀ ਹਕੂਮਤ-ਰੂਪ ਲਾੜੀ ਵਿਆਹੁਣ ਆਇਆ। ਬਾਬਰ ਦੇ ਫ਼ੌਜੀਆਂ ਨੇ ਸੈਦਪੁਰ (ਐਮਨਾਬਾਦ) ਦੀਆਂ ਇਸਤ੍ਰੀਆਂ ਦੀ ਬਹੁਤ ਬੇ-ਪਤੀ ਕੀਤੀ, ਇਹ, ਮਾਨੋ, ਕਾਜ਼ੀ ਤੇ ਬ੍ਰਾਹਮਣ ਦੇ ਥਾਂ ਸ਼ੈਤਾਨ ਵਿਆਹ ਪੜ੍ਹਾ ਰਿਹਾ ਸੀ। ਕਤਲਾਮ ਨਾਲ ਸ਼ਹਰ ਦੀਆਂ ਗਲੀਆਂ ਬਜ਼ਾਰਾਂ ਵਿਚ ਲਹੂ ਹੀ ਲਹੂ ਸੀ, ਇਹ, ਮਾਨੋ ਉਹ ਖ਼ੂਨੀ ਵਿਆਹ ਵਿਚ ਕੇਸਰ ਛਿੜਕਿਆ ਜਾ ਰਿਹਾ ਸੀ। ਵਿਆਹਾਂ ਦੇ ਖ਼ੁਸ਼ੀ ਦੇ ਸੋਹਿਲਿਆਂ ਦੇ ਥਾਂ ਖ਼ੂਨ ਦੇ ਸੋਹਿਲੇ ਗਾਏ ਜਾ ਰਹੇ ਸਨ, ਹਰ ਪਾਸੇ ਮੌਤ ਦੇ ਕਾਰਨ ਵੈਣ ਹੀ ਵੈਣ ਪੈ ਰਹੇ ਹਨ}।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
Modesty and righteousness both have vanished, and falsehood struts around like a leader, O Lalo.
(ਸੈਦਪੁਰ ਵਿਚੋਂ) ਹਯਾ ਤੇ ਧਰਮ ਦੋਵੇਂ ਲੋਪ ਹੋ ਚੁਕੇ ਹਨ, ਝੂਠ ਹੀ ਝੂਠ ਚੌਧਰੀ ਬਣਿਆ ਫਿਰਦਾ ਹੈ। ਸਰਮੁ = ਸ਼ਰਮ, ਹਯਾ। ਪਰਧਾਨੁ = ਚੌਧਰੀ।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
The Qazis and the Brahmins have lost their roles, and Satan now conducts the marriage rites, O Lalo.
(ਬਾਬਰ ਦੇ ਸਿਪਾਹੀਆਂ ਵਲੋਂ ਸੈਦਪੁਰ ਦੀਆਂ ਇਸਤ੍ਰੀਆਂ ਉਤੇ ਇਤਨੇ ਅੱਤਿਆਚਾਰ ਹੋ ਰਹੇ ਹਨ ਕਿ, ਮਾਨੋ) ਸ਼ੈਤਾਨ (ਇਸ ਸ਼ਹਿਰ ਵਿਚ) ਵਿਆਹ ਪੜ੍ਹਾ ਰਿਹਾ ਹੈ ਤੇ ਕਾਜ਼ੀਆਂ ਅਤੇ ਬ੍ਰਾਹਮਣਾਂ ਦੀ (ਸਾਊਆਂ ਵਾਲੀ) ਮਰਯਾਦਾ ਮੁੱਕ ਚੁਕੀ ਹੈ। ਥਕੀ = ਰਹਿ ਗਈ, ਮੁੱਕ ਗਈ। ਅਗਦੁ = ਅਕਦ, ਨਕਾਹ, ਵਿਆਹ।
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥
The Muslim women read the Koran, and in their misery, they call upon God, O Lalo.
ਮੁਸਲਮਾਨ ਔਰਤਾਂ (ਭੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ) ਇਸ ਬਿਪਤਾ ਵਿਚ (ਆਪਣੀ ਧਰਮ-ਪੁਸਤਕ) ਕੁਰਾਨ (ਦੀਆਂ ਆਇਤਾਂ) ਪੜ੍ਹ ਰਹੀਆਂ ਹਨ ਤੇ ਖ਼ੁਦਾ ਅੱਗੇ ਪੁਕਾਰ ਕਰ ਰਹੀਆਂ ਹਨ। ਕਰਹਿ ਖੁਦਾਇ = ਖ਼ੁਦਾ ਖ਼ੁਦਾ ਕਰਦੀਆਂ ਹਨ, ਖ਼ੁਦਾ ਅੱਗੇ ਪੁਕਾਰ ਕਰਦੀਆਂ ਹਨ।
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥
The Hindu women of high social status, and others of lowly status as well, are put into the same category, O Lalo.
ਉੱਚੀਆਂ ਜਾਤਾਂ ਦੀਆਂ, ਨੀਵੀਆਂ ਜਾਤਾਂ ਦੀਆਂ ਅਤੇ ਹੋਰ ਭੀ ਸਭ ਹਿੰਦੂ ਇਸਤ੍ਰੀਆਂ-ਇਹਨਾਂ ਸਾਰੀਆਂ ਉਤੇ ਇਹੀ ਅੱਤਿਆਚਾਰ ਹੋ ਰਹੇ ਹਨ। ਸਨਾਤੀ = ਨੀਵੀਂ ਜਾਤਿ। ਏਹਿ ਭੀ = ਇਹ ਭੀ ਸਾਰੀਆਂ। ਲੇਖੈ ਲਾਇ = ਉਸ ਜ਼ੁਲਮ ਦੇ ਲੇਖੇ ਵਿਚ ਹੀ ਗਿਣ।
ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥
The wedding songs of murder are sung, O Nanak, and blood is sprinkled instead of saffron, O Lalo. ||1||
ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥ ਖੂਨ ਕੇ ਸੋਹਿਲੇ = ਕੀਰਨੇ, ਵਿਰਲਾਪ, ਵੈਣ। ਰਤੁ = ਲਹੂ। ਕੁੰਗੂ = ਕੇਸਰ ॥੧॥
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
Nanak sings the Glorious Praises of the Lord and Master in the city of corpses, and voices this account.
(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ, ਮਾਸਪੁਰੀ = ਉਹ ਨਗਰ ਜਿਥੇ ਹਰ ਪਾਸੇ ਮਾਸ ਹੀ ਮਾਸ ਖਿਲਰਿਆ ਪਿਆ ਹੈ, ਜਿਥੇ ਲੋਥਾਂ ਦੇ ਢੇਰ ਲੱਗੇ ਪਏ ਹਨ, ਲੋਥਾਂ-ਭਰਿਆ ਸ਼ਹਿਰ। ਆਖੁ = (ਹੇ ਭਾਈ ਲਾਲੋ! ਤੂੰ ਭੀ) ਕਹੁ। ਮਸੋਲਾ = ਮਸਅਲਾ, ਅਸੂਲ ਦੀ ਗੱਲ, ਅਟੱਲ ਨਿਯਮ।
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥
The One who created, and attached the mortals to pleasures, sits alone, and watches this.
(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)। ਜਿਨਿ = ਜਿਸ (ਮਾਲਕ-ਪ੍ਰਭੂ) ਨੇ। ਰੰਗਿ = ਰੰਗ ਵਿਚ, ਮਾਇਆ ਦੇ ਮੋਹ ਵਿਚ। ਰਵਾਈ = ਰਚਾਈ, ਪਰਵਿਰਤ ਕੀਤੀ। ਵਖਿ = ਵੱਖਰਾ ਹੋ ਕੇ, ਨਿਰਲੇਪ ਰਹਿ ਕੇ। ਇਕੇਲਾ = ਨਿਵੇਕਲਾ ਹੋ ਕੇ।
ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥
The Lord and Master is True, and True is His justice. He issues His Commands according to His judgement.
ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ। ਸਚਾ = ਸਦਾ-ਥਿਰ, ਅਟੱਲ ਨਿਯਮ ਵਾਲਾ। ਤਪਾਵਸੁ = ਇਨਸਾਫ਼। ਕਰੇਗੁ = ਕਰੇਗਾ, ਕਰ ਰਿਹਾ ਹੈ।
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥
The body-fabric will be torn apart into shreds, and then India will remember these words.
(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ। ਟੁਕੁ ਟੁਕੁ = ਟੁਕੜੇ ਟੁਕੜੇ। ਹੋਸੀ = ਹੋਵੇਗਾ, ਹੋ ਰਿਹਾ ਹੈ। ਸਮਾਲਸੀ = ਯਾਦ ਰੱਖੇਗਾ। ਬੋਲਾ = ਗੱਲ, ਦੁਰ-ਘਟਨਾ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
Coming in seventy-eight (1521 A.D.), they will depart in ninety-seven (1540 A.D.), and then another disciple of man will rise up.
(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ। ਆਵਨਿ = ਆਉਂਦੇ ਹਨ, ਆਏ ਹਨ। ਅਠਤਰੈ = ਅਠੱਤਰ ਵਿਚ, ਸੰਮਤ ੧੫੭੮ ਵਿਚ (ਸੰਨ ੧੫੨੧ ਵਿਚ)। ਨੋਟ: ਗੁਰੂ ਨਾਨਕ ਦੇਵ ਜੀ ਤੀਜੀ 'ਉਦਾਸੀ' ਸਮੇ ਸੰਨ ੧੫੧੮ ਵਿਚ ਮੱਕੇ ਨੂੰ ਗਏ ਸਨ। ਉਥੋਂ ਈਰਾਨ ਦੇਸ ਤੇ ਅਫ਼ਗ਼ਾਨਿਸਤਾਨ ਦੇਸ ਦੇ ਹਾਜੀਆਂ ਦੇ ਨਾਲ ਮਿਲ ਕੇ ਬਗ਼ਦਾਦ ਤੇ ਕਾਬਲ ਦੇ ਰਸਤੇ ਵਾਪਸ ਆ ਕੇ ਐਮਨਾਬਾਦ ਸੰਨ ੧੫੨੧ ਵਿਚ ਉਸ ਵੇਲੇ ਪਹੁੰਚੇ ਸਨ, ਜਦੋਂ ਬਾਬਰ ਸ਼ਹਿਰ ਸਿਆਲਕੋਟ ਨੂੰ ਮਾਰ ਕੇ ਇਥੇ ਪਹੁੰਚਿਆ ਸੀ)। ਜਾਨਿ = ਜਾਂਦੇ ਹਨ, ਜਾਣਗੇ। ਸਤਾਨਵੈ = ਸੰਮਤ ੧੫੯੭ ਵਿਚ (ਸੰਨ ੧੫੪੦ ਵਿਚ)। ਉਠਸੀ = ਉੱਠੇਗਾ, ਤਾਕਤ ਫੜੇਗਾ। ਮਰਦ ਕਾ ਚੇਲਾ = ਸੂਰਮਾ {ਨੋਟ: ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੂੰ ਨੂੰ ਹਿੰਦੁਸਤਾਨ ਵਿਚੋਂ ਮਾਰ ਭਜਾਇਆ ਤੇ ਆਪ ਸੰਨ ੧੫੪੦ ਵਿਚ ਇਥੋਂ ਦਾ ਰਾਜ ਸਾਂਭਿਆ ਸੀ}।
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥
Nanak speaks the Word of Truth; he proclaims the Truth at this, the right time. ||2||3||5||
(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥ ਸਚ ਕੀ ਬਾਣੀ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਆਖੈ = ਆਖਦਾ ਹੈ, ਉਚਾਰਦਾ ਹੈ। ਸੁਣਾਇਸੀ = ਸੁਣਾਂਦਾ ਰਹੇਗਾ, ਉਚਾਰਦਾ ਰਹੇਗਾ, ਆਖਦਾ ਰਹੇਗਾ। ਬੇਲਾ = ਸਮਾ, ਮਨੁੱਖਾ ਜਨਮ ਦਾ ਸਮਾ। ਸਚ ਕੀ ਬੇਲਾ = ਸਿਮਰਨ, ਸਿਫ਼ਤਿ-ਸਾਲਾਹ ਦਾ ਹੀ ਇਹ ਸਮਾ ਹੈ ॥੨॥੩॥੫॥