ਤਿਲੰਗ ਮਃ ੧ ॥
Tilang, First Mehl:
ਤਿਲੰਕ ਪਹਿਲੀ ਪਾਤਿਸ਼ਾਹੀ।
ਇਆਨੜੀਏ ਮਾਨੜਾ ਕਾਇ ਕਰੇਹਿ ॥
O foolish and ignorant soul-bride, why are you so proud?
ਹੇ ਬਹੁਤ ਅੰਞਾਣ ਜਿੰਦੇ! ਇਤਨਾ ਕੋਝਾ ਮਾਣ ਤੂੰ ਕਿਉਂ ਕਰਦੀ ਹੈਂ? ਇਆਨੀ = ਅੰਞਾਣ ਕੁੜੀ। ਇਆਨੜੀ = ਬਹੁਤ ਅੰਞਾਣ ਕੁੜੀ। ਇਆਨੜੀਏ = ਹੇ ਬਹੁਤ ਅੰਞਾਣ ਜਿੰਦੇ! ਮਾਨੜਾ = ਕੋਝਾ ਮਾਣ। ਕਾਇ = ਕਿਉਂ? ਕਰੇਹਿ = ਤੂੰ ਕਰਦੀ ਹੈਂ।
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
Within the home of your own self, why do you not enjoy the Love of your Lord?
ਪਰਮਾਤਮਾ ਤੇਰੇ ਆਪਣੇ ਹੀ ਹਿਰਦੇ-ਘਰ ਵਿਚ ਹੈ, ਤੂੰ ਉਸ (ਦੇ ਮਿਲਾਪ) ਦਾ ਆਨੰਦ ਕਿਉਂ ਨਹੀਂ ਮਾਣਦੀ? ਘਰਿ = ਘਰ ਵਿਚ, ਹਿਰਦੇ ਵਿਚ। ਰੰਗੋ = ਰੰਗੁ, ਆਨੰਦ। ਕੀ = ਕਿਉਂ?
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥
Your Husband Lord is so very near, O foolish bride; why do you search for Him outside?
ਹੇ ਭੋਲੀ ਜੀਵ-ਇਸਤ੍ਰੀਏ! ਪਤੀ-ਪ੍ਰਭੂ (ਤੇਰੇ ਅੰਦਰ ਹੀ ਤੇਰੇ) ਨੇੜੇ ਵੱਸ ਰਿਹਾ ਹੈ, ਤੂੰ (ਜੰਗਲ ਆਦਿਕ) ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈਂ? ਧਨ ਕੰਮਲੀਏ = ਹੇ ਭੋਲੀ ਜੀਵ-ਇਸਤ੍ਰੀਏ! ਬਾਹਰੁ = ਬਾਹਰਲਾ ਜਗਤ {ਨੋਟ: 'ਬਾਹਰਿ' ਅਤੇ 'ਬਾਹਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}।
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥
Apply the Fear of God as the maascara to adorn your eyes, and make the Love of the Lord your ornament.
(ਜੇ ਤੂੰ ਉਸ ਦਾ ਦੀਦਾਰ ਕਰਨਾ ਹੈ, ਤਾਂ ਆਪਣੀਆਂ ਗਿਆਨ ਦੀਆਂ) ਅੱਖਾਂ ਵਿਚ (ਪ੍ਰਭੂ ਦੇ) ਡਰ-ਅਦਬ (ਦੇ ਸੁਰਮੇ) ਦੀਆਂ ਸਲਾਈਆਂ ਪਾ, ਪ੍ਰਭੂ ਦੇ ਪਿਆਰ ਦਾ ਹਾਰ-ਸਿੰਗਾਰ ਕਰ। ਭਾਵ ਕਾ = ਪ੍ਰੇਮ ਦਾ। ਸਲਾਈ = ਸੁਰਮਚੂ ਜਿਸ ਨਾਲ ਅੱਖਾਂ ਵਿਚ ਸੁਰਮਾ ਪਾਈਦਾ ਹੈ।
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥
Then, you shall be known as a devoted and committed soul-bride, when you enshrine love for your Husband Lord. ||1||
ਜੀਵ-ਇਸਤ੍ਰੀ ਤਦੋਂ ਹੀ ਸੋਹਾਗ ਭਾਗ ਵਾਲੀ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸਮਝੀ ਜਾਂਦੀ ਹੈ, ਜਦੋਂ ਪ੍ਰਭੂ-ਪਤੀ ਉਸ ਨਾਲ ਪਿਆਰ ਕਰੇ ॥੧॥ ਲਾਗੀ = ਲੱਗੀ ਹੋਈ, ਜੁੜੀ ਹੋਈ ॥੧॥
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥
What can the silly young bride do, if she is not pleasing to her Husband Lord?
(ਪਰ) ਅੰਞਾਣ ਜੀਵ-ਇਸਤ੍ਰੀ ਭੀ ਕੀਹ ਕਰ ਸਕਦੀ ਹੈ ਜੇ ਉਹ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਚੰਗੀ ਹੀ ਨਾਹ ਲੱਗੇ? ਕਿਆ ਕਰੇ = ਕੀਹ ਕਰ ਸਕਦੀ ਹੈ? ਕੰਤ ਨ ਭਾਵੈ = ਕੰਤ ਨੂੰ ਚੰਗੀ ਨਾਹ ਲੱਗੇ।
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥
She may plead and implore so many times, but still, such a bride shall not obtain the Mansion of the Lord's Presence.
ਅਜੇਹੀ ਜੀਵ-ਇਸਤ੍ਰੀ ਭਾਵੇਂ ਕਿਤਨੇ ਹੀ ਤਰਲੇ ਪਈ ਕਰੇ, ਉਹ ਪਤੀ-ਪ੍ਰਭੂ ਦਾ ਮਹਲ-ਘਰ ਲੱਭ ਹੀ ਨਹੀਂ ਸਕਦੀ। ਕਰਣ ਪਲਾਹ = {करूणाप्रलाप} ਤਰਲੇ, ਕੀਰਨੇ। ਸਾਧਨ = ਜੀਵ-ਇਸਤ੍ਰੀ।
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥
Without the karma of good deeds, nothing is obtained, although she may run around frantically.
(ਅਸਲ ਗੱਲ ਇਹ ਹੈ ਕਿ) ਜੀਵ-ਇਸਤ੍ਰੀ ਭਾਵੇਂ ਕਿਤਨੀ ਹੀ ਦੌੜ-ਭੱਜ ਕਰੇ, ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੁਝ ਭੀ ਹਾਸਲ ਨਹੀਂ ਹੁੰਦਾ। ਕਰਮਾ = ਕਰਮ, ਬਖ਼ਸ਼ਸ਼। ਧਾਵੈ = ਦੌੜ-ਭੱਜ ਕਰੇ।
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥
She is intoxicated with greed, pride and egotism, and engrossed in Maya.
ਜੇ ਜੀਵ-ਇਸਤ੍ਰੀ ਜੀਭ ਦੇ ਚਸਕੇ ਲਾਲਚ ਤੇ ਅਹੰਕਾਰ (ਆਦਿਕ) ਵਿਚ ਹੀ ਮਸਤ ਰਹੇ, ਅਤੇ ਸਦਾ ਮਾਇਆ (ਦੇ ਮੋਹ) ਵਿਚ ਡੁੱਬੀ ਰਹੇ, ਮਾਤੀ = ਮੱਤੀ ਹੋਈ, ਮਸਤ।
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥
She cannot obtain her Husband Lord in these ways; the young bride is so foolish! ||2||
ਤਾਂ ਇਹਨੀਂ ਗੱਲੀਂ ਖਸਮ ਪ੍ਰਭੂ ਨਹੀਂ ਮਿਲਦਾ। ਉਹ ਜੀਵ-ਇਸਤ੍ਰੀ ਅੰਞਾਣ ਹੀ ਰਹੀ (ਜੋ ਵਿਕਾਰਾਂ ਵਿਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ-ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ) ॥੨॥ ਇਨੀ ਬਾਤੀ = ਇਹਨਾਂ ਗੱਲਾਂ ਨਾਲ। ਕਾਮਣਿ = ਇਸਤ੍ਰੀ ॥੨॥
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥
Go and ask the happy, pure soul-brides, how did they obtain their Husband Lord?
(ਜਿਨ੍ਹਾਂ ਨੂੰ ਪਤੀ-ਪ੍ਰਭੂ ਮਿਲ ਪਿਆ ਹੈ, ਬੇਸ਼ਕ) ਉਹਨਾਂ ਸੁਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿਹਨੀਂ ਗੱਲੀਂ ਖਸਮ-ਪ੍ਰਭੂ ਮਿਲਦਾ ਹੈ, ਵਾਹੈ = ਉਹਨਾਂ ਨੂੰ।
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
Whatever the Lord does, accept that as good; do away with your own cleverness and self-will.
(ਉਹ ਇਹੀ ਉੱਤਰ ਦੇਂਦੀਆਂ ਹਨ ਕਿ) ਚਲਾਕੀ ਤੇ ਧੱਕਾ ਛੱਡ ਦਿਉ, ਜੋ ਕੁਝ ਪ੍ਰਭੂ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ (ਸਿਰ ਮੱਥੇ ਤੇ) ਮੰਨੋ, ਹਿਕਮਤਿ = ਚਲਾਕੀ। ਹੁਕਮੁ = ਧੱਕਾ, ਵਧੀਕੀ, ਜੋਰਾਵਰੀ।
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥
By His Love, true wealth is obtained; link your consciousness to His lotus feet.
ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ-ਵਸਤ ਮਿਲਦੀ ਹੈ ਉਸ ਦੇ ਚਰਨਾਂ ਵਿਚ ਮਨ ਜੋੜੋ, ਜਾ ਕੈ ਪ੍ਰੇਮਿ = ਜਿਸ ਦੇ ਪ੍ਰੇਮ ਦੀ ਰਾਹੀਂ। ਤਉ = ਉਸ ਦੀ।
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
As your Husband Lord directs, so you must act; surrender your body and mind to Him, and apply this perfume to yourself.
ਖਸਮ-ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਰੋ, ਆਪਣਾ ਸਰੀਰ ਤੇ ਮਨ ਉਸ ਦੇ ਹਵਾਲੇ ਕਰੋ, ਬੱਸ! ਇਹ ਸੁਗੰਧੀ (ਜਿੰਦ ਵਾਸਤੇ) ਵਰਤੋ। ਮਨੋ = ਮਨੁ। ਪਰਮਲੁ = ਸੁਗੰਧੀ।
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥
So speaks the happy soul-bride, O sister; in this way, the Husband Lord is obtained. ||3||
ਸੋਹਾਗ ਭਾਗ ਵਾਲੀਆਂ ਇਹੀ ਆਖਦੀਆਂ ਹਨ ਕਿ ਹੇ ਭੈਣ! ਇਹਨੀਂ ਗੱਲੀਂ ਹੀ ਖਸਮ-ਪ੍ਰਭੂ ਮਿਲਦਾ ਹੈ ॥੩॥ ਏਵ = ਇਸ ਤਰ੍ਹਾਂ। ਕਹਹਿ = ਕਹਿੰਦੀਆਂ ਹਨ ॥੩॥
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
Give up your selfhood, and so obtain your Husband Lord; what other clever tricks are of any use?
ਖਸਮ-ਪ੍ਰਭੂ ਤਦੋਂ ਹੀ ਮਿਲਦਾ ਹੈ ਜਦੋਂ ਆਪਾ-ਭਾਵ ਦੂਰ ਕਰੀਏ। ਇਸ ਤੋਂ ਬਿਨਾ ਕੋਈ ਹੋਰ ਉੱਦਮ ਵਿਅਰਥ ਚਲਾਕੀ ਹੈ। ਆਪੁ = ਆਪਾ-ਭਾਵ। ਅਉਰੁ = ਕੋਈ ਹੋਰ ਉੱਦਮ। ਕੈਸੀ ਚਤੁਰਾਈ = ਵਿਅਰਥ ਚਲਾਕੀ।
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥
When the Husband Lord looks upon the soul-bride with His Gracious Glance, that day is historic - the bride obtains the nine treasures.
(ਜ਼ਿੰਦਗੀ ਦਾ) ਉਹ ਦਿਨ ਸਫਲ ਜਾਣੋ ਜਦੋਂ ਪਤੀ-ਪ੍ਰਭੂ ਮੇਹਰ ਦੀ ਨਿਹਾਗ ਨਾਲ ਤੱਕੇ, (ਜਿਸ) ਜੀਵ-ਇਸਤ੍ਰੀ (ਵਲ ਮੇਹਰ ਦੀ) ਨਿਗਾਹ ਕਰਦਾ ਹੈ ਉਹ ਮਾਨੋ ਨੌ ਖ਼ਜ਼ਾਨੇ ਲੱਭ ਲੈਂਦੀ ਹੈ। ਲੇਖੈ = ਲੇਖੇ ਵਿਚ, ਸਫਲ। ਨਉਨਿਧਿ = ਨੌ ਖ਼ਜ਼ਾਨੇ।
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
She who is loved by her Husband Lord, is the true soul-bride; O Nanak, she is the queen of all.
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਆਪਣੇ ਖਸਮ-ਪ੍ਰਭੂ ਨੂੰ ਪਿਆਰੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ (ਜਗਤ-) ਪਰਵਾਰ ਵਿਚ ਆਦਰ-ਮਾਣ ਪ੍ਰਾਪਤ ਕਰਦੀ ਹੈ। ਸਭਰਾਈ = ਭਰਾਵਾਂ ਵਾਲੀ, ਸਾਰੇ ਪਰਵਾਰ ਵਿਚ ਆਦਰ ਵਾਲੀ।
ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
Thus she is imbued with His Love, intoxicated with delight; day and night, she is absorbed in His Love.
ਜੇਹੜੀ ਪ੍ਰਭੂ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਅਡੋਲਤਾ ਵਿਚ ਮਸਤ ਰਹਿੰਦੀ ਹੈ, ਜੇਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿਚ ਮਗਨ ਰਹਿੰਦੀ ਹੈ, ਰੰਗਿ = ਰੰਗ ਵਿਚ। ਰਾਤੀ = ਰੱਤੀ ਹੋਈ, ਰੰਗੀ ਹੋਈ। ਅਹਿ = ਦਿਨ। ਨਿਸਿ = ਰਾਤ। ਭਾਇ = ਭਾਉ ਵਿਚ, ਪ੍ਰੇਮ ਵਿਚ।
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥
She is beautiful, glorious and brilliant; she is known as truly wise. ||4||2||4||
ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ॥੪॥੨॥੪॥ ਸੁੰਦਰਿ = ਸੁੰਦਰੀ, ਸੋਹਣੀ। ਸਾਈ = ਉਹੀ ਇਸਤ੍ਰੀ। ਸਰੂਪ = ਰੂਪ ਵਾਲੀ। ਬਿਚਖਣਿ = ਅਕਲ ਵਾਲੀ {विचक्षण = ਤੀਖਣ-ਬੁਧਿ}। ਸਾ = ਉਹ ਇਸਤ੍ਰੀ ॥੪॥੨॥੪॥