ਮਾਝ ਮਹਲਾ ੩ ॥
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥
The Divine Light of the Supreme Soul shines forth from the Guru.
ਗੁਰੂ ਪਾਸੋਂ ਹੀ ਮਨੁੱਖ ਨੂੰ ਇਹ ਚਾਨਣ ਹੋ ਸਕਦਾ ਹੈ ਕਿ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਕ ਹੈ। ਆਤਮ ਰਾਮ = ਸਭ ਆਤਮਾਵਾਂ ਵਿਚ ਵਿਆਪਕ ਪ੍ਰਭੂ। ਪਰਗਾਸੁ = ਚਾਨਣ, ਆਤਮਕ ਚਾਨਣ। ਆਤਮ ਰਾਮ ਪਰਗਾਸੁ = ਇਸ ਸੱਚਾਈ ਦੀ ਸੂਝ ਕਿ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਤੇ = ਤੋਂ, ਪਾਸੋਂ।
ਹਉਮੈ ਮੈਲੁ ਲਾਗੀ ਗੁਰਸਬਦੀ ਖੋਵੈ ॥
The filth stuck to the ego is removed through the Word of the Guru's Shabad.
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਮਨ ਨੂੰ) ਲੱਗੀ ਹੋਈ ਹਉਮੈ ਦੀ ਮੈਲ ਧੋ ਸਕਦਾ ਹੈ। ਖੋਵੈ = ਦੂਰ ਕਰਦਾ ਹੈ।
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥੧॥
One who is imbued with devotional worship to the Lord night and day becomes pure. Worshipping the Lord, He is obtained. ||1||
ਜਿਸ ਮਨੁੱਖ ਦਾ ਮਨ ਮਲ-ਰਹਿਤ ਹੋ ਜਾਂਦਾ ਹੈ ਉਹ ਪ੍ਰਭੂ ਦੀ ਭਗਤੀ ਵਿਚ ਰੰਗਿਆ ਜਾਂਦਾ ਹੈ, ਭਗਤੀ ਕਰ ਕਰ ਕੇ ਉਹ ਪਰਮਾਤਮਾ (ਦਾ ਮਿਲਾਪ) ਪ੍ਰਾਪਤ ਕਰ ਲੈਂਦਾ ਹੈ ॥੧॥ ਕਰੇ = ਕਰਿ, ਕਰ ਕੇ ॥੧॥
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥
I am a sacrifice, my soul is a sacrifice, to those who themselves worship the Lord, and inspire others to worship Him as well.
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜੇ ਆਪ ਪਰਮਾਤਮਾ ਦੀ ਭਗਤੀ ਕਰਦੇ ਹਨ ਤੇ ਹੋਰਨਾਂ ਪਾਸੋਂ ਭਗਤੀ ਕਰਾਂਦੇ ਹਨ। ਕਰਨਿ = ਕਰਦੇ ਹਨ।
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥
I humbly bow to those devotees who chant the Glorious Praises of the Lord, night and day. ||1||Pause||
ਇਹੋ ਜਿਹੇ ਭਗਤਾਂ ਅੱਗੇ ਸਦਾ ਸਿਰ ਨਿਵਾਣਾ ਚਾਹੀਦਾ ਹੈ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥ ਕਉ = ਨੂੰ। ਸਦ = ਸਦਾ। ਕੀਜੈ = ਕਰਨੀ ਚਾਹੀਦੀ ਹੈ। ਅਨਦਿਨੁ = ਹਰ ਰੋਜ਼ ॥੧॥ ਰਹਾਉ ॥
ਆਪੇ ਕਰਤਾ ਕਾਰਣੁ ਕਰਾਏ ॥
The Creator Lord Himself is the Doer of deeds.
ਕਰਤਾਰ ਆਪ ਹੀ (ਜੀਵਾਂ ਪਾਸੋਂ ਭਗਤੀ ਕਰਾਣ ਦਾ) ਸਬੱਬ ਪੈਦਾ ਕਰਦਾ ਹੈ। ਕਾਰਣੁ = (ਭਗਤੀ ਕਰਨ ਦਾ) ਸਬੱਬ।
ਜਿਤੁ ਭਾਵੈ ਤਿਤੁ ਕਾਰੈ ਲਾਏ ॥
As He pleases, He applies us to our tasks.
(ਕਿਉਂਕਿ) ਉਹ ਜੀਵਾਂ ਨੂੰ ਉਸ ਕੰਮ ਵਿਚ ਲਾਂਦਾ ਹੈ ਜਿਸ ਵਿਚ ਲਾਣਾ ਉਸ ਨੂੰ ਚੰਗਾ ਲੱਗਦਾ ਹੈ। ਜਿਤੁ ਕਾਰੈ = ਜਿਸ ਕਾਰ ਵਿਚ। ਤਿਤੁ = ਉਸ ਵਿਚ।
ਪੂਰੈ ਭਾਗਿ ਗੁਰ ਸੇਵਾ ਹੋਵੈ ਗੁਰ ਸੇਵਾ ਤੇ ਸੁਖੁ ਪਾਵਣਿਆ ॥੨॥
Through perfect destiny, we serve the Guru; serving the Guru, peace is found. ||2||
ਵੱਡੀ ਕਿਸਮਤਿ ਨਾਲ ਹੀ ਜੀਵ ਪਾਸੋਂ ਗੁਰੂ ਦਾ ਆਸਰਾ ਲਿਆ ਜਾ ਸਕਦਾ ਹੈ। ਗੁਰੂ ਦਾ ਆਸਰਾ ਲੈ ਕੇ (ਵਡ-ਭਾਗੀ) ਮਨੁੱਖ ਆਤਮਕ ਆਨੰਦ ਮਾਣਦਾ ਹੈ ॥੨॥
ਮਰਿ ਮਰਿ ਜੀਵੈ ਤਾ ਕਿਛੁ ਪਾਏ ॥
Those who die, and remain dead while yet alive, obtain it.
ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤੇ ਆਤਮਕ ਜੀਵਨ ਹਾਸਲ ਕਰਦਾ ਹੈ, ਤਦੋਂ ਉਹ ਪਰਮਾਤਮਾ ਦੀ ਭਗਤੀ ਦਾ ਕੁਝ ਆਨੰਦ ਮਾਣਦਾ ਹੈ। ਮਰਿ = (ਹਉਮੈ ਵਲੋਂ) ਮਾਰ ਕੇ। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਕਿਛੁ = (ਭਗਤੀ ਦਾ) ਕੁਝ (ਅਨੰਦ)।
ਗੁਰ ਪਰਸਾਦੀ ਹਰਿ ਮੰਨਿ ਵਸਾਏ ॥
By Guru's Grace, they enshrine the Lord within their minds.
(ਤਦੋਂ) ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਮੰਨਿ = ਮਨਿ, ਮਨ ਵਿਚ।
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥੩॥
Enshrining the Lord within their minds, they are liberated forever. With intuitive ease, they merge into the Lord. ||3||
ਜੇਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ, ਉਹ ਸਦਾ (ਹਉਮੈ ਆਦਿਕ ਵਿਕਾਰਾਂ ਤੋਂ) ਆਜ਼ਾਦ ਰਹਿਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿਂਦਾ ਹੈ ॥੩॥ ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ॥੩॥
ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥
They perform all sorts of rituals, but they do not obtain liberation through them.
(ਭਗਤੀ ਤੋਂ ਬਿਨਾ) ਜੇ ਮਨੁੱਖ ਅਨੇਕਾਂ ਹੋਰ (ਮਿਥੇ ਹੋਏ ਧਾਰਮਿਕ) ਕੰਮ ਕਰਦਾ ਹੈ (ਤਾਂ ਭੀ ਵਿਕਾਰਾਂ ਤੋਂ) ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ। ਮੁਕਤਿ = (ਹਉਮੈ ਤੋਂ) ਖ਼ਲਾਸੀ।
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥
They wander around the countryside, and in love with duality, they are ruined.
ਜੇ ਹੋਰ ਹੋਰ ਦੇਸਾਂ ਦਾ ਰਟਨ ਕਰਦਾ ਫਿਰੇ, ਤਾਂ ਭੀ ਮਾਇਆ ਦੇ ਮੋਹ ਵਿਚ ਰਹਿ ਕੇ ਕੁਰਾਹੇ ਹੀ ਪਿਆ ਰਹਿੰਦਾ ਹੈ। ਦੇਸੰਤਰੁ = ਹੋਰ ਹੋਰ ਦੇਸ {ਅੰਤਰੁ = ਹੋਰ}। ਖੁਆਏ = ਕੁਰਾਹੇ ਪਿਆ ਰਹਿੰਦਾ ਹੈ।
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥੪॥
The deceitful lose their lives in vain; without the Word of the Shabad, they obtain only misery. ||4||
(ਅਸਲ ਵਿਚ ਉਹ ਮਨੁੱਖ ਛਲ ਹੀ ਕਰਦਾ ਹੈ ਤੇ) ਛਲੀ ਮਨੁੱਖ ਆਪਣਾ ਮਨੁੱਖਾਂ ਜੀਵਨ ਵਿਅਰਥ ਗਵਾਂਦਾ ਹੈ, ਗੁਰੂ ਦੇ ਸ਼ਬਦ (ਦਾ ਆਸਰਾ ਲੈਣ) ਤੋਂ ਬਿਨਾ ਉਹ ਦੁੱਖ ਹੀ ਪਾਂਦਾ ਰਹਿਂਦਾ ਹੈ ॥੪॥ ਕਪਟੀ = ਛਲ ਕਰਨ ਵਾਲੇ ਨੇ ॥੪॥
ਧਾਵਤੁ ਰਾਖੈ ਠਾਕਿ ਰਹਾਏ ॥
Those who restrain their wandering mind, keeping it steady and stable,
ਜੇਹੜਾ ਮਨੁੱਖ (ਵਿਕਾਰਾਂ ਵਲ) ਦੌੜਦੇ ਮਨ ਦੀ ਰਾਖੀ ਕਰਦਾ ਹੈ (ਇਸ ਨੂੰ ਵਿਕਾਰਾਂ ਵਲੋਂ) ਰੋਕ ਕੇ ਰੱਖਦਾ ਹੈ, ਧਾਵਤੁ = (ਵਿਕਾਰਾਂ ਵਲ) ਦੌੜਦਾ ਮਨ। ਠਾਕਿ = (ਵਿਕਾਰਾਂ ਵਲੋਂ) ਰੋਕ ਕੇ।
ਗੁਰ ਪਰਸਾਦੀ ਪਰਮ ਪਦੁ ਪਾਏ ॥
obtain the supreme status, by Guru's Grace.
ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ।
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੫॥
The True Guru Himself unites us in Union with the Lord. Meeting the Beloved, peace is obtained. ||5||
ਗੁਰੂ ਆਪ ਹੀ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦਾ ਹੈ ॥੫॥ ਮੇਲਿ = ਪ੍ਰਭੂ ਦੇ ਮਿਲਾਪ ਵਿਚ, ਪ੍ਰਭੂ ਚਰਨਾਂ ਵਿਚ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ ॥੫॥
ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
Some are stuck in falsehood, and false are the rewards they receive.
ਕਈ ਜੀਵ ਐਸੇ ਹਨ ਜੋ ਨਾਸਵੰਤ ਜਗਤ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ, ਉਹ ਫਲ ਭੀ ਉਹੀ ਪ੍ਰਾਪਤ ਕਰਦੇ ਹਨ ਜਿਨ੍ਹਾਂ ਨਾਲੋਂ ਸਾਥ ਟੁੱਟ ਜਾਂਦਾ ਹੈ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਕੂੜਿ = ਕੂੜ ਵਿਚ, ਨਾਸਵੰਤ ਦੇ ਮੋਹ ਵਿਚ।
ਦੂਜੈ ਭਾਇ ਬਿਰਥਾ ਜਨਮੁ ਗਵਾਏ ॥
In love with duality, they waste away their lives in vain.
(ਤੇ ਇਸ ਤਰ੍ਹਾਂ ਸਦਾ) ਮਾਇਆ ਦੇ ਮੋਹ ਵਿਚ ਹੀ ਰਹਿ ਕੇ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
They drown themselves, and drown their entire family; speaking lies, they eat poison. ||6||
ਉਹ ਆਪ ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿੰਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਉਸ ਮੋਹ ਵਿਚ ਹੀ ਡੋਬੀ ਰੱਖਦੇ ਹਨ, ਉਹ ਸਦਾ ਮਾਇਆ ਦੇ ਮੋਹ ਦੀਆਂ ਹੀ ਗੱਲਾਂ ਕਰ ਕੇ ਉਸ ਜ਼ਹਰ ਨੂੰ ਆਪਣੀ ਆਤਮਕ ਖ਼ੁਰਾਕ ਬਣਾਈ ਰੱਖਦੇ ਹਨ (ਜੋ ਉਹਨਾਂ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੬॥ ਬੋਲਿ = ਬੋਲ ਕੇ। ਬਿਖੁ = ਜ਼ਹਰ ॥੬॥
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
How rare are those who, as Gurmukh, look within their bodies, into their minds.
(ਆਮ ਤੌਰ ਤੇ ਹਰੇਕ ਮਨੁੱਖ ਮਾਇਕ ਪਦਾਰਥਾਂ ਦੇ ਪਿੱਛੇ ਹੀ ਭਟਕਦਾ ਫਿਰਦਾ ਹੈ) ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਆਪਣੇ ਮਨ ਨੂੰ ਆਪਣੇ ਇਸ ਸਰੀਰ ਦੇ ਅੰਦਰ ਹੀ ਟਿਕਿਆ ਹੋਇਆ ਵੇਖਦਾ ਹੈ। ਕੋ = ਕੋਈ ਵਿਰਲਾ। ਗੁਰਮੁਖਿ = ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ।
ਭਾਇ ਭਗਤਿ ਜਾ ਹਉਮੈ ਸੋਖੈ ॥
Through loving devotion, their ego evaporates.
(ਪਰ ਇਹ ਤਦੋਂ ਹੀ ਹੁੰਦਾ ਹੈ) ਜਦੋਂ ਉਹ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਦੀ ਭਗਤੀ ਵਿਚ ਟਿਕ ਕੇ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ। ਭਾਇ = ਪ੍ਰੇਮ ਦੀ ਰਾਹੀਂ। ਜਾ = ਜਦੋਂ। ਸੋਖੈ = ਸੁਕਾਂਦਾ ਹੈ।
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
The Siddhas, the seekers and the silent sages continually, lovingly focus their consciousness, but they have not seen the mind within the body. ||7||
ਪੁੱਗੇ ਹੋਈ ਜੋਗੀ, ਜੋਗ-ਸਾਧਨ ਕਰਨ ਵਾਲੇ ਜੋਗੀ, ਮੋਨ-ਧਾਰੀ ਸਾਧੂ ਸੁਰਤ ਜੋੜਨ ਦੇ ਜਤਨ ਕਰਦੇ ਹਨ, ਪਰ ਉਹ ਭੀ ਆਪਣੇ ਮਨ ਨੂੰ ਸਰੀਰ ਦੇ ਅੰਦਰ ਟਿਕਿਆ ਹੋਇਆ ਨਹੀਂ ਵੇਖ ਸਕਦੇ ॥੭॥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮੋਨਿਧਾਰੀ = ਸਦਾ ਚੁਪ ਰਹਿਣ ਵਾਲੇ ਸਾਧੂ ॥੭॥
ਆਪਿ ਕਰਾਏ ਕਰਤਾ ਸੋਈ ॥
The Creator Himself inspires us to work;
(ਪਰ ਜੀਵਾਂ ਦੇ ਕੀਹ ਵੱਸ? ਮਨ ਨੂੰ ਕਾਬੂ ਕਰਨ ਦਾ ਤੇ ਭਗਤੀ ਵਿਚ ਜੁੜਨ ਦਾ ਉੱਦਮ) ਉਹ ਕਰਤਾਰ ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
ਹੋਰੁ ਕਿ ਕਰੇ ਕੀਤੈ ਕਿਆ ਹੋਈ ॥
what can anyone else do? What can be done by our doing?
(ਆਪਣੇ ਆਪ) ਕੋਈ ਜੀਵ ਕੀਹ ਕਰ ਸਕਦਾ ਹੈ? ਕਰਤਾਰ ਦੇ ਪੈਦਾ ਕੀਤੇ ਹੋਏ ਇਹ ਜੀਵ ਪਾਸੋਂ ਆਪਣੇ ਉੱਦਮ ਨਾਲ ਕੁੱਝ ਨਹੀਂ ਹੋ ਸਕਦਾ ਹੈ। ਕੀਤੇ = ਪੈਦਾ ਕੀਤੇ ਹੋਏ ਜੀਵ ਪਾਸੋਂ। ਕਿਆ = ਕੀਹ?
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
O Nanak, the Lord bestows His Name; we receive it, and enshrine it within the mind. ||8||23||24||
ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਹੀ ਨਾਮ ਸਿਮਰ ਸਕਦਾ ਹੈ , ਉਸ ਸਦਾ ਪ੍ਰਭੂ ਦੇ ਨਾਮ ਨੂੰ ਹੀ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੮॥੨੩॥੨੪॥ ਨਾਮੋ = ਨਾਮੁ ਹੀ, ਨਾਮ ਹੀ ॥੮॥