ਮਾਝ ਮਹਲਾ ੩ ॥
Maajh, Third Mehl:
ਮਾਝ ਤੀਜੀ ਪਾਤਸ਼ਾਹੀ।
ਇਸੁ ਗੁਫਾ ਮਹਿ ਅਖੁਟ ਭੰਡਾਰਾ ॥
Within this cave, there is an inexhaustible treasure.
(ਜੋਗੀ ਲੋਕ ਪਹਾੜਾਂ ਦੀਆਂ ਗੁਫ਼ਾਂ ਵਿਚ ਬੈਠ ਕੇ ਆਤਮਕ ਸ਼ਕਤੀਆਂ ਪ੍ਰਾਪਤ ਕਰਨ ਦੇ ਜਤਨ ਕਰਦੇ ਹਨ, ਪਰ) ਇਸ ਸਰੀਰ ਗੁਫ਼ਾ ਵਿਚ (ਆਤਮਕ ਗੁਣਾਂ ਦੇ ਇਤਨੇ) ਖ਼ਜ਼ਾਨੇ (ਭਰੇ ਹੋਏ ਹਨ ਜੋ) ਮੁੱਕਣ ਜੋਗੇ ਨਹੀਂ, ਅਖੁਟ = ਨਾਹ ਮੁੱਕਣ ਵਾਲੇ। ਭੰਡਾਰ = ਖ਼ਜ਼ਾਨੇ।
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
Within this cave, the Invisible and Infinite Lord abides.
(ਕਿਉਂਕਿ ਸਾਰੇ ਗੁਣਾਂ ਦਾ ਮਾਲਕ) ਅਦ੍ਰਿਸ਼ਟ ਅਤੇ ਬੇਅੰਤ ਹਰੀ ਇਸ ਸਰੀਰ ਵਿਚ ਹੀ ਵੱਸਦਾ ਹੈ। ਤਿਸੁ ਵਿਚਿ = ਇਸ ਸਰੀਰ-ਗੁਫ਼ਾ ਵਿਚ। ਅਲਖ = ਅਦ੍ਰਿਸ਼ਟ।
ਆਪੇ ਗੁਪਤੁ ਪਰਗਟੁ ਹੈ ਆਪੇ ਗੁਰਸਬਦੀ ਆਪੁ ਵੰਞਾਵਣਿਆ ॥੧॥
He Himself is hidden, and He Himself is revealed; through the Word of the Guru's Shabad, selfishness and conceit are eliminated. ||1||
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ ਲਿਆ ਹੈ ਉਹਨਾਂ ਨੂੰ ਦਿੱਸ ਪੈਂਦਾ ਹੈ ਕਿ ਉਹ ਪਰਮਾਤਮਾ ਆਪ ਹੀ ਹਰ ਥਾਂ ਵੱਸ ਰਿਹਾ ਹੈ, ਕਿਸੇ ਨੂੰ ਪਰਤੱਖ ਨਜ਼ਰੀ ਆ ਜਾਂਦਾ ਹੈ, ਕਿਸੇ ਨੂੰ ਲੁਕਿਆ ਹੋਇਆ ਹੀ ਪ੍ਰਤੀਤ ਹੁੰਦਾ ਹੈ ॥੧॥ ਆਪੁ = ਆਪਾ-ਭਾਵ ॥੧॥
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
I am a sacrifice, my soul is a sacrifice, to those who enshrine the Ambrosial Naam, the Name of the Lord, within their minds.
(ਹੇ ਭਾਈ!) ਮੈਂ ਉਹਨਾਂ ਤੋਂ ਸਦਾ ਸਦਕੇ ਤੇ ਕੁਰਬਾਨ ਜਾਂਦਾ ਹਾਂ ਜੇਹੜੇ ਆਤਮਕ ਜੀਵਨ ਦੇਣ ਵਾਲਾ ਹਰੀ ਨਾਮ ਆਪਣੇ ਮਨ ਵਿਚ ਵਸਾਂਦੇ ਹਨ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਮੰਨਿ = ਮਨਿ, ਮਨ ਵਿਚ।
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
The taste of the Ambrosial Naam is very sweet! Through the Guru's Teachings, drink in this Ambrosial Nectar. ||1||Pause||
ਆਤਮਕ ਜੀਵਨ ਦਾਤਾ ਹਰਿ ਨਾਮ ਬਹੁਤ ਰਸ ਵਾਲਾ ਤੇ ਮਿੱਠਾ ਹੈ। ਗੁਰੂ ਦੀ ਮਤਿ ਤੇ ਤੁਰਿਆਂ ਹੀ ਇਹ ਨਾਮ ਅੰਮ੍ਰਿਤ ਪੀਤਾ ਜਾ ਸਕਦਾ ਹੈ ॥੧॥ ਰਹਾਉ ॥ ਮਹਾ ਰਸੁ = ਵਡੇ ਰਸ ਵਾਲਾ ॥੧॥ ਰਹਾਉ ॥
ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
Subduing egotism, the rigid doors are opened.
ਜਿਸ ਮਨੁੱਖ ਨੇ (ਆਪਣੇ ਅੰਦਰੋਂ) ਹਉਮੈ ਮਾਰ ਕੇ (ਹਉਮੈ ਦੇ) ਕਰੜੇ ਭਿੱਤ ਖੋਹਲ ਲਏ ਹਨ, ਬਜਰ ਕਪਾਟ = ਕਰੜੇ ਭਿੱਤ।
ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
The Priceless Naam is obtained by Guru's Grace.
ਉਸ ਨੇ ਗੁਰੂ ਦੀ ਕਿਰਪਾ ਨਾਲ ਉਹ ਨਾਮ ਅੰਮ੍ਰਿਤ (ਅੰਦਰੋਂ ਹੀ) ਲੱਭ ਲਿਆ ਜੋ ਕਿਸੇ (ਦੁਨਿਆਵੀ ਪਦਾਰਥ ਦੇ ਵੱਟੇ) ਮੁੱਲ ਨਹੀਂ ਮਿਲਦਾ।
ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥
Without the Shabad, the Naam is not obtained. By Guru's Grace, it is implanted within the mind. ||2||
ਗੁਰੂ ਦੇ ਸ਼ਬਦ (ਵਿਚ ਜੁੜਨ) ਤੋਂ ਬਿਨਾ ਕੋਈ ਮਨੁੱਖ ਨਾਮ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ, ਗੁਰੂ ਦੀ ਕਿਰਪਾ ਨਾਲ ਹੀ (ਹਰਿ ਨਾਮ) ਮਨ ਵਿਚ ਵਸਾਇਆ ਜਾ ਸਕਦਾ ਹੈ ॥੨॥
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
The Guru has applied the true ointment of spiritual wisdom to my eyes.
ਜਿਸ ਮਨੁੱਖ ਨੇ ਗੁਰੂ ਤੋਂ ਗਿਆਨ ਦਾ ਸਦਾ-ਥਿਰ ਰਹਿਣ ਵਾਲਾ ਸੁਰਮਾ (ਆਪਣੀਆਂ ਆਤਮਕ) ਅੱਖਾਂ ਵਿਚ ਪਾਇਆ ਹੈ, ਅੰਜਨੁ = ਸੁਰਮਾ। ਸਚੁ = ਸਦਾ-ਥਿਰ ਰਹਿਣ ਵਾਲਾ।
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
Deep within, the Divine Light has dawned, and the darkness of ignorance has been dispelled.
ਉਸ ਦੇ ਅੰਦਰ (ਆਤਮਕ) ਚਾਨਣ ਹੋ ਗਿਆ ਹੈ, ਉਸ ਨੇ (ਆਪਣੇ ਅੰਦਰੋਂ) ਅਗਿਆਨ-ਹਨੇਰਾ ਦੂਰ ਕਰ ਲਿਆ ਹੈ।
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
My light has merged into the Light; my mind has surrendered, and I am blessed with Glory in the Court of the Lord. ||3||
ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਦਾ ਮਨ (ਪ੍ਰਭੂ ਦੀ ਯਾਦ ਵਿਚ) ਗਿੱਝ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਹਾਸਲ ਕਰਦਾ ਹੈ ॥੩॥ ਮਾਨਿਆ = ਪਤੀਜ ਗਿਆ, ਗਿੱਝ ਗਿਆ ॥੩॥
ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
Those who look outside the body, searching for the Lord,
(ਪਰ ਜੇ ਕੋਈ ਮਨੁੱਖ ਆਪਣੇ) ਸਰੀਰ ਤੋਂ ਬਾਹਰ (ਜੰਗਲ ਵਿੱਚ ਪਹਾੜਾਂ ਦੀਆਂ ਗੁਫ਼ਾਂ ਵਿੱਚ ਇਸ ਆਤਮਕ ਚਾਨਣ ਨੂੰ) ਲੱਭਣ ਜਾਂਦਾ ਹੈ, ਸਰੀਰਹੁ ਬਾਹਰਿ = ਸਰੀਰ ਤੋਂ ਬਾਹਰ (ਜੰਗਲਾਂ ਵਿਚ, ਪਹਾੜਾਂ ਦੀਆਂ ਗੁਫ਼ਾਂ ਵਿਚ)।
ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
Shall not receive the Naam; they shall instead be forced to suffer the terrible pains of slavery.
ਉਸ ਨੂੰ (ਇਹ ਆਤਮਕ ਚਾਨਣ ਦੇਣ ਵਾਲਾ) ਹਰਿ ਨਾਮ ਤਾ ਨਹੀਂ ਲੱਭਦਾ, ਉਹ (ਵਿਗਾਰ ਵਿਚ ਫਸੇ ਕਿਸੇ) ਵਿਗਾਰੀ ਵਾਂਗ ਦੁੱਖ ਹੀ ਪਾਂਦਾ ਹੈ।
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥
The blind, self-willed manmukhs do not understand; but when they return once again to their own home, then, as Gurmukh, they find the genuine article. ||4||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਮਝ ਨਹੀਂ ਪੈਂਦੀ। (ਜੰਗਲਾਂ ਪਹਾੜਾਂ ਵਿਚ ਖ਼ੁਆਰ ਹੋ ਹੋ ਕੇ) ਆਖ਼ਰ ਉਹ ਆ ਕੇ ਗੁਰੂ ਦੀ ਸ਼ਰਨ ਪੈ ਕੇ ਨਾਮ ਅੰਮ੍ਰਿਤ ਪ੍ਰਾਪਤ ਕਰਦਾ ਹੈ ॥੪॥ ਫਿਰਿ ਘਿਰਿ = ਆਖ਼ਰ ਥੱਕ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਵਥੁ = ਨਾਮ ਵਸਤ ॥੪॥
ਗੁਰ ਪਰਸਾਦੀ ਸਚਾ ਹਰਿ ਪਾਏ ॥
By Guru's Grace, the True Lord is found.
ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰਦਾ ਹੈ, ਸਚਾ = ਸੱਚਾ, ਸਦਾ-ਥਿਰ ਰਹਿਣ ਵਾਲਾ।
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
Within your mind and body, see the Lord, and the filth of egotism shall depart.
ਤਾ ਉਹ ਆਪਣੇ ਮਨ ਵਿਚ (ਹੀ) ਆਪਣੇ ਤਨ ਵਿਚ (ਹੀ) ਉਸ ਦਾ ਦਰਸਨ ਕਰ ਲੈਂਦਾ ਹੈ, ਤੇ ਉਸ ਦੇ ਅੰਦਰੋਂ ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ।
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥
Sitting in that place, sing the Glorious Praises of the Lord forever, and be absorbed in the True Word of the Shabad. ||5||
ਆਪਣੇ ਸੁੱਧ ਹੋਏ ਹਿਰਦੇ ਥਾਂ ਵਿਚ ਹੀ ਬੈਠ ਕੇ (ਭਟਕਣਾ ਰਹਿਤ ਹੋ ਕੇ) ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ॥੫॥ ਬੈਸਿ = ਬੈਠ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੫॥
ਨਉ ਦਰ ਠਾਕੇ ਧਾਵਤੁ ਰਹਾਏ ॥
Those who close off the nine gates, and restrain the wandering mind,
ਜਿਸ ਮਨੁੱਖ ਨੇ ਆਪਣੇ ਨੌ ਦਰਵਾਜ਼ਾ (ਨੌ ਗੋਲਕਾਂ) (ਵਿਕਾਰਾਂ ਦੇ ਪ੍ਰਭਾਵ ਵਾਲੇ ਪਾਸੇ ਵੱਲੋਂ) ਬੰਦ ਕਰ ਲਏ ਹਨ, ਜਿਸ ਨੇ (ਵਿਕਾਰਾਂ ਵਲ) ਦੌੜਦਾ ਆਪਣਾ ਮਨ ਕਾਬੂ ਕਰ ਲਿਆ ਹੈ, ਨਉ ਦਰ = ਨੌ ਗੋਲਕਾਂ। ਧਾਵਤੁ = ਭਟਕਦਾ ਮਨ। ਠਾਕੇ = ਵਰਜੇ।
ਦਸਵੈ ਨਿਜ ਘਰਿ ਵਾਸਾ ਪਾਏ ॥
come to dwell in the Home of the Tenth Gate.
ਉਸ ਨੇ ਆਪਣੇ ਚਿਤ ਆਕਾਸ਼ ਦੀ ਰਾਹੀਂ (ਆਪਣੀ ਉੱਚੀ ਹੋਈ ਸੁਰਤ ਦੀ ਰਾਹੀਂ) ਆਪਣੇ ਅਸਲ ਘਰ ਵਿਚ (ਪ੍ਰਭੂ ਚਰਨਾਂ ਵਿਚ) ਨਿਵਾਸ ਪ੍ਰਾਪਤ ਕਰ ਲਿਆ ਹੈ। ਦਸਵੈ = ਦਸਵੇਂ ਦਰ ਵਿਚ, ਚਿਦਾਕਾਸ਼ ਵਿਚ, ਦਿਮਾਗ਼ ਵਿਚ। ਨਿਜ ਘਰਿ = ਆਪਣੇ ਘਰ ਵਿਚ।
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥
There, the Unstruck Melody of the Shabad vibrates day and night. Through the Guru's Teachings, the Shabad is heard. ||6||
ਉਸ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਅੰਦਰ (ਹਿਰਦੇ ਵਿਚ) ਸਦਾ ਇਕ-ਰਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬੋਲ ਆਪਣਾ ਪ੍ਰਭਾਵ ਪਾਈ ਰੱਖਦੇ ਹਨ। ਉਹ ਦਿਨ ਰਾਤ ਗੁਰੂ ਦੀ ਮਤਿ ਤੇ ਤੁਰ ਕੇ ਸਿਫ਼ਤ-ਸਾਲਾਹ ਦੀ ਬਾਣੀ ਨੂੰ ਹੀ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ ॥੬॥ ਅਨਹਦ = {अनाहत} ਬਿਨਾ ਵਜਾਏ ਵੱਜਣ ਵਾਲੇ, ਇਕ ਰਸ ॥੬॥
ਬਿਨੁ ਸਬਦੈ ਅੰਤਰਿ ਆਨੇਰਾ ॥
Without the Shabad, there is only darkness within.
ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਬਣਿਆ ਰਹਿੰਦਾ ਹੈ,
ਨ ਵਸਤੁ ਲਹੈ ਨ ਚੂਕੈ ਫੇਰਾ ॥
The genuine article is not found, and the cycle of reincarnation does not end.
ਜਿਸ ਕਰਕੇ ਉਸ ਨੂੰ ਆਪਣੇ ਅੰਦਰੋਂ ਨਾਮ ਪਦਾਰਥ ਨਹੀਂ ਲੱਭਦਾ ਤੇ ਉਸ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ।
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥
The key is in the hands of the True Guru; no one else can open this door. By perfect destiny, He is met. ||7||
(ਮੋਹ ਦੇ ਬੱਜਰ ਕਵਾੜ ਖੋਹਲਣ ਲਈ) ਕੁੰਜੀ ਗੁਰੂ ਦੇ ਹੱਥ ਵਿਚ ਹੀ ਹੈ, ਕਿਸੇ ਹੋਰ ਵਸੀਲੇ ਨਾਲ ਉਹ ਦਰਵਾਜ਼ਾ ਨਹੀਂ ਖੁਲ੍ਹਦਾ। ਤੇ, ਗੁਰੂ ਭੀ ਵੱਡੀ ਕਿਸਮਤਿ ਨਾਲ ਹੀ ਮਿਲਦਾ ਹੈ ॥੭॥ ਹਥਿ = ਹੱਥ ਵਿਚ। ਹੋਰਤੁ = ਕਿਸੇ ਹੋਰ ਵਸੀਲੇ ਨਾਲ। ਦਰੁ = ਦਰਵਾਜ਼ਾ {ਲਫ਼ਜ਼ 'ਦਰ', ਦਰੁ' 'ਦਰਿ' ਦਾ ਫ਼ਰਕ ਚੇਤੇ ਰੱਖਣ ਜੋਗ ਹੈ} ॥੭॥
ਗੁਪਤੁ ਪਰਗਟੁ ਤੂੰ ਸਭਨੀ ਥਾਈ ॥
You are the hidden and the revealed in all places.
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ, (ਕਿਸੇ ਨੂੰ) ਪਰਤੱਖ (ਦਿੱਸ ਪੈਂਦਾ ਹੈਂ ਕਿਸੇ ਦੇ ਭਾ ਦਾ) ਲੁਕਿਆ ਹੋਇਆ ਹੈਂ।
ਗੁਰ ਪਰਸਾਦੀ ਮਿਲਿ ਸੋਝੀ ਪਾਈ ॥
Receiving Guru's Grace, this understanding is obtained.
(ਤੇਰੇ ਸਰਬ ਵਿਆਪਕ ਹੋਣ ਦੀ) ਸਮਝ ਗੁਰੂ ਦੀ ਕਿਰਪਾ ਨਾਲ (ਤੈਨੂੰ) ਮਿਲ ਕੇ ਹੁੰਦੀ ਹੈ। ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ।
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
O Nanak, praise the Naam forever; as Gurmukh, enshrine it within the mind. ||8||24||25||
ਹੇ ਨਾਨਕ! ਤੂੰ (ਗੁਰੂ ਦੀ ਸਰਨ ਪੈ ਕੇ) ਸਦਾ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੮॥੨੪॥੨੫॥