ਅਸੰਖ ਮੂਰਖ ਅੰਧ ਘੋਰ

Countless fools, blinded by ignorance.

(ਨਿਰੰਕਾਰ ਦੀ ਰਚੀ ਹੋਈ ਸ੍ਰਿਸ਼ਟੀ ਵਿਚ) ਅਨੇਕਾਂ ਹੀ ਮਹਾਂ ਮੂਰਖ ਹਨ, ਮੂਰਖ ਅੰਧ ਘੋਰ = ਪਰਲੇ ਦਰਜੇ ਦੇ ਮੂਰਖ, ਮਹਾਂ ਮੂਰਖ।

ਅਸੰਖ ਚੋਰ ਹਰਾਮਖੋਰ

Countless thieves and embezzlers.

ਅਨੇਕਾਂ ਹੀ ਚੋਰ ਹਨ, ਜੋ ਪਰਾਇਆ ਮਾਲ (ਚੁਰਾ ਚੁਰਾ ਕੇ) ਵਰਤ ਰਹੇ ਹਨ ਹਰਾਮਖੋਰ = ਪਰਾਇਆ ਮਾਲ ਖਾਣ ਵਾਲੇ।

ਅਸੰਖ ਅਮਰ ਕਰਿ ਜਾਹਿ ਜੋਰ

Countless impose their will by force.

ਅਤੇ ਅਨੇਕਾਂ ਹੀ ਇਹੋ ਜਿਹੇ ਮਨੁੱਖ ਹਨ, ਜੋ (ਦੂਜਿਆਂ ਉੱਤੇ) ਹੁਕਮ ਤੇ ਵਧੀਕੀਆਂ ਕਰ ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਅਮਰ = ਹੁਕਮ। ਜੋਰ = ਧੱਕੇ, ਵਧੀਕੀਆਂ।

ਅਸੰਖ ਗਲਵਢ ਹਤਿਆ ਕਮਾਹਿ

Countless cut-throats and ruthless killers.

ਅਨੇਕਾਂ ਹੀ ਖ਼ੂਨੀ ਮਨੁੱਖ ਲੋਕਾਂ ਦੇ ਗਲ ਵੱਢ ਰਹੇ ਹਨ ਗਲਵਢ = ਗਲ ਵੱਢਣ ਵਾਲੇ, ਕਾਤਲ, ਖ਼ੂਨੀ ਮਨੁੱਖ। ਹਤਿਆ ਕਮਾਹਿ = ਦੂਜਿਆਂ ਦੇ ਗਲ ਵੱਢਦੇ ਹਨ।

ਅਸੰਖ ਪਾਪੀ ਪਾਪੁ ਕਰਿ ਜਾਹਿ

Countless sinners who keep on sinning.

ਅਤੇ ਅਨੇਕਾਂ ਹੀ ਪਾਪੀ ਮਨੁੱਖ ਪਾਪ ਕਮਾ ਕੇ (ਆਖ਼ਰ) ਇਸ ਦੁਨੀਆ ਤੋਂ ਤੁਰ ਜਾਂਦੇ ਹਨ। ਕਰਿ ਜਾਹਿ = ਕਰ ਕੇ (ਅੰਤ ਨੂੰ ਇਸ ਸੰਸਾਰ ਤੋਂ) ਚਲੇ ਜਾਂਦੇ ਹਨ। ਪਾਪੁ ਕਰਿ ਜਾਹਿ = ਪਾਪ ਕਮਾ ਕੇ ਅੰਤ ਨੂੰ ਤੁਰ ਜਾਂਦੇ ਹਨ।

ਅਸੰਖ ਕੂੜਿਆਰ ਕੂੜੇ ਫਿਰਾਹਿ

Countless liars, wandering lost in their lies.

ਅਨੇਕਾਂ ਹੀ ਝੂਠ ਬੋਲਣ ਦੇ ਸੁਭਾਉ ਵਾਲੇ ਮਨੁੱਖ ਝੂਠ ਵਿਚ ਹੀ ਰੁੱਝੇ ਪਏ ਹਨ ਕੂੜਿਆਰ = ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜ ਦੇ ਟਿਕਾਣੇ ਬਣੇ ਪਏ ਹਨ, ਝੂਠ ਦੇ ਸੁਭਾਉ ਵਾਲੇ। ਕੂੜੇ = ਕੂੜ ਵਿਚ ਹੀ। ਫਿਰਾਹਿ = ਫਿਰਦੇ ਹਨ, ਪਰਵਿਰਤ ਹਨ, ਰੁੱਝੇ ਹੋਏ ਹਨ।

ਅਸੰਖ ਮਲੇਛ ਮਲੁ ਭਖਿ ਖਾਹਿ

Countless wretches, eating filth as their ration.

ਅਤੇ ਅਨੇਕਾਂ ਹੀ ਖੋਟੀ ਬੁੱਧੀ ਵਾਲੇ ਮਨੁੱਖ ਮਲ (ਭਾਵ, ਅਖਾਜ) ਹੀ ਖਾਈ ਜਾ ਰਹੇ ਹਨ। ਮਲੇਛ = ਮਲੀਨ ਮਤ ਵਾਲੇ, ਖੋਟੀ ਬੁੱਧ ਵਾਲੇ ਮਨੁੱਖ। ਖਾਹਿ = ਖਾਂਦੇ ਹਨ। ਭਖਿ ਖਾਹਿ = ਹਾਬੜਿਆਂ ਵਾਂਗ ਖਾਈ ਜਾਂਦੇ ਹਨ।('ਭਖ' ਅਤੇ 'ਖਾਹਿ' ਦੋਵੇਂ ਸੰਸਕ੍ਰਿਤ ਦੇ ਧਾਤੂ ਹਨ, ਦੋਹਾਂ ਦਾ ਅਰਥ ਹੈ 'ਖਾਣਾ'। ਤੀਜੀ ਪਉੜੀ ਵਿਚ ਭੀ ਇਕ ਇਹੋ ਜਿਹੀ 'ਖਾਹੀ ਖਾਹਿ' ਸੰਯੁਕਤ ਕ੍ਰਿਆ ਆ ਚੁਕੀ ਹੈ)।

ਅਸੰਖ ਨਿੰਦਕ ਸਿਰਿ ਕਰਹਿ ਭਾਰੁ

Countless slanderers, carrying the weight of their stupid mistakes on their heads.

ਅਨੇਕਾਂ ਹੀ ਨਿਦੰਕ (ਨਿੰਦਾ ਕਰ ਕੇ) ਆਪਣੇ ਸਿਰ ਉੱਤੇ (ਨਿੰਦਿਆ ਦਾ) ਭਾਰ ਚੁੱਕ ਰਹੇ ਹਨ। ਸਿਰਿ = ਆਪਣੇ ਸਿਰ ਉੱਤੇ। ਸਿਰਿ ਕਰਹਿ ਭਾਰੁ = ਆਪਣੇ ਸਿਰ ਉੱਤੇ ਭਾਰ ਚੁਕਦੇ ਹਨ।

ਨਾਨਕੁ ਨੀਚੁ ਕਹੈ ਵੀਚਾਰੁ

Nanak describes the state of the lowly.

(ਹੇ ਨਿਰੰਕਾਰ! ਅਨੇਕਾਂ ਹੋਰ ਜੀਵ ਕਈ ਹੋਰ ਕੁਕਰਮਾਂ ਵਿਚ ਫਸੇ ਹੋਣਗੇ, ਮੇਰੀ ਕੀਹ ਤਾਕਤ ਹੈ ਕਿ ਤੇਰੀ ਕੁਦਰਤਿ ਦੀ ਪੂਰਨ ਵਿਚਾਰ ਕਰ ਸਕਾਂ?ਨਾਨਕ ਵਿਚਾਰਾ (ਤਾਂ) ਇਹ (ਉਪਰਲੀ ਤੁੱਛ ਜਿਹੀ) ਵਿਚਾਰ ਪੇਸ਼ ਕਰਦਾ ਹੈ। ਨਾਨਕੁ ਨੀਚੁ = ਨੀਚ ਨਾਨਕ, ਨਾਨਕ ਵਿਚਾਰਾ, ਗਰੀਬ ਨਾਨਕ। ❀ 'ਨਾਨਕੁ ਨੀਚੁ' ਬਾਰੇ ਨੋਟ: ਇਸ ਤੁਕ ਵਿਚ ਸ਼ਬਦ 'ਨਾਨਕੁ' ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ 'ਨੀਚੁ' ਵਿਸ਼ਸ਼ੇਣ ਹੈ ਅਤੇ ਪੁਲਿੰਗ ਹੈ। ਉਂਝ ਭੀ ਸ਼ਬਦ 'ਨਾਨਕੁ' ਦੇ ਨਾਲ ਹੀ ਵਰਤਿਆ ਗਿਆ ਹੈ। ਸੋ 'ਨੀਚੁ' ਸ਼ਬਦ 'ਨਾਨਕੁ' ਦਾ ਵਿਸ਼ਸ਼ੇਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ 'ਨੀਚੁ' ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ, ਜਿਵੇਂ: (੧) ਮੈ ਕੀਤਾ ਨ ਜਾਤਾ ਹਰਾਮਖੋਰ। ਹਉ ਕਿਆ ਮੁਹੁ ਦੇਸਾ ਦੁਸਟੁ ਚੋਰ। ਨਾਨਕੁ ਨੀਚੁ ਕਹੈ ਬੀਚਾਰੁ। ਧਾਣਕ ਰੂਪਿ ਰਹਾ ਕਰਤਾਰ।੪।੨੯। (ਸਿਰੀ ਰਾਗ ਮਹਲਾ ੧)। (੨) ਜੁਗੁ ਜੁਗੁ ਸਾਚਾ ਹੈ ਭੀ ਹੋਸੀ। ਕਉਣੁ ਨ ਮੂਆ ਕਉਣੁ ਨ ਮਰਸੀ। ਨਾਨਕੁ ਨੀਚੁ ਕਹੈ ਬੇਨੰਤੀ, ਦਰਿ ਦੇਖਹੁ ਲਿਵ ਲਾਈ ਹੇ।੧੬।੨। (ਮਾਰੂ ਮਹਲਾ ੧, ਸੋਹਲੇ)। (੩) ਕਥਨੀ ਕਰਉ ਨ ਆਵੈ ਓਰੁ। ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ। ਦੁਖੁ ਸੁਖੁ ਭਾਣੈ ਤਿਸੈ ਰਜਾਇ। ਨਾਨਕੁ ਨੀਚੁ ਕਹੈ ਲਿਵ ਲਾਇ।੮।੪। (ਗਉੜੀ ਮਹਲਾ ੧)।

ਵਾਰਿਆ ਜਾਵਾ ਏਕ ਵਾਰ

I cannot even once be a sacrifice to You.

(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੇਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੈਂ ਤੇਰੀ ਬੇਅੰਤ ਕੁਦਰਤਿ ਦੀ ਪੂਰਨ ਵਿਚਾਰ ਕਰਨ ਜੋਗਾ ਨਹੀਂ ਹਾਂ)। ੧. "ਜਾਵਾ" ਦਾ ਉਚਾਰਨ ਨਾਸਕੀ ਨਹੀਂ। ਪੰਕਤੀ ਦਾ ਭਾਵ ਹੈ "ਹੇ ਪਰਮਾਤਮਾ, ਤੇਰਾ ਇਕ ਵਾਰ (ਵਾਲ) ਵੀ ਮੇਰੇ ਤੋਂ ਵਾਰਿਆ (ਕਥਿਆ) ਨਹੀਂ ਜਾ ਸਕਦਾ। "ਵਾਰ" ਦਾ ਔਂਕੜ ਇਸ ਕਰਕੇ ਉੱਡ ਗਿਆ ਹੈ ਕਿਉਂਕਿ ਇਸ ਦੇ ਅੱਗੇ "ਵੀ" ਗੁਪਤ ਹੈ। ੨. ਇਸ ਪੰਕਤੀ ਬਾਰੇ ਹੋਰ ਵਿਚਾਰ ਦੀ ਲੋੜ ਹੈ।

ਜੋ ਤੁਧੁ ਭਾਵੈ ਸਾਈ ਭਲੀ ਕਾਰ

Whatever pleases You is the only good done,

ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਹੀ ਰਹਿਣਾ ਠੀਕ ਹੈ। ਤੇਰੀ ਸਿਫ਼ਤ-ਸਾਲਾਹ ਕਰ ਕੇ ਅਸਾਂ ਜੀਵਾਂ ਲਈ ਇਹੀ ਭਲੀ ਗੱਲ ਹੈ ਕਿ ਤੇਰੀ ਰਜ਼ਾ ਵਿਚ ਰਹੀਏ)। ਸਾਈ ਦਾ ਉਚਾਰਨ ਸਾਂਈਂ ਨਹੀਂ ਕਰਨਾ। ਸਾਈ ਦਾ ਅਰਥ ਹੈ "ਉਹੀ" ਜਦਕਿ ਸਾਂਈਂ ਦਾ ਅਰਥ ਹੈ ਮਾਲਕ, ਸਵਾਮੀ, ਪਰਮਾਤਮਾ। ਇਸ ਸਾਰੀ ਪੰਕਤੀ ਦਾ ਅਰਥ ਹੈ - ਜੋ ਤੈਨੂੰ (ਹੇ ਪਰਮਾਤਮਾ) ਚੰਗੀ ਲਗੇ, ਉਹੀ ਕਾਰ (ਕੰਮ) ਭਲੀ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥੧੮॥

You, Eternal and Formless One. ||18||

ਹੇ ਨਿਰੰਕਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ॥੧੮॥